ਮਾਮਲਾ ਪਹਿਲੇ ਪਾਤਸ਼ਾਹ ਜੀ ਬਾਰੇ ਅਪਸ਼ਬਦ ਬੋਲਣ ਦਾ, ਭਾਈ ਮਹਿਤਾ ਸਮੇਤ ਹੋਰਾਂ ਵੱਲੋਂ ਸੁੱਖੀ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ

SGPC

ਮਾਮਲਾ ਪਹਿਲੇ ਪਾਤਸ਼ਾਹ ਜੀ ਬਾਰੇ ਅਪਸ਼ਬਦ ਬੋਲਣ ਦਾ, ਭਾਈ ਮਹਿਤਾ ਸਮੇਤ ਹੋਰਾਂ ਵੱਲੋਂ ਸੁੱਖੀ ਰੰਧਾਵਾ ਖਿਲਾਫ ਕਾਰਵਾਈ ਦੀ ਮੰਗ,ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਜਗਤ ਗੁਰੂ, ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਮਜਾਕੀਆ ਸ਼ਬਦ ਬੋਲਣ ਅਤੇ ਗੁਰੂ ਸਾਹਿਬ ਦੀ ਤੁਲਨਾ ਕੈਪਟਨ ਅਮਰਿੰਦਰ ਸਿੰਘ ਨਾਲ ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ ਅਤੇ ਇਸ ਮਾਮਲੇ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਰੜੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਕੈਬਨਟ ਮੰਤਰੀ ਨੇ ਗੁਰੂ ਸਾਹਿਬ ਦੀ ਤੌਹੀਨ ਕਰਕੇ ਆਪਣੀ ਬੌਣੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ, ਜਿਸ ਨਾਲ ਉਸ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ।

ਹੋਰ ਪੜ੍ਹੋ: ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਮਰੀਕਾ ’ਚ ਸਿੱਖਾਂ ’ਤੇ ਹੁੰਦੇ ਨਸਲੀ ਹਮਲਿਆਂ ’ਤੇ ਪ੍ਰਗਟਾਈ ਚਿੰਤਾ

ਉਨ੍ਹਾਂ ਕਿਹਾ ਕਿ ਇਸ ਘਟੀਆ ਹਰਕਤ ਕਰਨ ਨਾਲ ਸਿੱਖ ਭਾਵਨਾਵਾਂ ਦੁਖੀਆਂ ਹਨ, ਇਸ ਲਈ ਅਜਿਹੇ ਸ਼ਖਸ ਦਾ ਸਮਾਜਿਕ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਕੂਮਤ ਦੇ ਨਸ਼ੇ ਵਿਚ ਸੁਖਜਿੰਦਰ ਸਿੰਘ ਰੰਧਾਵਾ ਦਾ ਦਿਮਾਗੀ ਤਵਾਜਨ ਹਿੱਲ ਗਿਆ ਹੈ ਅਤੇ ਅਜਿਹੇ ਵਿਅਕਤੀ ਨੂੰ ਸੂਬੇ ਦੇ ਜਿੰਮੇਵਾਰ ਅਹਿਦੇ ’ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ।

ਉਨ੍ਹਾਂ ਕਿਹਾ ਕਿ ਜੋ ਲੋਕ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤੋਪਾਂ ਟੈਂਕਾਂ ਨਾਲ ਹਮਲਾ ਕਰ ਸਕਦੇ ਹਨ ਉਨ੍ਹਾਂ ਤੋਂ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ।ਭਾਈ ਮਹਿਤਾ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੁਖਜਿੰਦਰ ਸਿੰਘ ਰੰਧਾਵਾ ਸਖ਼ਤ ਕਾਰਵਾਈ ਕਰਨ ਲਈ ਲਿਖਤੀ ਅਪੀਲ ਵੀ ਕਰਨਗੇ।

ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਭਿੱਟੇਵਡ ਅਤੇ ਅਮਰਜੀਤ ਸਿੰਘ ਬੰਡਾਲਾ ਨੇ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗਲਤ ਬੋਲਣ ’ਤੇ ਸੁਖਜਿੰਦਰ ਸਿੰਘ ਰੰਧਾਵਾ ਦੀ ਕਰੜੀ ਅਲੋਚਨਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਰੁੱਧ ਮਿਸਾਲੀ ਕਾਰਵਾਈ ਹੋਵੇ ਅਤੇ ਇਸ ਨੂੰ ਸਾਰੇ ਅਹੁਦਿਆਂ ਤੋਂ ਤੁਰੰਤ ਬਰਖ਼ਾਸਤ ਕੀਤਾ ਜਾਵੇ।

-PTC News