ਵਿੱਕਰੀ ਵਧਾਉਣ ਲਈ Dolo-650 ਨਿਰਮਾਤਾ ਡਾਕਟਰਾਂ ਨੂੰ ਵੰਡਦੇ ਸੀ ਮੁਫ਼ਤ ਤੋਹਫ਼ੇ

By  Jasmeet Singh August 19th 2022 06:56 PM

ਨਵੀਂ ਦਿੱਲੀ, 19 ਅਗਸਤ: ਉਹ ਕੰਪਨੀ ਜਿਸ ਨੇ ਕੋਰੋਨਾ ਮਹਾਂਮਾਰੀ ਦੌਰਾਨ ਅਰਬਾਂ ਦਾ ਮੁਨਾਫ਼ਾ ਕਮਾਇਆ। ਇਸ ਦੀ ਵਿੱਕਰੀ ਰਾਤੋ ਰਾਤ ਬਹੁਤ ਵਧ ਗਈ ਅਤੇ ਡਾਕਟਰ ਹਰ ਕਿਸੀ ਨੂੰ ਇਹ ਦਵਾਈ ਖਾਣ ਦੀ ਸਲਾਹ ਦੇ ਰਹੇ ਸਨ। ਪਰ ਹੁਣ ਇਹ ਦਵਾਈ ਕੰਪਨੀ ਮੁਸੀਬਤਾਂ ਵਿੱਚ ਪੈ ਗਈ ਹੈ। ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ (CBDT) ਨੇ ਡਰੱਗ ਨਿਰਮਾਤਾ ਕੰਪਨੀ ਡੋਲੋ-650 (Dolo-650) 'ਤੇ ਵੱਡਾ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਕੰਪਨੀ ਨੇ ਆਪਣੇ ਉਤਪਾਦਾਂ ਦੇ ਪ੍ਰਚਾਰ ਦੇ ਬਦਲੇ ਡਾਕਟਰਾਂ ਅਤੇ ਮੈਡੀਕਲ ਪੇਸ਼ੇਵਰਾਂ ਨੂੰ ਲਗਭਗ 1,000 ਕਰੋੜ ਰੁਪਏ ਦੇ ਮੁਫ਼ਤ ਤੋਹਫ਼ੇ (Freebies) ਵੰਡੇ ਹਨ।

ਵੀਰਵਾਰ ਨੂੰ ਹੋਈ ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਮੈਡੀਕਲ ਪ੍ਰਤੀਨਿਧਾਂ ਨੇ ਦੱਸਿਆ ਕਿ ਇਸ ਦਵਾਈ ਦੇ ਨਿਰਮਾਤਾਵਾਂ ਨੇ ਮਰੀਜ਼ਾ ਨੂੰ ਡੋਲੋ-650 (Dolo-650) ਦਵਾਈ ਲਿਖਣ ਲਈ ਡਾਕਟਰਾਂ ਨੂੰ 1000 ਕਰੋੜ ਰੁਪਏ ਤੋਂ ਵੱਧ ਦੇ ਤੋਹਫ਼ੇ ਵੰਡੇ (Freebies) ਹਨ। ਕੰਪਨੀ ਉਸ ਸਮੇਂ ਨਜ਼ਰਾਂ ਵਿੱਚ ਆਈ ਜਦੋਂ ਆਮਦਨ ਕਰ ਵਿਭਾਗ (Income Tax Dept) ਨੇ 6 ਜੁਲਾਈ ਨੂੰ 9 ਰਾਜਾਂ ਵਿੱਚ ਮਾਈਕ੍ਰੋ ਲੈਬਜ਼ ਲਿਮਟਿਡ (Micro Labs Limited) ਦੇ 36 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।

ਬੁੱਧਵਾਰ ਨੂੰ ਇੱਕ ਬਿਆਨ ਵਿੱਚ ਸੀ.ਬੀ.ਡੀ.ਟੀ. ਨੇ ਕਿਹਾ ਕਿ ਡਰੱਗ ਨਿਰਮਾਤਾ ਦੇ ਖ਼ਿਲਾਫ਼ ਕਾਰਵਾਈ ਤੋਂ ਬਾਅਦ ਵਿਭਾਗ ਨੇ 1.20 ਕਰੋੜ ਰੁਪਏ ਦੀ ਅਣਦੱਸੀ ਨਕਦੀ ਅਤੇ 1.40 ਕਰੋੜ ਰੁਪਏ ਦੇ ਸੋਨੇ ਤੇ ਹੀਰੇ ਦੇ ਗਹਿਣੇ ਵੀ ਜ਼ਬਤ ਕੀਤੇ ਹਨ। ਅਜੇ ਤੱਕ ਇਸ ਸਬੰਧ 'ਚ ਮਾਈਕ੍ਰੋ ਲੈਬਜ਼ (Micro Labs Limited) ਨੂੰ ਭੇਜੀ ਗਈ ਈ-ਮੇਲ ਦਾ ਕੋਈ ਜਵਾਬ ਨਹੀਂ ਦਿੱਤਾ ਹੈ।

ਦਲੀਲਾਂ ਸੁਣਨ ਤੋਂ ਬਾਅਦ ਬੈਂਚ ਨੇ ਕਿਹਾ ਕਿ 'ਇਹ ਗੰਭੀਰ ਮਾਮਲਾ ਹੈ। ਇਸ ਨੂੰ ਆਮ ਮੁਕੱਦਮੇ ਵਜੋਂ ਨਹੀਂ ਦੇਖਿਆ ਜਾ ਸਕਦਾ। ਅਸੀਂ ਯਕੀਨੀ ਤੌਰ 'ਤੇ ਮਾਮਲੇ ਦੀ ਸੁਣਵਾਈ ਕਰਾਂਗੇ। ਹੁਣ ਇਸ ਮਾਮਲੇ 'ਤੇ ਅਗਲੀ ਸੁਣਵਾਈ 10 ਦਿਨਾਂ ਬਾਅਦ ਹੋਵੇਗੀ।

ਡੋਲੋ ਕੰਪਨੀ (Dolo-650) ਖ਼ਿਲਾਫ਼ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿੱਚ ਦਵਾਈਆਂ ਬਣਾਉਣ ਅਤੇ ਦਵਾਈਆਂ ਦੀਆਂ ਕੀਮਤਾਂ 'ਤੇ ਕੰਟਰੋਲ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਸ ਜਨਹਿਤ ਪਟੀਸ਼ਨ 'ਤੇ ਇੱਕ ਹਫ਼ਤੇ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ।

-PTC News

Related Post