ਮਸ਼ਹੂਰ ਗਾਇਕ ਹਿਮੇਸ਼ ਰੇਸ਼ਮੀਆ ਦੀ ਘੜੀ ਫਰੀਦਕੋਟ ਵਿਚ ਹੋਵੇਗੀ ਨਿਲਾਮ
ਫਰੀਦਕੋਟ, 12 ਅਪ੍ਰੈਲ 2022: ਜ਼ੀ-ਟੀਵੀ ਦੇ ਮਸ਼ਹੂਰ ਪ੍ਰੋਗਰਾਮ ਸਾਰੇਗਾਮਾਪਾ ਲਿਟਲ ਚੈਂਪ ਪ੍ਰੋਗਰਾਮ ਦੌਰਾਨ ਫਰੀਦਕੋਟ ਜ਼ਿਲ੍ਹੇ ਦੀ ਇੱਕ ਬੱਚੀ ਨੂੰ ਹਿਮੇਸ਼ ਰੇਸ਼ਮੀਆ ਨੇ ਆਪਣੀ ਘੜੀ ਸਾਇਨਿੰਗ ਅਮਾਊਂਟ ਵਜੋਂ ਦਿੱਤੀ ਸੀ। ਉਹੀ ਬੱਚੀ ਇਹਨੀਂ ਦਿਨੀ ਗੰਭੀਰ ਬਿਮਾਰ ਚੱਲ ਰਹੀ ਹੈ। ਦੱਸ ਦੇਈਏ ਕਿ ਉਸਦਾ ਪਰਿਵਾਰ ਇਲਾਜ ਕਰਵਾਉਣ ਤੋਂ ਵੀ ਅਮਸਰੱਥ ਹੈ। ਇਥੇ ਤੱਕ ਕਿ ਉਸਦੇ ਮਾਪੇ ਹੁਣ ਹਿਮੇਸ਼ ਰੇਸ਼ਮੀਆ ਵਲੋਂ ਭੇਂਟ ਕੀਤੀ ਘੜੀ ਨੂੰ ਵੇਚ ਕੇ ਆਪਣੀ ਧੀ ਦਾ ਇਲਾਜ ਕਰਵਾਉਣ ਨੂੰ ਮਜਬੂਰ ਹਨ। ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੀ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਸ਼ਨੰਦੀ ਦੀ ਨਵਪ੍ਰੀਤ ਕੌਰ ਦਾ ਪਰਿਵਾਰ ਉਸ ਦੀ ਜਾਨ ਬਚਾਉਣ ਲਈ ਹੁਣ ਉਸ ਘੜੀ ਨੂੰ ਨਿਲਾਮ ਕਰਨਾਂ ਚਹੁੰਦਾ ਹੈ। ਇਹ ਘੜੀ ਬੱਚੀ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕਿ ਬਾਲੀਵੁੱਡ ਸਟਾਰ ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਲਾਂਚ ਕਰਨ ਲਈ ਸਾਇਨਿੰਗ ਅਮਾਊਂਟ ਵਜੋਂ ਦਿੱਤੀ ਸੀ। ਨਵਪ੍ਰੀਤ ਦੇ ਮਾਪਿਆਂ ਦੇ ਮੁਤਾਬਿਕ ਹਿਮੇਸ਼ ਰੇਸ਼ਮੀਆਂ ਨੇ ਪ੍ਰੋਗਰਾਮ ਦੌਰਾਨ ਆਪਣਾ ਕੀਤਾ ਹੋਇਆ ਵਾਅਦਾ ਨਹੀਂ ਨਿਭਾਇਆ, ਉਹਨਾਂ ਕੋਲ ਹਿਮੇਸ਼ ਦੀ ਦਿੱਤੀ ਹੋਈ ਘੜੀ ਅੱਜ ਵੀ ਜਿਉਂ ਦੀ ਤਿਉਂ ਪਈ ਹੈ। ਨਵਪ੍ਰੀਤ ਦੇ ਪਿਤਾ ਗੁਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ 2017 ਵਿਚ ਸਾਰੇਗਾਮਾਪਾ ਲਿਟਲ ਚੈਂਪ ਪ੍ਰੋਗਰਾਮ ਵਿਚ ਭਾਗ ਲਿਆ ਸੀ ਅਤੇ ਉਸ ਸਮੇਂ ਉਹਨਾਂ ਦੀ ਬੇਟੀ ਤੋਂ ਪ੍ਰਭਾਵਿਤ ਹੋ ਕਿ ਪ੍ਰੋਗਰਾਮ ਦੇ ਜੱਜ ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਲਾਂਚ ਕਰਨ ਦਾ ਵਾਅਦਾ ਕੀਤਾ ਸੀ ਅਤੇ ਸਾਇਨਿੰਗ ਅਮਾਉਂਟ ਵੱਜੋਂ ਸਟੇਜ ਤੋਂ ਅਨਾਉਂਸ ਕਰ ਕੇ ਆਪਣੀ ਘੜੀ ਉਹਨਾਂ ਨੂੰ ਦਿੱਤੀ ਸੀ। ਪਰ ਬਾਅਦ ਵਿਚ ਹਿਮੇਸ਼ ਰੇਸ਼ਮੀਆ ਨੇ ਕਦੀ ਵੀ ਉਹਨਾਂ ਨਾਲ ਸੰਪਰਕ ਨਹੀਂ ਕੀਤਾ। ਉਹਨਾਂ ਕਿਹਾ ਕਿ ਹੁਣ ਉਹਨਾਂ ਦੀ ਬੱਚੀ ਬੀਤੇ ਕਈ ਦਿਨਾਂ ਤੋਂ ਲੀਵਰ ਇਨਫੈਕਸ਼ਨ ਹੋਣ ਕਾਰਨ ਗੰਭੀਰ ਬਿਮਾਰ ਹੈ। ਜਿਸ ਦਾ ਇਲਾਜ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ। ਉਨ੍ਹਾਂ ਕਿਹਾ ਕਿ ਅੱਜ ਤੱਕ ਦੀ ਜੋ ਵੀ ਕਮਾਈ ਸੀ ਉਹ ਬੱਚੀ ਦੇ ਇਲਾਜ 'ਤੇ ਲਗਾ ਚੁੱਕੇ ਹਨ ਅਤੇ ਹੁਣ ਉਹ ਇਲਾਜ ਕਰਵਾਉਣ ਤੋਂ ਅਮਸਰੱਥ ਹਨ। ਇਸ ਲਈ ਉਹ ਹਿਮੇਸ਼ ਰੇਸ਼ਮੀਆ ਵੱਲੋਂ ਦਿੱਤੀ ਗਈ ਘੜੀ ਨੂੰ ਵੇਚ ਕੇ ਆਪਣੀ ਬੇਟੀ ਦਾ ਇਲਾਜ ਦਾ ਖਰਚਾ ਪੂਰਾ ਕਰਨਾ ਚਹਾਉਂਦੇ ਹਨ ਤਾਂ ਜੋ ਬੱਚੀ ਦੀ ਜਾਨ ਬਚਾਈ ਜਾ ਸਕੇ। ਇਹ ਵੀ ਪੜ੍ਹੋ: ਇਸ ਦਿਨ ਰਿਲੀਜ਼ ਹੋਵੇਗੀ ਸਰਦੂਲ ਸਿਕੰਦਰ ਦੀ ਆਖਰੀ ਫਿਲਮ 'PR' ਉਨ੍ਹਾਂ ਨੇ ਲੋਕਾ ਨੂੰ ਅਪੀਲ ਕੀਤੀ ਕਿ ਉਹ ਇਸ ਘੜੀ ਨੂੰ ਵੱਧ ਤੋਂ ਵੱਧ ਅਮਾਊਂਟ 'ਤੇ ਖ੍ਰੀਦਣ ਤਾਂ ਜੋ ਉਹ ਆਪਣੀ ਲੜਕੀ ਦਾ ਇਲਾਜ ਕਰਵਾ ਸਕਣ। -PTC News