ਸ਼ਰਾਬ ਦੇ ਠੇਕੇ 'ਤੇ ਕੰਮ ਕਰਦੇ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਕੁੱਟਮਾਰ, ਹੋਈ ਮੌਤ

By  Jasmeet Singh August 14th 2022 09:03 PM

ਅੰਮ੍ਰਿਤਸਰ, 14 ਅਗਸਤ: ਸ਼ਰਾਬ ਦੀ ਤੈਅ ਕੀਮਤ ਤੋਂ ਵੱਧ ਪੈਸੇ ਮੰਗਣ ਨੂੰ ਲੈ ਕੇ ਹੋਏ ਝਗੜੇ 'ਚ ਠੇਕਾ ਮੁਲਾਜ਼ਮਾਂ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਜਿਸਤੋਂ ਬਾਅਦ ਨੌਜਵਾਨ ਦੀ ਮੌਤ ਹੋ ਗਈ।

ਮ੍ਰਿਤਕ ਦੀ ਪਛਾਣ ਅਰਵਿਨ ਕੁਮਾਰ (32) ਪੁੱਤਰ ਆਤਮ ਜਗਰੋਸ਼ਨ ਵਾਸੀ ਸੰਤ ਨਗਰ ਵੇਰਕਾ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਪਰਵੀਨ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 10 ਵਜੇ ਅਸੀਂ ਦੋਵੇਂ ਜੀਜਾ ਮੋਨੂੰ ਨਾਲ ਰੇਲਵੇ ਫਾਟਕ ਨੇੜੇ ਸਥਿਤ ਸ਼ਰਾਬ ਦੇ ਠੇਕੇ 'ਤੇ ਗਏ।

ਜਦੋਂ ਉਸਦੇ ਜੀਜਾ ਨੇ ਸ਼ਰਾਬ ਦੀ ਬੋਤਲ ਦਾ ਰੇਟ ਪੁੱਛਿਆ ਤਾਂ ਮੁਲਾਜ਼ਮ ਨੇ ਉਸ ਨੂੰ ਤੈਅ ਰੇਟ ਤੋਂ 50 ਰੁਪਏ ਵੱਧ ਦੱਸ ਦਿੱਤਾ, ਜਿਸ ਕਾਰਨ ਜੀਜਾ ਦੀ ਮੁਲਾਜ਼ਮਾਂ ਨਾਲ ਬਹਿਸ ਹੋ ਗਈ। ਇਸ ਦੌਰਾਨ ਉਕਤ ਮੁਲਾਜ਼ਮ ਠੇਕੇ ਤੋਂ ਬਾਹਰ ਆ ਗਏ ਅਤੇ ਜੀਜੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਜਦੋਂ ਅਰਵਿਨ ਅਤੇ ਪਰਵੀਨ ਨੇ ਆਪਣੇ ਜੀਜੇ ਨੂੰ ਛੁਡਾਉਣਾ ਚਾਹਿਆ ਤਾਂ ਸਾਰੇ ਠੇਕਾ ਕਰਮਚਾਰੀਆਂ ਨੇ ਬੋਤਲਾਂ ਅਤੇ ਬੇਸਬਾਲ ਬੈਟ ਨਾਲ ਹਮਲਾ ਕਰ ਦਿੱਤਾ। ਜਿਸ ਵਿੱਚ ਅਰਵਿਨ ਕੁਮਾਰ ਨੂੰ ਅੰਦਰੂਨੀ ਸੱਟਾਂ ਲੱਗੀਆਂ। ਉਸ ਦੀ ਸਿਹਤ ਵਿਗੜਨ 'ਤੇ ਉਸ ਨੂੰ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਐਤਵਾਰ ਸਵੇਰੇ ਉਸ ਦੀ ਮੌਤ ਹੋ ਗਈ।

ਥਾਣਾ ਵੇਰਕਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਅਰਵਿਨ ਕੁਮਾਰ ਦੀ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਇਨਸਾਫ਼ ਦਿਵਾਇਆ ਜਾਵੇ। ਥਾਣਾ ਸਦਰ ਦੇ ਇੰਚਾਰਜ ਕਿਰਨਦੀਪ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।

-PTC News

Related Post