ਚੰਨੀ ਸਰਕਾਰ ਵੱਲੋਂ ਸਮੇਂ ਸਿਰ ਸਥਿਤੀ ਨਾ ਸੰਭਾਲਣ ਕਾਰਨ ਡੇਂਗੂ ਦਾ ਸ਼ਿਕਾਰ ਹੋਏ ਹਜ਼ਾਰਾਂ ਲੋਕ : ਡਾ. ਚੀਮਾ

By  Riya Bawa October 24th 2021 11:40 AM -- Updated: October 24th 2021 11:43 AM

ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਦੀ ਚਰਨਜੀਤ ਸਿੰਘ ਚੰਨੀ ਸਰਕਾਰ ਵੱਲੋਂ ਸਮੇਂ ਸਿਰ ਸਥਿਤੀ ਨਾ ਸੰਭਾਲਣ ਕਾਰਨ ਅੱਜ ਹਜ਼ਾਰਾਂ ਲੋਕ ਡੇਂਗੂ ਦਾ ਸ਼ਿਕਾਰ ਹੋ ਗਏ ਹਨ। ਉਹਨਾਂ ਕਿਹਾ ਕਿ ਸਿਰਫ 10 ਦਿਨਾਂ ਵਿਚ ਹੀ ਡੇਂਗੂ ਨੇ ਹਜ਼ਾਰਾਂ ਲੋਕਾਂ ਨੁੰ ਸ਼ਿਕਾਰ ਬਣਾਇਆ ਹੈ ਤੇ ਲੋਕ ਹਸਪਤਾਲਾਂ ਵਿਚ ਰੁਲ ਰਹੇ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ. ਚੀਮਾ ਨੇ ਕਿਹਾ ਕਿ ਪਿਛਲੇ 10 ਦਿਨਾਂ ਵਿਚ ਸੂਬੇ ਵਿਚ ਡੇਂਗੂ ਕੇਸਾਂ ਵਿਚ 90 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਭ ਤੋਂ ਵੱਧ ਕੇਸ ਮੁਹਾਲੀ, ਬਠਿੰਡਾ, ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਪਠਾਨਕੋਟ ਵਿਚ ਸਾਹਮਣੇ ਆਏ ਹਨ ਜਿਥੇ 6970 ਲੋਕ ਡੇਂਗੂ ਤੋਂ ਪੀੜਤ ਹੋ ਗਏ ਹਨ। ਉਹਨਾਂ ਦੱਸਿਆ ਕਿ 12 ਅਕਤੂਬਰ ਨੂੰ ਪੰਜਾਬ ਵਿਚ ਡੇਂਗੂ ਕੇਸਾਂ ਦੀ ਗਿਣਤੀ 5889 ਸੀ ਜੋ 21 ਅਕਤੂਬਰ ਨੂੰ ਵੱਧ ਕੇ 11129 'ਤੇ ਪਹੁੰਚ ਗਈ ਕਿਉਂਕਿ ਪੰਜਾਬ ਸਰਕਾਰ ਸਮੇਂ ਸਿਰ ਕਦਮ ਚੁੱਕਣ ਵਿਚ ਨਾਕਾਮ ਰਹੀ ਹੈ।

ਡਾ. ਚੀਮਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਰਦਾਰ ਦੀ ਨਲਾਇਕੀ ਕਾਰਨ ਕੋਰੋਨਾ ਦੀ ਮਾਰ ਪਈ ਤੇ ਹਜ਼ਾਰਾਂ ਲੋਕਾਂ ਨੇ ਜਾਨਾਂ ਗੁਆਈਆਂ ਤੇ ਹੁਣ ਚੰਨੀ ਸਰਕਾਰ ਦੀ ਅਣਗਹਿਲੀ ਲੋਕਾਂ ਨੂੰ ਭਾਰੂ ਪੈ ਰਹੀ ਹੈ। ਉਹਨਾਂ ਕਿਹਾ ਕਿ ਭਾਵੇਂ ਸਰਕਾਰੀ ਤੌਰ 'ਤੇ ਡੇਂਗੂ ਨਾਲ ਮੌਤਾਂ ਦੀ ਪੁਸ਼ਟੀ ਨਹੀਂ ਹੋਈ ਪਰ 22 ਅਜਿਹੀਆਂ ਮੌਤਾਂ ਹੋਈਆਂ ਹਨ ਜਿਹਨਾਂ ਦੇ ਡੇਂਗੂ ਕਾਰਨ ਮੌਤ ਹੋਣ ਦਾ ਸ਼ੱਕ ਹੈ। ਉਹਨਾਂ ਕਿਹਾ ਕਿ ਇਸ ਸਾਲ ਡੇਂਗੂ ਦਾ ਪਸਾਰ ਪਿਛਲੇ ਤਿੰਨ ਸਾਲਾਂ ਨਾਲੋਂ ਜ਼ਿਆਦਾ ਹੋਇਆ ਹੈ। ਉਹਨਾਂ ਦੱਸਿਆ ਕਿ 9 ਸ਼ੱਕੀ ਮੌਤਾਂ ਮਾਨਸਾ ਤੇ 3 ਲੁਧਿਆਣਾ ਜ਼ਿਲ੍ਹੇ ਵਿਚ ਹੋਈਆਂ ਦੱਸੀਆਂ ਜਾ ਰਹੀਆਂ ਹਨ।

ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਹਿਤਿਆਤ ਵਜੋਂ ਕਦਮ ਚੁੱਕੇ ਹੁੰਦੇ ਤਾਂ ਲੋਕਾਂ ਨੂੰ ਡੇਂਗੂ ਦੀ ਮਾਰ ਹੇਠ ਆਉਣ ਤੋਂ ਬਚਾਇਆ ਜਾ ਸਕਦਾ ਸੀ। ਉਹਨਾਂ ਕਿਹਾ ਕਿ ਹੋਰ ਸੂਬਿਆਂ ਦੀਆਂ ਸਰਕਾਰਾਂ ਲੋਕਾਂ ਵਿਚ ਡੇਂਗੂ ਪ੍ਰਤੀ ਜਾਗਰੂਕਤਾ ਲਿਆਉਣ ਲਈ ਕਰੋੜਾਂ ਰੁਪਏ ਖਰਚ ਕੇ ਇਸ਼ਤਿਹਾਰਬਾਜ਼ੀ ਕਰ ਰਹੀਆਂ ਹਨ ਜਦਕਿ ਪੰਜਾਬ ਵਿਚ ਚੰਨੀ ਸਰਕਾਰ ਗੁਲਾਬੀ ਸੁੰਡੀ ਦੇ ਪੀੜ੍ਹਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੇ ਝੂਠੇ ਇਸ਼ਤਿਹਾਰ ਦੇ ਰਹੀ ਹੈ ਜਦਕਿ ਕਿਸਾਨਾਂ ਨੁੰ ਇਕ ਧੇਲਾ ਵੀ ਨਹੀਂ ਦਿੱਤਾ ਗਿਆ ਤੇ ਕਰੋੜਾਂ ਰੁਪਏ ਇਸ਼ਤਿਹਾਰਾਂ 'ਤੇ ਲਗਾ ਦਿੱਤੇ ਹਨ।

Delhi sees rise in cases of dengue, viral fever

ਅਕਾਲੀ ਆਗੂ ਨੇ ਕਿਹਾ ਕਿ ਜਿਹੜੇ ਡੇਂਗੂ ਦੇ ਕੇਸ ਪੰਜਾਬ ਵਿਚ ਸਾਹਮਣੇ ਆਏ ਹਨ, ਉਹ ਅਜਿਹੇ ਕੇਸ ਹਨ ਜਿਹਨਾਂ ਦੀ ਪੁਸ਼ਟੀ ਹੋਈ ਹੈ ਪਰ ਅਜਿਹੇ ਹਜ਼ਾਰਾਂ ਹੋਰ ਮਾਮਲੇ ਹਨ ਜਿਹਨਾਂ ਵਿਚ ਲੋੜੀਂਦਾ ਐਲਿਜ਼ਾ ਟੈਸਟ ਨਹੀਂ ਕਰਵਾਇਆ ਗਿਆ ਤੇ ਦੇਸੀ ਡਾਕਟਰਾਂ ਤੋਂ ਦਵਾਈ ਲੈ ਕੇ ਲੋਕ ਬੁੱਤਾ ਸਾਰ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਪਣੇ ਰਿਕਾਰਡ ਮੁਤਾਬਕ 29307 ਸ਼ੱਕੀ ਕੇਸ ਹਨ ਜਿਹਨਾਂ ਵਿਚੋਂ 11129 ਦੀ ਪੁਸ਼ਟੀ ਹੋ ਗਈ ਹੈ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਨੂੰ ਤਰਜੀਹ ਦੇਣ ਅਤੇ ਤੁਰੰਤ ਫੋਗਿੰਗ ਕਰਨ ਸਮੇਤ ਹੋਰ ਕਦਮ ਚੁੱਕੇ ਜਾਣ ਤਾਂ ਜੋ ਇਸ ਬਿਮਾਰੀ ਨਾਲ ਕੀਮਤੀ ਜਾਨਾਂ ਗੁਆਉਣ ਤੋਂ ਬਚਾਅ ਹੋ ਸਕੇ।

-PTC News

Related Post