ਅੱਜ ਹੈ ਸਿੱਧੂ ਮੂਸੇਵਾਲਾ ਦੀ ਦੂਜੀ ਬਰਸੀ, ਪਿੰਡ 'ਚ ਨਹੀਂ ਹੋਵੇਗਾ ਵੱਡਾ ਸਮਾਗਮ
Sidhu Moosewala: 29 ਮਈ ਉਹ ਦਿਨ ਹੈ, ਦੋ ਸਾਲ ਪਹਿਲਾਂ ਦੁਨੀਆ ਭਰ ਵਿਚ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅੱਜ ਗਾਇਕ ਮੂਸੇਵਾਲਾ ਦੀ ਦੂਜੀ ਬਰਸੀ ਹੈ ਪਰ ਇਸ ਵਾਰ ਸਿੱਧੂ ਮੂਸੇਵਾਲਾ ਦੀ ਬਰਸੀ ਵੱਡੇ ਪੱਧਰ ਉਤੇ ਨਹੀਂ ਮਨਾਈ ਜਾਵੇਗੀ। ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਦੇ ਚੱਲਦੇ ਇਹ ਸਿਰਫ਼ ਪਰਿਵਾਰ ਤੱਕ ਹੀ ਸੀਮਤ ਰਹੇਗੀ।
ਬਲਕੌਰ ਸਿੰਘ ਦੇ ਪਰਿਵਾਰ ਨੇ ਕਿਹਾ ਕਿ ਜਦੋਂ ਤੱਕ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲਦੀ, ਉਦੋਂ ਤੱਕ ਇਨਸਾਫ ਲਈ ਸਾਡੀ ਲੜਾਈ ਜਾਰੀ ਰਹੇਗੀ। ਪਿਛਲੇ ਸਾਲ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਮਾਨਸਾ ਵਿਖੇ ਵਿਸ਼ਾਲ ਸਮਾਗਮ ਕਰਵਾਇਆ ਗਿਆ ਸੀ। ਇਸ ਮੌਕੇ ਭਾਰੀ ਇਕੱਠ ਹੋਇਆ ਸੀ। ਭੀੜ ਨੂੰ ਸੰਭਾਲਣਾ ਪੁਲਿਸ ਲਈ ਵੱਡੀ ਚੁਣੌਤੀ ਬਣ ਗਿਆ ਸੀ।
ਕੁਝ ਦਿਨ ਪਹਿਲਾਂ ਮਾਤਾ ਚਰਨ ਕੌਰ ਨੇ ਇੰਸਾਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰ ਲਿਖਿਆ, ਸ਼ੁੱਭ ਪੁੱਤ ਜਿਵੇਂ ਜਿਵੇ ਦਿਨਾ ਦੀ ਚਾਲ ਪੂਰੀ ਕਰਦਾ ਉਹ 29 ਮਈ ਦਾ ਕਾਲਾ ਦਿਨ ਆਉਣ ਵਾਲਾ ਏ, ਉਵੇਂ ਉਵੇਂ ਹੀ ਤੁਹਾਨੂੰ ਪਿਆਰ ਕਰਨ ਵਾਲੇ ਸਾਰੇ ਭੈਣ ਭਰਾ ਤੁਹਾਡੀ ਰੂਹ ਦੀ ਸ਼ਾਂਤੀ ਲਈ ਕਿੰਨੇ ਸਮਾਰੋਹ ਦੇਸ਼ ਵਿਦੇਸ਼ ਵਿੱਚ ਕਰਵਾ ਰਹੇ ਨੇ ਮੈਨੂੰ ਇਹ ਦੇਖ ਤੁਹਾਡੇ ਉੱਪਰ ਤੇ ਤੁਹਾਨੂੰ ਪਿਆਰ ਕਰਨ ਵਾਲੇ ਸਾਡੇ ਤਮਾਮ ਵੀਰਾਂ ਭੈਣਾਂ ਤੇ ਮਾਣ ਮਹਿਸੂਸ ਹੁੰਦਾ ਏ ਕਿ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਨੇ ਤੁਹਾਡੀ ਕਮੀ ਮਹਿਸੂਸ ਕਰਦਿਆਂ ਮੇਰੀਆਂ ਅੱਖਾਂ ਵਿੱਚੋਂ ਨਿਕਲਦੇ ਅੱਥਰੂ ਸ਼ੁਰੂਆਤ ਵਿੱਚ ਦੁੱਖ ਭਰੇ ਹੁੰਦੇ ਨੇ ਪਰ ਜਮੀ ਤੱਕ ਪਹੰਚਣ ਦੇ ਮਾਣ ਵਾਲੇ ਬਣ ਜਾਂਦੇ ਨੇ ਬੇਟਾ…
29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਪੰਜਾਬ ਦੇ ਮਾਨਸਾ ਵਿੱਚ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਦੋਸਤਾਂ ਨਾਲ ਥਾਰ ਵਿੱਚ ਕਿਤੇ ਜਾ ਰਹੇ ਸਨ। ਦੋ ਕਾਰਾਂ 'ਚ ਸਵਾਰ ਸ਼ੂਟਰਾਂ ਨੇ ਸਿੱਧੂ ਮੂਸੇਵਾਲਾ 'ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਸਨ। ਜਿਸ ਵਿੱਚ ਸਿੱਧੂ ਨੂੰ 19 ਗੋਲੀਆਂ ਲੱਗੀਆਂ ਅਤੇ ਉਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਸੀ। ਇਸ ਹਮਲੇ ਦਾ ਦੋਸ਼ੀ ਗੋਲਡੀ ਬਰਾੜ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਉਨ੍ਹਾਂ ਦੀ ਮੌਤ ਨਾਲ ਪੰਜਾਬੀ ਇੰਡਸਟਰੀ ਅਤੇ ਪੰਜਾਬ ਵਿੱਚ ਸ਼ੌਕ ਦੀ ਲਹਿਰ ਦੌੜ ਗਈ ਸੀ।
ਮਰਹੂਮ ਗਾਇਕ ਆਪਣੇ ਮਾਪਿਆਂ ਦੇ ਇਕਲੌਤੇ ਪੁੱਤਰ ਸਨ। ਸਿੱਧੂ ਦੇ ਮਾਪੇ ਅੱਜ ਵੀ ਆਪਣੇ ਪੁੱਤਰ ਦੀ ਮੌਤ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਕਾਫੀ ਸਰਗਰਮ ਹਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਕਲੇਪਣ ਨੂੰ ਦੂਰ ਕਰਨ ਲਈ ਵੱਡਾ ਫੈਸਲਾ ਲਿਆ। ਜਿਸ ਦੇ ਚੱਲਦੇ ਗਾਇਕ-ਰੈਪਰ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 17 ਮਾਰਚ ਨੂੰ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ। ਮੀਡੀਆ ਰਿਪੋਰਟਾਂ ਮੁਤਾਬਕ ਚਰਨ ਕੌਰ ਅਤੇ ਬਲਕੌਰ ਸਿੰਘ ਨੇ ਦੂਜੀ ਵਾਰ ਮਾਤਾ-ਪਿਤਾ ਬਣਨ ਲਈ ਆਈਵੀਐਫ ਤਕਨੀਕ ਦੀ ਚੋਣ ਕੀਤੀ ਸੀ।
ਸਿੱਧੂ ਮੂਸੇਵਾਲਾ ਨੇ 2022 ਦੀ ਪੰਜਾਬ ਵਿਧਾਨ ਸਭਾ ਦੀ ਚੋਣ ਇੰਡੀਅਨ ਨੈਸ਼ਨਲ ਕਾਂਗਰਸ (INC) ਰਾਜਨੀਤਿਕ ਪਾਰਟੀ ਤੋਂ ਲੜੀ ਸੀ, ਪਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ ਵਿਜੇ ਸਿੰਗਲਾ ਤੋਂ ਹਾਰ ਗਏ ਸਨ। ਉਸ ਸਮੇਂ ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ਨਾਮੇ ਵਿੱਚ ਆਪਣੀ ਕੁੱਲ ਜਾਇਦਾਦ ਦਾ ਵੇਰਵਾ ਦਿੱਤਾ ਸੀ। ਇਸ ਹਲਫਨਾਮੇ ਮੁਤਾਬਕ ਸਿੱਧੂ ਮੂਸੇਵਾਲਾ ਦੀ ਨੈੱਟਵਰਥ 7,87,21,381 ਰੁਪਏ ਸੀ।
- PTC NEWS