Punjab News: ਤਰਨਤਾਰਨ ਸ਼ਹਿਰ ਦੇ ਪਿੰਡ ਚੰਬਾ ਖੁਰਦ ਇਲਾਕੇ ਤੋਂ ਇਕ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪਾਣੀ ਦੀ ਪਾਈਪ ਲਾਈਨ ਵਿਛਾਉਣ ਦੌਰਾਨ ਖੁਦਾਈ ਕਰਦੇ ਹੋਏ ਮਿੱਟੀ ਦੀ ਢਿੱਗ ਡਿੱਗਣ ਨਾਲ 2 ਚਚੇਰੇ ਭਰਾਵਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਦੋਵਾਂ ਲਾਸ਼ਾਂ ਨੂੰ ਕਬਜ਼ੇ ’ਚ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਜਾਣਕਾਰੀ ਦੇ ਅਨੁਸਾਰ ਪਿੰਡ ਚੰਬਾ ਖੁਰਦ ਵਿਖੇ ਇਕ ਵਿਅਕਤੀ ਵੱਲੋਂ ਖੇਤੀ ਲਈ ਪਾਣੀ ਦੀ ਪਾਈਪ ਲਾਈਨ ਵਿਛਾਉਣ ਦਾ ਕੰਮ ਕੀਤਾ ਜਾ ਰਿਹਾ ਸੀ, ਜਿਸ ਸਬੰਧੀ ਉਸ ਵੱਲੋਂ ਸਬੰਧਤ ਕੰਮ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਆਪਣੀ ਜ਼ਮੀਨ ਵਿਖੇ ਬੁਲਾਇਆ। ਇਸ ਦੌਰਾਨ ਖੁਦਾਈ ਕਰਨ ਦੌਰਾਨ ਚਾਰ ਵਿਅਕਤੀ ਦੁਪਹਿਰ ਕਰੀਬ ਇਕ ਵਜੇ ਮਿੱਟੀ ਦੀ ਢਿੱਗ ਡਿੱਗਣ ਦੌਰਾਨ ਉਸ ਦੇ ਹੇਠਾਂ ਦੱਬੇ ਗਏ, ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਕਾਫੀ ਮੁਸ਼ੱਕਤ ਨਾਲ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਜਦੋਂ ਉਹ ਕਾਮਯਾਬ ਨਹੀਂ ਹੋਏ ਤਾਂ ਸਬੰਧਤ ਜ਼ਮੀਨ ਮਾਲਕ ਵੱਲੋਂ ਮੌਕੇ ’ਤੇ ਜੇ.ਸੀ.ਬੀ. ਮਸ਼ੀਨ ਨੂੰ ਬੁਲਾ ਲਿਆ ਗਿਆ, ਜਿਸ ਦੀ ਮਦਦ ਨਾਲ ਚਾਰਾਂ ਵਿਅਕਤੀਆਂ ਨੂੰ ਬਾਹਰ ਕੱਢ ਲਿਆ ਗਿਆ।ਗੰਭੀਰ ਜ਼ਖਮੀ ਹਾਲਤ ’ਚ ਇਨ੍ਹਾਂ ਨੂੰ ਪਹਿਲਾਂ ਕਸਬਾ ਫਤਿਆਬਾਦ ਦੇ ਨਿੱਜੀ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ 2 ਚਚੇਰੇ ਭਰਾਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁਖਤਿਆਰ ਸਿੰਘ ਨਿਵਾਸੀ ਪਿੰਡ ਰਾਣੀਵਲਾਹ ਨੇ ਦੱਸਿਆ ਕਿ ਉਸ ਦਾ ਬੇਟਾ ਜੁਗਰਾਜ ਸਿੰਘ ਅਤੇ ਉਸਦਾ ਭਤੀਜਾ ਪ੍ਰਿਤਪਾਲ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਰਾਣੀਵਲਾਹ ਦੁਪਹਿਰ ਪਿੰਡ ਚੰਬਾ ਖੁਰਦ ਵਿਖੇ ਪਾਈਪ ਵਿਛਾਉਣ ਲਈ ਗਏ ਸਨ, ਜਿਸ ਦੇ ਨਾਲ ਦੋ ਹੋਰ ਸਾਥੀ ਵੀ ਮੌਜੂਦ ਸਨ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਤਰਨਤਾਰਨ ਵਿਖੇ ਜਮ੍ਹਾਂ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਦਾ ਸ਼ੁੱਕਰਵਾਰ ਸਵੇਰੇ ਪੋਸਟਮਾਰਟਮ ਕਰਵਾਉਂਦੇ ਹੋਏ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।