ਸਾਬਕਾ ਕਾਂਗਰਸੀ ਵਿਧਾਇਕ ਦੇ ਮੁੰਡੇ ਨੂੰ ਪੀਐਸਪੀਸੀਐਲ ਦੇ ਡਾਇਰੈਕਟਰ ਅਹੁਦੇ ਤੋਂ ਹਟਾਇਆ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਇੱਕ ਅਹਿਮ ਫੈਸਲੇ ਵਿੱਚ ਕਾਂਗਰਸ (Congress) ਦੇ ਸਾਬਕਾ ਵਿਧਾਇਕ ਦੇ ਮੁੰਡੇ ਨੂੰ ਡਾਇਰੈਕਟਰ ਦੇ ਅਹੁਦੇ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਗਗਨਦੀਪ ਸਿੰਘ ਜਲਾਲਪੁਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।
ਕਾਬਿਲੇਗੌਰ ਹੈ ਕਿ ਗਗਨਦੀਪ ਸਿੰਘ ਜਲਾਲਪੁਰ ਸਾਬਕਾ ਕਾਂਗਰਸ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਹਨ ਅਤੇ ਉਨ੍ਹਾਂ ਨੂੰ ਚਰਨਜੀਤ ਚੰਨੀ ਸਰਕਾਰ ਵੱਲੋਂ ਡਾਇਰੈਕਟਰ ਪ੍ਰਬੰਧਕੀ ਪਾਵਰਕਾਮ ਨਿਯੁਕਤ ਕੀਤਾ ਗਿਆ ਸੀ। ਉਸ ਦੀ ਨਿਯੁਕਤੀ ਨਵੰਬਰ 2021 ਵਿੱਚ ਕੀਤੀ ਗਈ ਸੀ। ਗਗਨਦੀਪ ਨੂੰ ਇਹ ਜ਼ਿੰਮੇਵਾਰੀ ਚਰਨਜੀਤ ਸਿੰਘ ਨੇ ਆਪ ਸੌਂਪੀ ਸੀ। ਚਰਨਜੀਤ ਸਿੰਘ ਚੰਨੀ ਦੇ ਇਸ ਫ਼ੈਸਲੇ ਦਾ ਕਈ ਕਾਂਗਰਸੀ ਆਗੂਆਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹੋਰ ਸਿਆਸੀ ਪਾਰਟੀਆਂ ਨੇ ਵੀ ਇਸ ਨਿਯੁਕਤੀ ਦਾ ਵਿਰੋਧ ਕੀਤਾ ਸੀ। ਆਮ ਆਦਮੀ ਪਾਰਟੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਗਗਨਦੀਪ ਜਲਾਲਪੁਰ ਨੂੰ ਤੁਰੰਤ ਪ੍ਰਭਾਵ ਨਾਲ ਅਹੁਦੇ ਤੋਂ ਲਾਹਿਆ ਗਿਆ ਹੈ।
ਕਾਬਿਲੇਗੌਰ ਹੈ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖ਼ੁਦ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ। ਵਿਧਾਇਕ ਜਲਾਲਪੁਰ ਦੇ ਮੁੰਡੇ ਤੋਂ ਪਹਿਲਾਂ ਉਕਤ ਅਹੁਦੇ ਉਤੇ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਆਰ.ਪੀ. ਪਾਂਡਵ ਸਨ, ਜਿਨ੍ਹਾਂ ਨੂੰ ਕੈਪਟਨ ਦੇ ਕਾਂਗਰਸ ਛੱਡਣ ਤੋਂ ਬਾਅਦ ਚੰਨੀ ਸਰਕਾਰ ਨੇ ਝਟਕਾ ਦਿੰਦਿਆਂ ਉਨ੍ਹਾਂ ਦੀ ਥਾਂ ਗਗਨਦੀਪ ਜਲਾਲਪੁਰ ਨੂੰ 2 ਸਾਲ ਲਈ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਸਿਆਸੀ ਗਲਿਆਰਿਆਂ ਵਿੱਚ ਗਗਨਦੀਪ ਜਲਾਲਪੁਰ ਨੂੰ ਅਹੁਦੇ ਤੋਂ ਲਾਂਭੇ ਕੀਤੇ ਜਾਣ ਤੋਂ ਬਾਅਦ ਚਰਚਾ ਛਿੜ ਗਈ ਹੈ। ਸਿਆਸੀ ਆਗੂ ਪੰਜਾਬ ਸਰਕਾਰ ਦੀ ਇਸ ਕਾਰਵਾਈ ਨੂੰ ਵੱਖ-ਵੱਖ ਪਹਿਲੂਆਂ ਤੋਂ ਦੇਖ ਰਹੇ ਹਨ ਤੇ ਅਲੱਗ-ਅਲੱਗ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਥਾਣੇ 'ਚ ਹਵਾਲਾਤੀ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ