ਮੁੱਖ ਖਬਰਾਂ

ਬਠਿੰਡਾ ਥਰਮਲ ਪਲਾਂਟ ਦਾ ਮਾਮਲਾ ਹੋਇਆ ਗੰਭੀਰ ,ਇੱਕ ਕਿਸਾਨ ਵੱਲੋਂ ਖ਼ੁਦਕੁਸ਼ੀ

By Panesar Harinder -- July 01, 2020 4:07 pm -- Updated:Feb 15, 2021


ਬਠਿੰਡਾ - ਨਵੀਆਂ ਕਰਵਟਾਂ ਲੈਂਦਾ ਹੋਇਆ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦਾ ਮਾਮਲਾ ਹੋਰ ਗੰਭੀਰ ਹੁੰਦਾ ਜਾ ਰਿਹਾ ਹੈ। ਥਰਮਲ ਪਲਾਂਟ ਨੂੰ ਬੰਦ ਕਰਕੇ ਇਸ ਦੀ 1746 ਏਕੜ ਜ਼ਮੀਨ ਦੀ ਨੀਲਾਮੀ ਦਾ ਵਿਰੋਧ ਕਰਦੇ ਹੋਏ ਅੱਜ ਇੱਕ ਕਿਸਾਨ ਨੇ ਥਰਮਲ ਪਲਾਂਟ ਸਾਹਮਣੇ ਜਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੀ ਪਛਾਣ ਜੋਗਿੰਦਰ ਸਿੰਘ ਪੁੱਤਰ ਗਮਦੂਰ ਸਿੰਘ ਵਾਸੀ ਚੀਮਾ ਮੰਡੀ, ਜ਼ਿਲ੍ਹਾ ਸੰਗਰੂਰ ਵਜੋਂ ਹੋਈ ਹੈ। ਤਕਰੀਬਨ 60 ਕੁ ਸਾਲਾਂ ਦੇ ਮ੍ਰਿਤਕ ਕਿਸਾਨ ਨੇ ਆਪਣੇ ਹੱਥ 'ਚ ਇੱਕ ਤਖ਼ਤੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਝੰਡਾ ਫ਼ੜਿਆ ਹੋਇਆ ਸੀ, ਅਤੇ ਥਰਮਲ ਪਲਾਂਟ ਬਾਰੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਦੇ ਹੋਏ ਕਿਸਾਨ ਨੇ ਉਸ ਤਖ਼ਤੀ ਉੱਤੇ ਲਿਖਿਆ ਸੀ,
Farmer committed suicide
'ਗੁਰੂ ਨਾਨਕ ਦੇਵ ਇਤਿਹਾਸਿਕ ਥਰਮਲ ਪਲਾਂਟ ਹੈ ਸ਼ਾਨ
ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ'

ਕਿਸਾਨ ਨੇ ਤਖ਼ਤੀ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਲਾਈ ਹੋਈ ਸੀ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਦੇ ਖ਼ਾਤਮੇ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਤੋਂ ਦੁਖੀ ਹੋਏ ਕਿਸਾਨ ਜੋਗਿੰਦਰ ਸਿੰਘ ਨੇ ਖ਼ੁਦਕੁਸ਼ੀ ਦਾ ਇਹ ਵੱਡਾ ਕਦਮ ਚੁੱਕਿਆ ਹੈ। ਜਗਸੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਕਿਸਾਨ ਦੀ ਜੇਬ ਵਿੱਚੋਂ ਇੱਕ ਖ਼ੁਦਕੁਸ਼ੀ ਨੋਟ ਵੀ ਨਿਕਲਿਆ ਹੈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਗੱਲਬਾਤ ਜਾਰੀ ਹੈ ਅਤੇ ਵਿਚਾਰ-ਵਟਾਂਦਰੇ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਪੁਲਿਸ ਵੱਲੋਂ ਮੌਕੇ ਤੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਕੇ ਪੱਲਾ ਛੁਡਾਉਣ ਦੀ ਕੋਸ਼ਿਸ਼ ਕੀਤੀ ਗਈ, ਅਤੇ ਕੈਮਰੇ ਸਾਹਮਣੇ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ।
Farmer committed suicide
ਇਸ ਕਿਸਾਨ ਦੀ ਮੌਤ ਨੇ ਬਠਿੰਡਾ ਥਰਮਲ ਪਲਾਂਟ ਮਾਮਲੇ ਨੂੰ ਇੱਕ ਨਵੀਂ ਦਿਸ਼ਾ ਵਿੱਚ ਮੋੜ ਦਿੱਤਾ ਹੈ। ਸਿਆਸੀ ਰੰਗਾਂ ਦੇ ਨਾਲ ਨਾਲ ਹੁਣ ਇਸ ਮਾਮਲੇ 'ਚ ਸਮਾਜਿਕ ਤੇ ਕੁਝ ਹੱਦ ਤੱਕ ਧਾਰਮਿਕ ਪੱਖ ਵੀ ਉੱਭਰ ਕੇ ਆਉਣ ਦੀ ਸੰਭਾਵਨਾ ਬਣ ਗਈ ਹੈ। ਪਹਿਲਾਂ ਜਿੱਥੇ ਇਸ ਮਸਲੇ 'ਤੇ ਸਿਆਸੀ ਪਾਰਟੀਆਂ ਦੀ ਖਿੱਚੋਤਾਣ ਚੱਲ ਰਹੀ ਸੀ, ਹੁਣ ਉਸ 'ਚ ਕਿਸਾਨ ਆਗੂਆਂ ਦੀ ਵੀ ਐਂਟਰੀ ਹੋਵੇਗੀ।
Farmer committed suicide
ਇੱਕ ਇਨਸਾਨ ਦੀ ਜਾਨ ਦਾ ਜਾਣਾ ਬਹੁਤ ਵੱਡੀ ਗੱਲ ਹੈ ਅਤੇ ਬਠਿੰਡਾ ਥਰਮਲ ਪਲਾਂਟ ਬਾਰੇ ਅਗਲੇ ਫ਼ੈਸਲੇ, ਸਮਾਂ ਬਹੁਤ ਸੰਜੀਦਗੀ ਤੇ ਸੂਝਬੂਝ ਨਾਲ ਲੈਣ ਦੀ ਮੰਗ ਕਰਦਾ ਹੈ।