Mon, Dec 22, 2025
Whatsapp

ਮੁੱਖ ਮੰਤਰੀ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਵਿਸਥਾਰ ਲਈ ਪੂਰਨ ਸਹਿਯੋਗ ਦਾ ਭਰੋਸਾ

Reported by:  PTC News Desk  Edited by:  Jasmeet Singh -- September 02nd 2022 10:03 PM -- Updated: September 02nd 2022 10:08 PM
ਮੁੱਖ ਮੰਤਰੀ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਵਿਸਥਾਰ ਲਈ ਪੂਰਨ ਸਹਿਯੋਗ ਦਾ ਭਰੋਸਾ

ਮੁੱਖ ਮੰਤਰੀ ਵੱਲੋਂ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਵਿਸਥਾਰ ਲਈ ਪੂਰਨ ਸਹਿਯੋਗ ਦਾ ਭਰੋਸਾ

ਤਲਵੰਡੀ ਸਾਬੋ (ਬਠਿੰਡਾ), 2 ਸਤੰਬਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਗੁਰੂ ਗੋਬਿੰਦ ਸਿੰਘ ਰਿਫਾਇਨਰੀ, ਬਠਿੰਡਾ ਦੇ ਪ੍ਰਬੰਧਕਾਂ ਨੂੰ ਇਸ ਵੱਕਾਰੀ ਪ੍ਰੋਜੈਕਟ ਦੇ ਵਿਸਥਾਰ ਲਈ ਪੂਰਨ ਸਹਿਯੋਗ ਤੇ ਮਦਦ ਦਾ ਭਰੋਸਾ ਦਿੱਤਾ ਹੈ। ਮੁੱਖ ਮੰਤਰੀ ਨੇ ਅੱਜ ਇੱਥੇ ਰਿਫਾਇਨਰੀ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਸੂਬੇ ਦੇ ਆਰਥਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਪ੍ਰਾਜੈਕਟ ਦੇ ਹੋਰ ਵਿਸਥਾਰ ਵਿੱਚ ਸਹਿਯੋਗ ਦੇਣ ਲਈ ਵਚਨਬੱਧ ਹੈ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰੋਜੈਕਟ ਸੂਬੇ ਨੂੰ ਤਰੱਕੀ ਦੀਆਂ ਸਿਖਰਾਂ ਉਤੇ ਲਿਜਾਣ ਲਈ ਬਹੁਤ ਅਹਿਮੀਅਤ ਰੱਖਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਇਸ ਖੇਤਰ ਵਿੱਚ ਪਲਾਸਟਿਕ ਪਾਰਕ ਸਥਾਪਤ ਕਰਨ ਲਈ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਦੂਜੇ ਸੂਬਿਆਂ ਤੋਂ ਪਲਾਸਟਿਕ ਦੀ ਦਰਾਮਦ ਨੂੰ ਰੋਕਣ ਵਿੱਚ ਮਦਦ ਮਿਲੇਗੀ। ਭਗਵੰਤ ਮਾਨ ਨੇ ਕਿਹਾ ਕਿ ਇਹ ਪ੍ਰਾਜੈਕਟ ਖੇਤਰ ਦੇ ਨੌਜਵਾਨਾਂ ਲਈ ਨਵੇਂ ਰੁਜ਼ਗਾਰ ਪੈਦਾ ਕਰਨ ਵਿੱਚ ਵੀ ਸਹਾਈ ਹੋਵੇਗਾ। ਮੁੱਖ ਮੰਤਰੀ ਨੇ ਸੰਤੁਸ਼ਟੀ ਜ਼ਾਹਰ ਕਰਿਦਆਂ ਕਿਹਾ ਕਿ ਐਚ.ਐਮ.ਈ.ਐਲ ਦੀ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਪੰਜਾਬ ਵਿੱਚ ਸਥਾਪਤ ਹੋਣ ਵਾਲਾ ਪਹਿਲਾ ਤੇਲ ਤੇ ਗੈਸ ਪ੍ਰੋਜੈਕਟ ਹੈ ਅਤੇ ਇਕੋ ਥਾਂ 'ਤੇ ਪੂੰਜੀ ਨਿਵੇਸ਼ ਕਰਨ ਨਾਲ ਇਹ ਸੂਬੇ ਦੀ ਸਭ ਤੋਂ ਵੱਡੀ ਕੰਪਨੀ ਹੈ। ਉਨ੍ਹਾਂ ਕਿਹਾ ਕਿ ਰਿਫਾਇਨਰੀ ਭਾਰਤ ਪੜਾਅ-VI ਦੇ ਅਨੁਕੂਲ ਆਵਾਜਾਈ ਫਿਊਲਜ਼ ਜਿਵੇਂ ਮੋਟਰ ਸਪਿਰਟ ਅਤੇ ਹਾਈ-ਸਪੀਡ ਡੀਜ਼ਲ ਆਦਿ ਦਾ ਉਤਪਾਦਨ ਕਰਦੀ ਹੈ ਅਤੇ ਇਸਨੂੰ ਉੱਤਰੀ ਭਾਰਤ ਦੀ ਊਰਜਾ ਦੀ ਜੀਵਨ ਰੇਖਾ ਮੰਨਿਆ ਜਾਂਦਾ ਹੈ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਇਕ ਹੋਰ ਗੁਰੂ ਗੋਬਿੰਦ ਸਿੰਘ ਪੋਲੀਮਰ ਪ੍ਰਾਜੈਕਟ ਸ਼ੁਰੂ ਹੋਣ ਨਾਲ ਸੂਬੇ ਨੂੰ ਪੈਟਰੋ ਕੈਮੀਕਲ ਹੱਬ ਵਜੋਂ ਸਥਾਪਿਤ ਕਰੇਗਾ ਅਤੇ ਪੰਜਾਬ ਅਤੇ ਖਾਸ ਕਰਕੇ ਬਠਿੰਡਾ ਖੇਤਰ ਨੂੰ ਹੋਰ ਸਮਾਜਿਕ-ਆਰਥਿਕ ਲਾਭ ਪ੍ਰਦਾਨ ਕਰੇਗਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਹ ਰਿਫਾਇਨਰੀ ਸੂਬੇ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਨਾਲ-ਨਾਲ ਖੇਤਰ ਦੇ ਵਿਕਾਸ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਨੇ ਰਿਫਾਈਨਰੀ ਦੇ ਪ੍ਰਬੰਧਕਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਆਖਿਆ ਕਿ ਨੌਕਰੀਆਂ ਜ਼ਿਆਦਾਤਰ ਸਥਾਨਕ ਨੌਜਵਾਨਾਂ ਨੂੰ ਦਿੱਤੀਆਂ ਜਾਣ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਰਿਫਾਇਨਰੀ ਨੂੰ ਸੂਬੇ ਵਿੱਚ ਯੋਗ ਹੁਨਰਮੰਦ ਨੌਜਵਾਨਾਂ ਨੂੰ ਲੱਭਣ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਨ੍ਹਾਂ ਨੂੰ ਸੂਬਾ ਸਰਕਾਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਜੋ ਪੰਜਾਬ ਹੁਨਰ ਵਿਕਾਸ ਮਿਸ਼ਨ ਰਾਹੀਂ ਇਸ ਦੀ ਵਿਵਸਥਾ ਕਰਵਾਏਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਕਿਸੇ ਨੂੰ ਵੀ ਹਰਗਿਜ਼ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਅਜਿਹੇ ਮਨਸੂਬੇ ਘੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੀ ਸ਼ਾਂਤੀ ਤੇ ਤਰੱਕੀ ਦੀਆਂ ਦੁਸ਼ਮਣ ਤਾਕਤਾਂ ਇਸ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੀਆਂ ਹਨ ਪਰ ਸੂਬਾ ਸਰਕਾਰ ਵੱਲੋਂ ਅਜਿਹੇ ਕਿਸੇ ਵੀ ਨਾਪਾਕ ਇਰਾਦੇ ਨੂੰ ਸਫਲ ਨਹੀਂ ਹੋਣ ਦੇਵੇਗੀ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਕੋਲ ਕੋਈ ਠੋਸ ਮੁੱਦਾ ਨਹੀਂ ਹੈ ਜਿਸ ਕਰਕੇ ਝੂਠੇ ਮੁੱਦਿਆਂ ਦਾ ਸਹਾਰਾ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ ਪਰ ਵਿਰੋਧੀ ਧਿਰ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਅਮਨ-ਸ਼ਾਂਤੀ ਅਤੇ ਤਰੱਕੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਨ ਲਈ ਆਪਣੀਆਂ ਲੋਕ ਭਲਾਈ ਅਤੇ ਵਿਕਾਸ ਪੱਖੀ ਨੀਤੀਆਂ ਨੂੰ ਜਾਰੀ ਰੱਖੇਗੀ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਪਵਿੱਤਰ ਨਗਰੀ ਤਲਵੰਡੀ ਸਾਬੋ ਦੀ ਨੁਹਾਰ ਬਦਲਣ ਲਈ ਯਤਨ ਕੀਤੇ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਇਸ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਸੁਭਾਗ ਹਾਸਲ ਹੋਇਆ ਹੈ ਅਤੇ ਇਸ ਨੇਕ ਕੰਮ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਤਲਵੰਡੀ ਸਾਬੋ ਦੇ ਸਰਬਪੱਖੀ ਵਿਕਾਸ ਲਈ ਮੁਕੰਮਲ ਯੋਜਨਾ ਉਲੀਕੀ ਜਾਵੇਗੀ। ਇਸ ਮੌਕੇ ਮੁੱਖ ਮੰਤਰੀ ਦੇ ਨਾਲ ਵਿਧਾਇਕ ਜਗਰੂਪ ਸਿੰਘ ਗਿੱਲ, ਅਮਿਤ ਰਤਨ, ਪ੍ਰੋ: ਬਲਜਿੰਦਰ ਕੌਰ, ਬਲਕਾਰ ਸਿੰਘ ਸਿੱਧੂ, ਸੁਖਵੀਰ ਸਿੰਘ ਮਾਈਸਰਖਾਨਾ, ਜਗਸੀਰ ਸਿੰਘ, ਪ੍ਰਿੰਸੀਪਲ ਬੁੱਧ ਰਾਮ, ਗੁਰਪ੍ਰੀਤ ਸਿੰਘ ਬਣਾਂਵਾਲੀ ਆਦਿ ਹਾਜ਼ਰ ਸਨ। -PTC News


Top News view more...

Latest News view more...

PTC NETWORK
PTC NETWORK