ਕੋਵਿਡ 19 – “ਸੈੱਲਫ਼- ਆਈਸੋਲੇਸ਼ਨ” ‘ਤੇ ਹੋ ਤਾਂ ਘਬਰਾਉਣਾ ਕਿਉਂ? ਸਮੇਂ ਨੂੰ ਕਰੋ ਇੰਝ ਬਤੀਤ!

https://www.ptcnews.tv/wp-content/uploads/2020/03/b0d2e449-87ce-4629-b5ae-406ad8e65e14.jpg

ਕੋਰੋਨਾ ਵਾਇਰਸ ਕਰਕੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਸੰਬੰਧੀ ਅਹਿਮ ਫ਼ੈਸਲੇ ਲੈ ਰਹੀਆਂ ਹਨ ਅਤੇ ਕਰੜੇ ਪ੍ਰਬੰਧ ਕਰਨ ‘ਚ ਜੁਟੀਆਂ ਹੋਈਆਂ ਹਨ । ਕਨੇਡਾ , ਅਮਰੀਕਾ , ਆਸਟ੍ਰੇਲੀਆ, ਇਟਲੀ ਅਤੇ ਭਾਰਤ ਸਮੇਤ ਜਿੰਨ੍ਹਾਂ ਵੀ ਦੇਸ਼ਾਂ ‘ਚ ਕਰੋਨਾ ਦਸਤਕ ਦੇ ਚੁੱਕਾ ਹੈ ਉੱਥੋਂ ਦੀਆਂ ਸਰਕਾਰਾਂ ਚੁਕੰਨੀਆਂ ਹੋ ਚੁੱਕੀਆਂ ਹਨ ਅਤੇ ਸਭ ਨੇ ਆਪਣੀ ਕਮਰ ਕੱਸ ਲਈ ਹੈ ।

ਤਕਰੀਬਨ ਇਹਨਾਂ ਸਾਰੇ ਹੀ ਦੇਸ਼ਾਂ ਦੇ ਨਾਗਰਿਕਾਂ ਨੂੰ ਘਰ ‘ਚ ਹੀ ਰਹਿਣ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਕਰੋਨਾ ਵਾਇਰਸ ਦੀ ਲਪੇਟ ‘ਚ ਨਾ ਆ ਸਕਣ । ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਮੁੱਖ ਰੱਖ ਕੇ ਰਾਤ-ਦਿਨ ਸਰਕਾਰਾਂ ਹਰ ਪ੍ਰਬੰਧ ਦਾ ਜਾਇਜ਼ਾ ਲੈ ਰਹੀਆਂ ਹਨ ।

ਇਸ ਸਮੇਂ ‘ਚ ਜੋ ਵੀ ਸਾਵਧਾਨੀ ਵਜੋਂ ਆਪਣੇ ਆਪ ਨੂੰ ਘਰ ਦੇ ਅੰਦਰ ਬੰਦ ( ਕੁਆਰੰਟੀਨ) ਕਰ ਰਹੇ ਹਨ ਜਾਂ ਜੋ ਘਰ ਤੋਂ ਹੀ ਦਫ਼ਤਰੀ ਕੰਮ ਕਾਜ ਨੂੰ ਸੰਭਾਲ ਰਹੇ ਹਨ ਉਹਨਾਂ ਲਈ ਇਹ ਸਮਾਂ ਕੁਝ ਚੁਣੌਤੀਆਂ ਭਰਪੂਰ ਵੀ ਹੋਵੇਗਾ । ਇਸ ਦੇ ਨਾਲ ਹੀ ਸੈਲਫ਼- ਆਈਸੋਲੇਸ਼ਨ ‘ਤੇ ਗਏ ਲੋਕਾਂ ਨੂੰ ਇਸ ਸਮੇਂ ਦੌਰਾਨ ਸਵੈ-ਪੜਚੋਲ ਤੋਂ ਲੈ ਕੇ ਕੁਝ ਨਵਾਂ ਸਿੱਖਣ ਅਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਵਕਤ ਮਿਲੇਗਾ । ਸੋ ਇਸ ਸਮੇਂ ‘ਚ ਕੋਰੋਨਾ ਵਾਇਰਸ ਨੂੰ ਆਪਣੇ ਆਪ ‘ਤੇ ਹਾਵੀ ਨਾ ਹੋਣ ਦਿਓ ਬਲਕਿ ਘਰ ‘ਚ ਰਹਿ ਕੇ ਹੀ ਕੁਝ ਨਵਾਂ ਸਿੱਖੋ ਅਤੇ ਆਪਣੇ ਪਰਿਵਾਰ ਨਾਲ ਕੁਆਲਿਟੀ (ਵਧੀਆ) ਸਮਾਂ ਬਤੀਤ ਕਰੋ । ਇਸ ਸਮੇਂ ਨੂੰ ਤੁਸੀਂ ਇੰਝ ਵੀ ਬਤੀਤ ਕਰ ਸਕਦੇ ਹੋ :-

1. ਕਿਤਾਬਾਂ ਮਨੁੱਖ ਦੀਆਂ ਬਿਹਤਰੀਨ ਸਾਥੀ ਹੁੰਦੀਆਂ ਹਨ , ਇਸ ਲਈ ਸੈਲਫ਼- ਆਈਸੋਲੇਸ਼ਨ ਦੇ ਸਮੇਂ ਦੌਰਾਨ ਚੰਗੀਆਂ ਕਿਤਾਬਾਂ ਪੜੋ ਅਤੇ ਆਪਣੀ ਜਾਣਕਾਰੀ ‘ਚ ਵਾਧਾ ਕਰੋ ।

 

2. ਤੁਹਾਡੀ ਜਿਸ ਕੰਮ ‘ਚ ਰੁਚੀ ਹੈ ਉਸ ਕੰਮ ‘ਚ ਹੋਰ ਮੁਹਾਰਤ ਹਾਸਿਲ ਕਰਨ ਲਈ ਤੁਸੀਂ ਉਸਦਾ ਅਭਿਆਸ ਕਰ ਸਕਦੇ ਹੋ , ਉਦਾਹਰਣ ਵਜੋਂ ਜੇ ਤੁਸੀਂ ਪੇਂਟਿੰਗ ਕਰਦੇ ਹੋ ਜਾਂ ਫਿਰ ਗਾਉਣ ਦਾ ਸ਼ੌਂਕ ਰੱਖਦੇ ਹੋ ਤਾਂ ਘਰ ਦੇ ਅੰਦਰ ਰਹਿ ਕੇ ਹੀ ਤੁਸੀਂ ਆਪਣਾ ਅਭਿਆਸ ਕਰ ਸਕਦੇ ਹੋ ।


3. ਜੇਕਰ ਤੁਹਾਡੇ ਪਰਿਵਾਰ ਦਾ ਕੋਈ ਜੀਅ ਕੁਝ ਸਿੱਖਣਾ ਚਾਹੁੰਦਾ ਹੈ ਤਾਂ ਤੁਸੀਂ ਉਸਦੀ ਮਦਦ ਕਰ ਸਕਦੇ ਹੋ , ਇਸ ਨਾਲ ਤੁਹਾਨੂੰ ਖੁਸ਼ੀ ਵੀ ਮਿਲੇਗੀ ।

4. ਮੈਡੀਟੇਸ਼ਨ ਖੁਦ ਨੂੰ ਤਣਾਅ-ਮੁਕਤ ਰੱਖਣ ਦਾ ਸਭ ਤੋਂ ਅਸਰਦਾਰ ਤਰੀਕਾ ਹੈ , ਜੇ ਤੁਸੀ ਖੁਦ ਨੂੰ ਤਣਾਅ ‘ਚ ਮਹਿਸੂਸ ਕਰੋ ਤਾਂ ਮੈਡੀਟੇਸ਼ਨ ਤੁਹਾਡੇ ਲਈ ਬਹੁਤ ਵਧੀਆ ਰਹੇਗੀ ।

5. ਚੰਗੀਆਂ ਅਤੇ ਆਪਣੀ ਪਸੰਦ ਦੀਆਂ ਮੂਵੀਜ਼ ਦੇਖ ਸਕਦੇ ਹੋ , ਇਸ ਨਾਲ ਤੁਹਾਡਾ ਸਮਾਂ ਵਧੀਆ ਬੀਤੇਗਾ ।

 

6. ਆਪਣੇ ਦਫ਼ਤਰੀ ਕੰਮ-ਕਾਜ ‘ਚ ਹੋਰ ਨਿਪੁੰਨਤਾ ਹਾਸਿਲ ਕਰਨ ਲਈ ਇਸਤੇ ਕੰਮ ਕਰ ਸਕਦੇ ਹੋ ।

7. ਜੇ ਤੁਸੀਂ ਕੁਕਿੰਗ ਦੇ ਸ਼ੌਕੀਨ ਹੋ ਤਾਂ ਨਵੇਂ ਖਾਣਿਆਂ ਦੇ ਤਜ਼ਰਬੇ ਹਾਸਿਲ ਕਰ ਸਕਦੇ ਹੋ ।

8. ਜੇਕਰ ਤੁਸੀਂ ਵਿਆਹੇ ਹੋ ਅਤੇ ਤੁਹਾਡੇ ਬੱਚੇ ਹਨ ਤਾਂ ਉਹਨਾਂ ਦੀ ਪੜ੍ਹਾਈ ਪ੍ਰਤੀ ਵਧੇਰੇ ਧਿਆਨ ਦੇ ਸਕਦੇ ਹੋ ।

ਇਹ ਸਮਾਂ ਜੇਕਰ ਪੈਨਿਕ ਨਾ ਹੋ ਕੇ ਸੁਲਝੇ ਤਰੀਕੇ ਨਾਲ ਹੰਢਾਇਆ ਜਾਵੇ ਤਾਂ ਯਕੀਨਨ ਤੁਸੀਂ ਖੁਦ ਨੂੰ ਬਿਹਤਰ ਮਹਿਸੂਸ ਕਰੋਗੇ ।