Wed, Dec 24, 2025
Whatsapp

ਕੈਪਟਨ ਵੱਲੋਂ ਕੌਮਾਂਤਰੀ ਯੁਵਕ ਦਿਵਸ ਮੌਕੇ ਪੇਂਡੂ ਤੇ ਸ਼ਹਿਰੀ ਕੋਰੋਨਾ ਵਲੰਟੀਅਰਾਂ ਨੂੰ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ

Reported by:  PTC News Desk  Edited by:  Jashan A -- August 12th 2021 06:14 PM
ਕੈਪਟਨ ਵੱਲੋਂ ਕੌਮਾਂਤਰੀ ਯੁਵਕ ਦਿਵਸ ਮੌਕੇ ਪੇਂਡੂ ਤੇ ਸ਼ਹਿਰੀ ਕੋਰੋਨਾ ਵਲੰਟੀਅਰਾਂ ਨੂੰ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ

ਕੈਪਟਨ ਵੱਲੋਂ ਕੌਮਾਂਤਰੀ ਯੁਵਕ ਦਿਵਸ ਮੌਕੇ ਪੇਂਡੂ ਤੇ ਸ਼ਹਿਰੀ ਕੋਰੋਨਾ ਵਲੰਟੀਅਰਾਂ ਨੂੰ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ‘ਕੌਮਾਂਤਰੀ ਯੁਵਕ ਦਿਵਸ’ ਮੌਕੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਕੋਰੋਨਾ ਵਲੰਟੀਅਰਾਂ ਨੂੰ ਖੇਡ ਕਿੱਟਾਂ ਵੰਡਣ ਦੀ ਸ਼ੁਰੂਆਤ ਕੀਤੀ ਜਿਨਾਂ ਨੇ ਇਸ ਮਹਾਂਮਾਰੀ ਦੀ ਦੂਜੀ ਲਹਿਰ ਖਿਲਾਫ ਸੂਬਾ ਸਰਕਾਰ ਵੱਲੋਂ ਵਿੱਢੀ ਜੰਗ ਵਿੱਚ ਬੇਹੱਦ ਅਹਿਮ ਯੋਗਦਾਨ ਪਾਇਆ। ਇਸ ਉੱਦਮ ਦੀ ਅੰਸ਼ਿਕ ਸ਼ੁਰੂਆਤ ਕਰਦੇ ਹੋਏ ਮੁੱਖ ਮੰਤਰੀ ਨੇ ਆਪਣੇ ਸਰਕਾਰੀ ਨਿਵਾਸ ਸਥਾਨ ’ਤੇ ਨਿੱਜੀ ਤੌਰ ’ਤੇ 10 ਵਲੰਟੀਅਰਾਂ ਨੂੰ ਖੇਡ ਕਿੱਟਾਂ ਦੀ ਵੰਡ ਕੀਤੀ। ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਉਨਾਂ ਵੱਲੋਂ ਕੋਰੋਨਾ ਵਾਇਰਸ ਦੇ ਹੋਰ ਫੈਲਾਅ ਨੂੰ ਰੋਕਣ ਲਈ ਲੋਕਾਂ ਵਿੱਚ ਸਿਹਤ ਸਬੰਧੀ ਪ੍ਰੋਟੋਕਾਲਾਂ ਅਤੇ ਟੀਕਾਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਹਿੱਤ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ। ਸੂਬੇ ਵਿੱਚ ਕੋਵਿਡ ਕਰਕੇ 16000 ਮੌਤਾਂ ’ਤੇ ਅਫਸੋਸ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਨੌਜਵਾਨਾਂ ਵੱਲੋਂ ਵੱਡੀ ਪੱਧਰ ’ਤੇ ਖਾਸ ਤੌਰ ’ਤੇ ਦੂਜੀ ਲਹਿਰ ਦੌਰਾਨ ਲੋਕਾਂ ਨੂੰ ਤੁਰੰਤ ਇਲਾਜ ਕਰਵਾਉਣ ਅਤੇ ਟੀਕਾਕਰਨ ਲਈ ਪ੍ਰੇਰਿਤ ਨਾ ਕੀਤਾ ਜਾਂਦਾ ਤਾਂ ਇਹ ਗਿਣਤੀ ਵੱਧ ਵੀ ਹੋ ਸਕਦੀ ਸੀ। ਮੁੱਖ ਮੰਤਰੀ ਨੇ ਇਨਾਂ ਵਲੰਟੀਅਰਾਂ ਨੂੰ ਅਮਰੀਕਾ ਵਰਗੇ ਦੇਸ਼ਾਂ ਅਤੇ ਕਈ ਸੂਬਿਆਂ ਵਿੱਚ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਤੀਜੀ ਲਹਿਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਲੋਕ ਜਾਗਰੂਕਤਾ ਮੁਹਿੰਮ ਜਾਰੀ ਰੱਖਣ ਲਈ ਵੀ ਕਿਹਾ। ਹੋਰ ਪੜ੍ਹੋ: ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਬਣਨ ਤੋਂ ‘ਮੁਹੰਮਦ ਮੁਸਤਫ਼ਾ’ ਨੇ ਕੀਤਾ ਇਨਕਾਰ ਯੁਵਕ ਸੇਵਾਵਾਂ ਵਿਭਾਗ ਦੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡ ਕਿੱਟਾਂ ਦਿੱਤੇ ਜਾਣ ਨਾਲ ਉਨਾਂ ਨੂੰ ਵੱਡੀ ਪੱਧਰ ’ਤੇ ਖੇਡ ਗਤੀਵਿਧੀਆਂ ਵਿੱਚ ਸ਼ਮੂਲੀਅਤ ਕਰਨ ਲਈ ਉਤਸ਼ਾਹ ਮਿਲੇਗਾ ਅਤੇ ਉਨਾਂ ਖਿਡਾਰੀਆਂ ਤੋਂ ਪ੍ਰੇਰਨਾ ਵੀ ਮਿਲੇਗੀ ਜਿਨਾਂ ਨੇ ਹਾਲ ਹੀ ਵਿੱਚ ਟੋਕੀਓ ਵਿਖੇ ਹੋਈਆਂ ਉਲੰਪਿਕ ਖੇਡਾਂ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਵਿਖਾਈ। ਇਸ ਮੌਕੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੁੱਖ ਮੰਤਰੀ ਨੂੰ ਕੋਵਿਡ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਣ ਦੀ ਸੂਰਤ ਵਿੱਚ ਸਤੰਬਰ-ਅਕਤੂਬਰ ਦੌਰਾਨ ਸੰਭਾਵੀ ਤੌਰ ’ਤੇ ਹੋਣ ਵਾਲੀ ਮੈਗਾ ਯੂਥ ਕਾਨਫਰੰਸ ਦੀ ਪ੍ਰਧਾਨਗੀ ਕਰਨ ਦੀ ਵੀ ਬੇਨਤੀ ਕੀਤੀ ਤਾਂ ਜੋ ਨੌਜਵਾਨਾਂ ਨੂੰ ਆਪਣੀ ਊਰਜਾ ਦਾ ਸਕਾਰਾਤਮਕ ਇਸਤੇਮਾਲ ਕਰਨ ਦੀ ਪ੍ਰੇਰਨਾ ਮਿਲ ਸਕੇ। ਉਨਾਂ ਅੱਗੇ ਕਿਹਾ ਕਿ ਮਾਰਚ 2019 ਵਿੱਚ ਤਕਰੀਬਨ ਇਕ ਲੱਖ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਮੈਰਾਥਾਨ ਨੂੰ ਮਿਲੇ ਹੁੰਗਾਰੇ ਨੂੰ ਵੇਖਦੇ ਹੋਏ 1.5 ਲੱਖ ਨੌਜਵਾਨਾਂ ਦੀ ਸ਼ਮੂਲੀਅਤ ਵਾਲੀ ਇਕ ਹੋਰ ਮੈਰਾਥਾਨ ਦੀ ਯੋਜਨਾਬੰਦੀ ਵੀ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਪ੍ਰਮੁੱਖ ਸਕੱਤਰ ਖੇਡਾਂ ਤੇ ਯੁਵਕ ਸੇਵਾਵਾਂ ਰਾਜ ਕਮਲ ਚੌਧਰੀ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਕੋਰੋਨਾ ਵਾਰੀਅਰ ਸਮੂਹ ਸੂਬੇ ਵਿੱਚ ਇਸ ਮਹਾਂਮਾਰੀ ਨੂੰ ਠੱਲ ਪਾਉਣ ਵਿੱਚ ਕਾਫੀ ਸਹਾਈ ਸਾਬਿਤ ਹੋਏ ਹਨ ਅਤੇ ਇਨਾਂ ਵੱਲੋਂ ਟੀਕਾਕਰਨ ਸਬੰਧੀ ਪਾਏ ਜਾਂਦੇ ਭਰਮ ਭੁਲੇਖਿਆਂ ਨੂੰ ਦੂਰ ਕਰਨ ਲਈ ਘਰ ਘਰ ਜਾ ਕੇ ਜਾਗਰੂਕਤਾ ਫੈਲਾਉਣ ਅਤੇ ਇਸ ਤੋਂ ਇਲਾਵਾ ਕੋਵਿਡ ਦੇ ਮਰੀਜਾਂ ਦੀ ਪਹਿਚਾਣ ਕਰਨ ਵਿੱਚ ਮੈਡੀਕਲ ਟੀਮਾਂ ਦੀ ਮਦਦ ਕਰਨਾ ਵੀ ਕਾਫੀ ਸਹਾਈ ਸਾਬਿਤ ਹੋਇਆ ਹੈ। ਇਸ ਮੌਕੇ ਡਾਇਰੈਕਟਰ, ਖੇਡਾਂ ਤੇ ਯੁਵਕ ਸੇਵਾਵਾਂ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਥਾਨਕ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਸਲਾਹ-ਮਸ਼ਵਰੇ ਨਾਲ ਅਜੇ ਤੱਕ ਸੂਬੇ ਵਿੱਚ 14,236 (ਭਾਵ 11,881 ਪੇਂਡੂ ਕੋਰੋਨਾ ਵਲੰਟੀਅਰ ਸਮੂਹ ਅਤੇ 2355 ਸ਼ਹਿਰੀ ਵਲੰਟੀਅਰ ਸਮੂਹ) ਅਜਿਹੇ ਸਮੂਹ ਬਣਾਏ ਜਾ ਚੁੱਕੇ ਹਨ। ਹਰੇਕ ਸਮੂਹ ਵਿੱਚ ਹਰੇਕ ਪਿੰਡ ਅਤੇ ਮਿਊਂਸਿਪਲ ਵਾਰਡ ਤੋਂ ਸੱਤ ਵਲੰਟੀਅਰ ਸ਼ਾਮਿਲ ਕੀਤੇ ਜਾਂਦੇ ਹਨ ਅਤੇ ਇਨਾਂ ਸਮੂਹਾਂ ਵੱਲੋਂ ਟੀਕਾਕਰਨ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਸਿਹਤ ਵਲੰਟੀਅਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਨਾਂ ਸਮੂਹਾਂ ਵੱਲੋਂ ਕੋਵਿਡ-19 ਵਾਇਰਸ ਦੀ ਰੋਕਥਾਮ ਸਬੰਧੀ ਕਦਮ ਚੁੱਕਣ ਲਈ ਸਥਾਨਕ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਮੌਜੂਦ ਸਮੂਹ ਵਲੰਟੀਅਰਾਂ ਨੇ ਆਪਣੇ ਤਜੁਰਬੇ ਸਾਂਝੇ ਕਰਦੇ ਹੋਏ ਕੋਵਿਡ ਦੀ ਤੀਜੀ ਲਹਿਰ ਦਾ ਟਾਕਰਾ ਕਰਨ ਲਈ ਸੁਝਾਅ ਵੀ ਦਿੱਤੇ। ਇਸ ਮੌਕੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ, ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਵੀ ਮੌਜੂਦ ਸਨ। -PTC News


Top News view more...

Latest News view more...

PTC NETWORK
PTC NETWORK