ਮੋਗਾ ਦੇ ਸਕੂਲਾਂ 'ਚ ਹੋਇਆ ਕੋਰੋਨਾ ਬਲਾਸਟ, 14 ਦਿਨ ਲਈ ਬੱਚੇ ਹੋਏ ਘਰਾਂ 'ਚ ਇਕਾਂਤਵਾਸ
ਮੋਗਾ: ਪੰਜਾਬ ਵਿਚ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ ਅਤੇ ਇਸ ਦਾ ਸਿੱਧਾ ਅਸਰ ਬੱਚਿਆਂ 'ਤੇ ਹੋ ਰਿਹਾ ਹੈ। ਦੇਸ਼ 'ਚ ਕੋਰੋਨਾ ਵੈਕਸੀਨ ਦੀਆਂ ਖ਼ੁਰਾਕਾਂ ਦਿੱਤੇ ਜਾਣ ਦੇ ਬਾਵਜੂਦ ਇਸ ਮਹਾਮਾਰੀ ਵਾਲੇ ਵਾਇਰਸ ਦੀ ਲਾਗ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਰੋਜ਼ਾਨਾ ਨਵੇਂ ਰਿਕਾਰਡ ਤੋੜ ਮਾਮਲੇ ਸਾਹਮਣੇ ਆ ਰਹੇ ਹਨ। ਇਸ ਨਾਲ ਹੁਣ ਪੰਜਾਬ ਅੰਦਰ ਵੀ ਕੋਰੋਨਾ ਦਾ ਕਹਿਰ ਤੇਜ਼ ਹੁੰਦਾ ਜਾ ਰਿਹਾ ਹੈ।
ਕੋਰੋਨਾ ਦੀ ਤੀਜੀ ਲਹਿਰ ਦਾ ਸਿੱਧਾ ਪ੍ਰਭਾਵ ਸਕੂਲਾਂ ਦੇ ਬੱਚਿਆ 'ਤੇ ਪੈ ਰਿਹਾ ਹੈ ਅਤੇ ਹੁਣ ਸਕੂਲਾਂ ਦੇ ਬੱਚਿਆ ਦੀ ਕੋਰੋਨਾ ਰਿਪੋਰਟ ਪੌਜ਼ਟਿਵ ਆਉਣੀਆਂ ਸ਼ੁਰੂ ਹੋ ਗਈਆਂ ਹਨ। ਕੋਰੋਨਾ ਵਾਇਰਸ ਦੀ ਤੀਜੀ ਲਹਿਰ ਕਰਕੇ ਹੁਣ ਮੋਗਾ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆ ਦੀ ਰਿਪੋਰਟ ਪੌਜ਼ਟਿਵ ਆਈ ਹੈ। ਦੱਸ ਦੇਈਏ ਕਿ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ,ਸੀਨੀਅਰ ਸੈਕੰਡਰੀ ਸਕੂਲ ਕਪੂਰੇ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਧਰ ਦੀ ਇੱਕ ਇੱਕ ਵਿਦਿਆਰਥਣ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਇਸ ਦੇ ਨਾਲ ਹੀ 10ਵੀ ਕਲਾਸ ਦੀ ਵਿਦਿਆਰਥਣ ਦੇ ਕੋਰੋਨਾ ਪੌਜ਼ਟਿਵ ਆਉਣ ਤੋਂ ਬਾਅਦ ਕਲਾਸ ਦੇ ਸਾਰੇ ਬੱਚਿਆ ਨੂੰ 14 ਦਿਨ ਲਈ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ। ਇਸ ਦੌਰਾਨ ਰੋਜ਼ਾਨਾ ਕਲਾਸ ਦੇ ਕਮਰੇ ਨੂੰ ਸੈਨੀਟਾਈਜ਼ ਵੀ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 32,937 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 417 ਛੁਤਗ੍ਰਸਤ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਹੈ। ਇੱਕ ਦਿਨ ਪਹਿਲਾਂ 9 ਅਗਸਤ ਨੂੰ 28,204 ਮਾਮਲੇ ਸਾਹਮਣੇ ਆਏ ਸਨ। ਇਸ ਦੇ ਨਾਲ ਹੀ, ਦੇਸ਼ ਭਰ ਵਿੱਚ ਪਿਛਲੇ 24 ਘੰਟਿਆਂ ਵਿੱਚ 35,909 ਮਰੀਜ਼ ਕੋਰੋਨਾ ਤੋਂ ਠੀਕ ਵੀ ਹੋਏ ਹਨ, ਭਾਵ ਕੱਲ੍ਹ 3389 ਐਕਟਿਵ ਕੇਸ ਘਟੇ ਹਨ।
-PTCNews