ਮੌਜੂਦਾ ਲੀਡਰਸ਼ਿਪ ਤਹਿਤ ਕਾਂਗਰਸ ਦਾ ਕੋਈ ਭਵਿੱਖ ਨਹੀਂ : ਕੈਪਟਨ ਅਮਰਿੰਦਰ ਸਿੰਘ
ਚੰਡੀਗੜ੍ਹ : 5 ਸੂਬਿਆਂ ਵਿੱਚ ਕਾਂਗਰਸ ਪਾਰਟੀ ਦੀ ਨਿਰਾਸ਼ਾਜਨਕ ਹਾਰ ਹੋਈ। ਪੰਜਾਬ ਕਾਂਗਰਸ ਵਿੱਚ ਕਾਟੋ-ਕਲੇਸ਼ ਕਾਰਨ ਪਾਰਟੀ ਦੀ ਨਾਮੋਸ਼ੀ ਭਰੀ ਹਾਰ ਹੋਈ। ਪੰਜਾਬ ਲੋਕ ਕਾਂਗਰਸ ਪਾਰਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਨਿਰਾਸ਼ਾਜਨਕ ਹਾਰ ਲਈ ਗਾਂਧੀ ਪਰਿਵਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਕਾਂਗਰਸ ਨੇ ਇਕੱਲਾ ਪੰਜਾਬ ਹੀ ਨਹੀਂ ਗੁਆਇਆ ਸਗੋਂ ਉਤਰ ਪ੍ਰਦੇਸ਼, ਉਤਰਾਖੰਡ, ਮਨੀਪੁਰ, ਗੋਆ ਵਿੱਚ ਵੀ ਕੋਈ ਸਫਲਤਾ ਨਹੀਂ ਮਿਲੀ। ਉਨ੍ਹਾਂ ਨੇ ਅੱਗੇ ਕਿਹਾ ਕਿ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਭਾਰਤ ਦੇ ਲੋਕਾਂ ਉਤੇ ਆਪਣਾ ਭਰੋਸਾ ਗੁਆ ਚੁੱਕੀ ਹੈ। ਉਨ੍ਹਾਂ ਨੇ ਨਿਰਾਸ਼ਾਜਨਕ ਹਾਰ ਲਈ ਪਾਰਟੀ ਦੇ ਕਈ ਸੀਨੀਅਰ ਆਗੂਆਂ ਦੀ ਮਾੜੀ ਕਾਰਗੁਜ਼ਾਰੀ, ਪੰਜਾਬ ਕਾਂਗਰਸ ਦੇ ਆਪਸੀ ਕਲੇਸ਼ ਤੇ ਨਵਜੋਤ ਸਿੱਧੂ ਦੇ 'ਪਾਰਟੀ ਵਿਰੋਧੀ' ਬਿਆਨਾਂ ਨੂੰ ਸਿੱਧੇ ਤੌਰ ਉਤੇ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਵਰਗੇ ਅਸਥਿਰ ਵਿਅਕਤੀ ਨੂੰ ਹਮਾਇਤ ਦੇਣ ਦਾ ਫ਼ੈਸਲਾ, ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਚਰਨਜੀਤ ਸਿੰਘ ਚੰਨੀ ਵਰਗੇ ਭ੍ਰਿਸ਼ਟ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦਾ ਫ਼ੈਸਲਾ ਕਰਨਾ ਕਾਂਗਰਸ ਦੇ ਗਲ਼ੇ ਦੀ ਹੱਡੀ ਬਣ ਗਿਆ। ਇਸ ਕਾਰਨ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਕਾਂਗਰਸ ਦੀ ਸਥਿਤੀ ਕਾਫੀ ਮਾੜੀ ਰਹੀ। ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਹਾਰ ਲਈ ਕਾਂਗਰਸ ਹਾਈ ਕਮਾਂਡ ਬਿਲਕੁਲ ਫੇਲ੍ਹ ਹੋ ਗਈ ਹੈ।
ਸਾਬਕਾ ਮੁੱਖ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਉਹ ਸੋਨੀਆ ਗਾਂਧੀ ਨੂੰ 15 ਦਿਨ ਬਾਅਦ ਆਪਣੀ ਕਾਰਗੁਜ਼ਾਰੀ ਦਾ ਰਿਪੋਰਟ ਭੇਜਦੇ ਸਨ ਪਰ ਉਸ ਸਮੇਂ ਉਨ੍ਹਾਂ ਨੇ ਕੋਈ ਇਤਰਾਜ਼ ਨਹੀਂ ਜ਼ਾਹਿਰ ਕੀਤਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਲੀਡਰਸ਼ਿਪ ਵਿਚਕਾਰ ਭਾਰਤ ਵਿੱਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ।
ਇਹ ਵੀ ਪੜ੍ਹੋ : ਹਵਾਈ ਅੱਡਿਆਂ 'ਤੇ ਸਿੱਖਾਂ ਨੂੰ ਸ੍ਰੀ ਸਾਹਿਬ ਪਾਉਣ ਦੀ ਮਿਲੀ ਇਜਾਜ਼ਤ