ਲੁਧਿਆਣਾ ਬੰਬ ਧਮਾਕੇ 'ਚ ਮ੍ਰਿਤਕ ਗਗਨਦੀਪ ਸਿੰਘ ਦੀ ਮਹਿਲਾ ਸਾਥੀ ਨੂੰ ਕੀਤਾ ਸਸਪੈਂਡ
ਲੁਧਿਆਣਾ : ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਅੱਜ ਹੋਰ ਨਵਾਂ ਅਪਡੇਟ ਸਾਹਮਣੇ ਆਇਆ ਹੈ। ਲੁਧਿਆਣਾ ਬੰਬ ਮਾਮਲੇ ਵਿਚ ਮ੍ਰਿਤਕ ਗਗਨਦੀਪ ਦੀ ਮਹਿਲਾ ਸਾਥੀ ਕਮਲਜੀਤ ਕੌਰ ਨੂੰ ਵੀ ਅੱਜ ਸਸਪੈਂਡ ਕਰ ਦਿੱਤਾ ਗਿਆ ਹੈ। ਐਸ.ਐਸ.ਪੀ ਖੰਨਾ ਬਲਵਿੰਦਰ ਸਿੰਘ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਦੱਸ ਦੇਈਏ ਕਿ ਬਤੌਰ ਪੁਲਸ ਮੁਲਾਜਮ ਇੱਕ ਦੋਸ਼ੀ ਨਾਲ ਸੰਬੰਧ ਰੱਖਣ ਦੇ ਦੋਸ਼ ਹੇਠ ਉਸ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਦੇ ਇਲਾਵਾ ਕਮਲਜੀਤ ਕੌਰ ਖਿਲਾਫ਼ ਵਿਭਾਗੀ ਕਾਰਵਾਈ ਵੀ ਸ਼ੁਰੂ ਕੀਤੀ ਗਈ ਹੈ।
ਐਸ.ਐਸ.ਪੀ ਖੰਨਾ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਗਗਨਦੀਪ ਦੇ ਨਾਲ ਹੋਰ ਲਿੰਕ ਸਾਹਮਣੇ ਆਉਣ 'ਤੇ ਬਰਖ਼ਸਤ ਕੀਤਾ ਜਾ ਸਕਦਾ ਹੈ। ਇਸ ਮਾਮਲੇ ਵਿੱਚ ਐਨ.ਆਈ.ਏ ਵੀ ਲਗਾਤਾਰ ਪੁਛਗਿੱਛ ਕਰ ਰਹੀ ਹੈ।
ਗੌਰਤਲਬ ਹੈ ਕਿ ਸਿੱਖਸ ਫਾਰ ਜਸਟਿਸ (SFJ) ਦੇ ਪ੍ਰਮੁੱਖ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਦਾ ਕਥਿਤ ਤੌਰ 'ਤੇ ਲੁਧਿਆਣਾ ਅਦਾਲਤ ਬਲਾਸਟ ਕੇਸ ਨਾਲ ਸਬੰਧ ਦੱਸਿਆ ਗਿਆ ਹੈ। 23 ਦਸੰਬਰ ਨੂੰ ਲੁਧਿਆਣਾ ਜ਼ਿਲ੍ਹਾ ਅਦਾਲਤੀ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਇੱਕ ਦੀ ਮੌਤ ਹੋ ਗਈ ਸੀ ਅਤੇ ਦੋ ਹੋਰ ਜ਼ਖ਼ਮੀ ਹੋ ਗਏ ਸਨ।
-PTC News