ਕੋਰੋਨਾ ਵਾਇਰਸ ਦੇ ਇਲਾਜ ਲਈ ਭਾਰਤ-ਚੀਨ ਸਾਂਝ ? ਚੀਨ ਵਿਖੇ ਭਾਰਤੀ ਰਾਜਦੂਤ ਨੇ ਦਿੱਤੀ ਅਹਿਮ ਜਾਣਕਾਰੀ

By Panesar Harinder - April 09, 2020 5:04 pm

ਨਵੀਂ ਦਿੱਲੀ / ਬੀਜਿੰਗ - COVID 19 ਵਿਰੁੱਧ ਜੰਗ 'ਚ ਜਿੱਥੇ ਭਾਰਤ ਇਸ ਨੂੰ ਇੱਕ ਵਿਸ਼ਵ-ਵਿਆਪੀ ਸਾਂਝੀ ਲੜਾਈ ਵਜੋਂ ਲੜਨ ਦਾ ਹਿਮਾਇਤੀ ਹੈ, ਬੀਜਿੰਗ ਵਿਖੇ ਭਾਰਤੀ ਰਾਜਦੂਤ ਵਿਕਰਮ ਮਿਸਰੀ ਨੇ ਵੀ ਕਿਹਾ ਹੈ ਕਿ ਕੋਰੋਨਾ ਵਿਸ਼ਾਣੂ ਦੇ ਵਿਸ਼ੇ 'ਤੇ ਵਿਗਿਆਨਕ ਤੇ ਡਾਕਟਰੀ ਖੋਜ ਅਤੇ ਇਸ ਦੀ ਦਵਾਈ ਦੇ ਨਿਰਮਾਣ ਲਈ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਦੀ ਗੁੰਜਾਇਸ਼ ਹੈ।

ਮਿਸ਼ਰੀ ਨੇ ਕਿਹਾ ਕਿ ਭਾਰਤ ਟਿਕਾਊ ਤੇ ਵਿਵਸਥਤ ਢੰਗ ਨਾਲ ਚੀਨ ਤੋਂ ਵੈਂਟੀਲੇਟਰ, ਨਿੱਜੀ ਸੁਰੱਖਿਆ ਸਮੇਤ ਹੋਰ ਡਾਕਟਰੀ ਉਪਕਰਣਾਂ ਦੀ ਖਰੀਦ 'ਤੇ ਵੀ ਵਿਚਾਰ ਕਰ ਰਿਹਾ ਹੈ।

ਚੀਨੀ ਮੀਡੀਆ ਨਾਲ ਇੱਕ ਇੰਟਰਵਿਊ ਦੌਰਾਨ ਮਿਸਰੀ ਨੇ ਕਿਹਾ ਕਿ ਅਸੀਂ ਇਸ ਵਾਇਰਸ ਦੇ ਟੀਕੇ ਦੇ ਵਿਕਾਸ ਲਈ ਸਹਿਯੋਗ ਕਰ ਸਕਦੇ ਹਾਂ, ਤੇ ਕੁੱਲ ਮਿਲਾ ਕੇ ਇਹ ਸਾਰੇ ਸੰਸਾਰ ਲਈ ਬਹੁਤ ਮਹੱਤਵਪੂਰਣ ਹੋਵੇਗਾ। ਵਿਗਿਆਨ ਤੇ ਤਕਨਾਲੋਜੀ ਦੇ ਖੇਤਰ 'ਚ ਸਾਡੇ ਦੋਵਾਂ ਦੇਸ਼ਾਂ ਕੋਲ ਬਹੁਤ ਵੱਡੀ ਮਨੁੱਖੀ ਸ਼ਕਤੀ ਹੈ।

ਉਨ੍ਹਾਂ ਕਿਹਾ ਕਿ ਇਸ ਵੇਲੇ ਸਾਡਾ ਦੁਸ਼ਮਣ ਕੋਈ ਇੱਕ ਵਿਅਕਤੀ ਵਿਸ਼ੇਸ਼, ਕੋਈ ਦੇਸ਼ ਜਾਂ ਦੇਸ਼ਾਂ ਦਾ ਸਮੂਹ ਨਹੀਂ ਹੈ। ਇਸ ਵੇਲੇ ਸਾਡਾ ਸਾਂਝਾ ਦੁਸ਼ਮਣ ਇੱਕ ਵਾਇਰਸ ਹੈ ਜਿਸ ਦੀ ਕਿਸੇ ਨਾਲ ਕੋਈ ਲਿਹਾਜ਼ ਨਹੀਂ। ਸਾਰੇ ਦੇਸ਼ਾਂ ਲਈ ਆਪਸੀ ਮਤਭੇਦਾਂ ਨੂੰ ਇੱਕ ਪਾਸੇ ਰੱਖਣਾ, ਅਤੇ ਉਨ੍ਹਾਂ ਵਖਰੇਵਿਆਂ ਤੋਂ ਉੱਪਰ ਉੱਠਣਾ ਸਭ ਤੋਂ ਮਹੱਤਵਪੂਰਨ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਇਸ ਮੁਸ਼ਕਿਲ 'ਚ ਸਾਰੇ ਇੱਕ ਹੀ ਪਾਸੇ ਹਾਂ।

ਮਿਸਰੀ ਨੇ ਕਿਹਾ ਕਿ ਭਾਰਤ ਅਤੇ ਚੀਨ ਸਿਹਤ ਦੇ ਖੇਤਰ ਵਿੱਚ ਤੇ ਮਹਾਮਾਰੀ ਵਿਗਿਆਨ ਦੇ ਖੇਤਰ 'ਚ ਵਿਗਿਆਨਕ ਅਤੇ ਡਾਕਟਰੀ ਖੋਜ ਵਿੱਚ ਸਹਿਯੋਗ ਕਰ ਸਕਦੇ ਹਨ, ਅਤੇ ਇੱਕ ਦੂਜੇ ਦੇ ਸੰਪਰਕ 'ਚ ਰਹਿਣਾ ਦੋਵਾਂ ਦੇਸ਼ਾਂ ਦੇ ਵਿਗਿਆਨੀਆਂ ਅਤੇ ਡਾਕਟਰੀ ਖੇਤਰ ਦੇ ਸੰਸਥਾਨਾਂ ਲਈ ਲਾਭਦਾਇਕ ਹੋਵੇਗਾ।

ਮਿਸਰੀ ਨੇ ਯਾਦ ਕਰਵਾਇਆ ਕਿ ਜਨਵਰੀ-ਫਰਵਰੀ ਦੌਰਾਨ ਜਦੋਂ ਚੀਨ ਕੋਰੋਨਾਵਾਇਰਸ ਸੰਕਟ ਨਾਲ ਨਜਿੱਠ ਰਿਹਾ ਸੀ, ਤਾਂ ਉਸ ਵੇਲੇ ਭਾਰਤ ਨੇ 15 ਟਨ ਮੈਡੀਕਲ ਸਹਾਇਤਾ ਦਾ ਹੱਥ ਦਿੱਤੀ। ਉਨ੍ਹਾਂ ਕਿਹਾ ਕਿ ਚੀਨ ਨਿਜੀ ਸੁਰੱਖਿਆ ਉਪਕਰਣ, ਵੈਂਟੀਲੇਟਰ ਅਤੇ ਹੋਰ ਅਜਿਹੇ ਉਪਕਰਣਾਂ ਦਾ ਸਭ ਤੋਂ ਵੱਡਾ ਨਿਰਮਾਤਾ ਹੈ।

ਉਨ੍ਹਾਂ ਕਿਹਾ ਕਿ 1 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਡਿਪਲੋਮੈਟਿਕ ਸੰਬੰਧਾਂ ਦੀ ਸਥਾਪਨਾ ਦੇ 70 ਸਾਲਾਂ ਦੇ ਮੌਕੇ 'ਤੇ, ਦੋਵਾਂ ਸਰਕਾਰਾਂ ਵੱਲੋਂ ਇਸ ਮੌਕੇ ਲਈ 70 ਸਮਾਗਮ ਯੋਜਨਾਬੱਧ ਕੀਤੇ ਗਏ ਸੀ, ਪਰ ਉਹ ਵੀ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਹੇਠ ਦਬ ਗਏ।

"ਕੁੱਲ ਮਿਲਾ ਕੇ ਮੈਂ ਇਹ ਕਹਾਂਗਾ ਕਿ ਭਾਰਤ ਅੰਦਰ ਇਹੀ ਮਾਨਤਾ ਹੈ ਕਿ ਭਾਰਤ-ਚੀਨ ਸੰਬੰਧ ਇੱਕ ਮਹੱਤਵਪੂਰਨ ਰਿਸ਼ਤਾ ਹੈ।" ਮਿਸਰੀ ਨੇ ਅੰਤ ਵਿੱਚ ਕਿਹਾ।

adv-img
adv-img