ਸਾਂਸਦ ਵਿਕਰਮਜੀਤ ਸਾਹਨੀ ਵੱਲੋਂ ਗੁਰੂ ਨਗਰੀ ਵਿੱਚ ਨੌਜਵਾਨਾਂ ਲਈ 1000 ਨੌਕਰੀਆਂ ਦਾ ਐਲਾਨ

By  Jasmeet Singh August 2nd 2022 08:18 AM

ਅੰਮ੍ਰਿਤਸਰ, 1 ਅਗਸਤ: ਪੰਜਾਬ ਤੋਂ ਨਵੇਂ ਚੁਣੇ ਗਏ ਰਾਜ ਸਭਾ ਸੰਸਦ ਮੈਂਬਰ, ਪਦਮ ਸ਼੍ਰੀ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਦੇ ਦੌਰੇ ਦੌਰਾਨ ਐਲਾਨ ਕੀਤਾ ਗਿਆ ਕਿ ਗੁਰੂ ਨਗਰੀ ਵਿੱਚ 1000 ਨੌਜਵਾਨਾਂ ਨੂੰ ਵੱਖ-ਵੱਖ ਖੇਤਰਾਂ ਵਿੱਚ ਨੌਕਰੀਆਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਇਹ ਨੌਕਰੀਆਂ ਆਈ.ਟੀ, ਹੈਲਥ ਕੇਅਰ, ਫੀਲਡ ਸੇਲਜ਼ ਐਗਜ਼ੀਕਿਊਟਿਵ, ਆਟੋ, ਇੰਜਨੀਅਰਿੰਗ ਆਦਿ ਵਿਚ ਪ੍ਰਦਾਨ ਹੋ ਰਹੀਆਂ ਹਨ। ਇਹਨਾਂ ਨੌਜਵਾਨਾਂ ਨੂੰ ਸਾਹਨੀ ਦੀ ਐਨਜੀਓ-ਸਨ ਫਾਊਂਡੇਸ਼ਨ ਦੁਆਰਾ ਅੰਮ੍ਰਤਿਸਰ 'ਚ ਚਲਾਏ ਜਾ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਸਿਖਲਾਈ ਦਿੱਤੀ ਗਈ ਹੈ।

ਸੰਸਦ ਮੈਂਬਰ ਸਾਹਨੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਪਲੇਸਮੈਂਟ ਪੱਤਰ ਅਗਸਤ ਵਿੱਚ ਕਿਸੇ ਸਮੇਂ ਅੰਮ੍ਰਿਤਸਰ ਵਿੱਚ ਨੌਜਵਾਨਾਂ ਨੂੰ ਸੌਂਪਣ ਦੀ ਬੇਨਤੀ ਕੀਤੀ ਹੈ। ਸਾਹਨੀ ਨੇ ਲੁਧਿਆਣਾ, ਜਲੰਧਰ ਅਤੇ ਸੰਗਰੂਰ ਵਿੱਚ ਹੋਰ ਵਿਸ਼ਵ ਪੱਧਰੀ ਹੁਨਰ ਵਿਕਾਸ ਕੇਂਦਰਾਂ ਦੀ ਸਥਾਪਨਾ ਦਾ ਐਲਾਨ ਵੀ ਕੀਤਾ ਹੈ। ਜਿਸ ਲਈ ਕੰਮ ਇੱਕ ਉੱਨਤ ਪੜਾਅ 'ਤੇ ਹੈ।

ਪੰਜਾਬੀ ਨੌਜਵਾਨਾਂ ਨੂੰ ਫਿਟਰ, ਸੀਐਨਸੀ ਆਪਰੇਟਰ, ਸੋਲਰ ਪੈਨਲ ਟੈਕਨੀਸ਼ੀਅਨ, ਏ/ਸੀ ਅਤੇ ਰੈਫ੍ਰਿਜਰੇਸ਼ਨ ਮਕੈਨਿਕ, ਇਲੈਕਟ੍ਰੀਸ਼ੀਅਨ, ਪੇਂਟਿੰਗ ਅਤੇ ਡੈਂਟਿੰਗ, ਖੇਤੀਬਾੜੀ ਰੁਜ਼ਗਾਰ ਟੈਕਨੀਸ਼ੀਅਨ, ਗ੍ਰਾਫਿਕ ਡਿਜ਼ਾਈਨਿੰਗ, ਡੇਅ ਹੈਲਥਕੇਅਰ ਵਰਕਰ, ਟੈਕਸਟਾਈਲ, ਫੁਲਕਾਰੀ, ਡਿਜ਼ਾਈਨਰ, ਡਾਟਾ ਐਂਟਰੀ ਆਪਰੇਟਰ ਅਤੇ ਕਈ ਹੋਰ ਕੋਰਸ ਦੇ 15 ਤੋਂ ਵੱਧ ਹੁਨਰਾਂ ਦੀ ਬਿਲਕੁਲ ਮੁਫਤ ਸਿਖਲਾਈ ਦਿੱਤੀ ਜਾਂਦੀ ਹੈ।

ਸਾਹਨੀ ਨੇ ਪੰਜਾਬ ਦੇ ਨਸ਼ਾ ਪੀੜਤ ਨੌਜਵਾਨਾਂ ਦੇ ਪੁਨਰਵਾਸ ਅਤੇ ਹੁਨਰਮੰਦ ਬਣਾਉਣ ਲਈ ਸਨ ਫਾਊਂਡੇਸ਼ਨ ਦੁਆਰਾ ਸਹਿਯੋਗੀ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ।

ਉਨ੍ਹਾਂ ਇੱਛਾ ਜ਼ਾਹਰ ਕੀਤੀ ਕਿ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਸਹਿਯੋਗ ਨਾਲ ਅਸੀਂ ਅੰਮ੍ਰਿਤਸਰ ਦੇ ਇਸ ਕੇਂਦਰ ਵਿੱਚ ਹੋਰ ਨੌਜਵਾਨਾਂ ਦਾ ਪੁਨਰਵਾਸ ਅਤੇ ਹੁਨਰਮੰਦ ਬਣਾਉਣ ਦੇ ਯੋਗ ਹੋਵਾਂਗੇ ਜਿੱਥੇ ਮੌਜੂਦਾ ਸਮੇਂ ਵਿੱਚ 100 ਨੌਜਵਾਨਾਂ ਦਾ ਪੁਨਰਵਾਸ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਹੁਨਰ ਪ੍ਰਦਾਨ ਕੀਤੇ ਜਾ ਰਹੇ ਹਨ।

-PTC News

Related Post