Fri, May 3, 2024
Whatsapp

 ਸਿਹਤ ਟੀਮਾਂ ਵੱਲੋਂ ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ 'ਚੋਂ 14 ਕੁਇੰਟਲ ਮਿਲਾਵਟੀ ਪਨੀਰ ਕੀਤਾ ਜ਼ਬਤ

Written by  Pardeep Singh -- April 06th 2022 07:13 PM
 ਸਿਹਤ ਟੀਮਾਂ ਵੱਲੋਂ ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ 'ਚੋਂ 14 ਕੁਇੰਟਲ ਮਿਲਾਵਟੀ ਪਨੀਰ ਕੀਤਾ ਜ਼ਬਤ

 ਸਿਹਤ ਟੀਮਾਂ ਵੱਲੋਂ ਮੁਹਾਲੀ ਅਤੇ ਪਟਿਆਲਾ ਜ਼ਿਲ੍ਹੇ 'ਚੋਂ 14 ਕੁਇੰਟਲ ਮਿਲਾਵਟੀ ਪਨੀਰ ਕੀਤਾ ਜ਼ਬਤ

ਚੰਡੀਗੜ੍ਹ: ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ 14 ਕੁਇੰਟਲ ਹੋਰ ਮਿਲਾਵਟੀ ਭੋਜਨ ਪਦਾਰਥ ਜ਼ਬਤ ਕੀਤੇ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਜ਼ਿਲ੍ਹਾ ਐਸ.ਏ.ਐਸ.ਨਗਰ ਵਿੱਚ 7 ਕੁਇੰਟਲ 80 ਕਿਲੋ ਨਕਲੀ ਪਨੀਰ ਜ਼ਬਤ ਕਰਨ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਕਸਬੇ ਵਿੱਚ 6 ਕੁਇੰਟਲ 20 ਕਿਲੋ ਪਨੀਰ ਜ਼ਬਤ ਕੀਤਾ ਹੈ। ਇਸ ਦੌਰਾਨ ਸਿਹਤ ਵਿਭਾਗ ਦੀਆਂ ਅੰਤਰ-ਜ਼ਿਲ੍ਹਾ ਟੀਮਾਂ ਨੇ ਵੀ ਦੋ ਦਿਨਾਂ ਵਿੱਚ 13 ਜ਼ਿਲ੍ਹਿਆਂ ਵਿੱਚ ਦੁੱਧ, ਪਨੀਰ, ਖੋਆ, ਪਾਊਡਰ ਵਾਲੇ ਦੁੱਧ, ਘਿਓ ਅਤੇ ਹੋਰ ਖੁਰਾਕੀ ਵਸਤਾਂ ਦੇ 110 ਸੈਂਪਲ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਸਟੇਟ ਫੂਡ ਲੈਬ ਵਿੱਚ ਭੇਜਿਆ ਜਾ ਰਿਹਾ ਹੈ। ਸਿਹਤ ਮੰਤਰੀ ਨੇ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਮਿਲਾਵਟੀ ਜਾਂ ਨਕਲੀ ਭੋਜਨ ਪਦਾਰਥ ਵੇਚ ਕੇ ਸੂਬੇ ਦੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖਾਣ-ਪੀਣ ਦੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਾ ਕਰਨ ਦੀ ਨੀਤੀ ਅਪਣਾਈ ਹੈ । ਡਾ. ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨੂੰ ਸ਼ੁੱਧ ਅਤੇ ਮਿਆਰੀ ਭੋਜਨ ਪਦਾਰਥ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਅਜਿਹੀਆਂ ਕਾਰਵਾਈਆਂ ਇਸੇ ਵਚਨਬੱਧਤਾ ਦਾ ਹਿੱਸਾ ਹਨ। ਹੋਰ ਜਾਣਕਾਰੀ ਦਿੰਦਿਆਂ ਡਾ. ਵਿਜੇ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਮੁਹਾਲੀ ਵਿੱਚ ਘਟੀਆ ਦਰਜੇ ਦੇ ਪਨੀਰ ਦੀ ਸਪਲਾਈ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਇੱਕ ਸੂਚਨਾ ਦੇ ਆਧਾਰ `ਤੇ ਜ਼ਿਲ੍ਹਾ ਸੰਗਰੂਰ ਦੀ ਟੀਮ ਨੇ ਮੁਹਾਲੀ ਦੇ ਵੱਖ-ਵੱਖ ਖੇਤਰਾਂ ਵਿੱਚ ਸਵੇਰੇ 4 ਵਜੇ ਨਾਕੇ ਲਾਏ। ਨਾਕੇ ਦੌਰਾਨ ਬਾਹਰਲੇ ਜਿਲ੍ਹੇ ਤੋਂ ਪਨੀਰ ਸਪਲਾਈ ਕਰਨ ਆਈ ਗੱਡੀ ਵਿੱਚੋਂ ਪਨੀਰ ਦਾ ਸੈਂਪਲ ਭਰਨ ਉਪਰੰਤ 7 ਕੁਇੰਟਲ 80 ਕਿਲੋ ਦਾ ਸਟਾਕ ਜ਼ਬਤ ਕੀਤਾ ਗਿਆ। ਟੀਮ ਨੇ ਪਨੀਰ ਬਣਾਉਣ ਵਾਲੀ ਇਕਾਈ `ਤੇ ਵੀ ਛਾਪਾ ਮਾਰਿਆ ਜੋ ਪਨੀਰ ਦੀ ਸਪਲਾਈ ਕਰਨ `ਚ ਸ਼ਾਮਲ ਸੀ। ਇਸ ਤੋਂ ਇਲਾਵਾ ਟੀਮ ਵੱਲੋਂ ਜ਼ਿਲ੍ਹਾ ਮੁਹਾਲੀ ਵਿਖੇ ਵੱਖ ਵੱਖ ਕਾਰਖਾਨਿਆਂ ਤੋਂ ਦੁੱਧ ਤੋਂ ਬਣੇ ਉਤਪਾਦਾਂ ਅਤੇ ਰੰਗਦਾਰ ਮਿਠਾਈਆਂ ਦੇ 8 ਹੋਰ ਸੈਂਪਲ ਭਰੇ ਗਏ। ਡਾ. ਸਿੰਗਲਾ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਕੀਮਤ `ਤੇ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਅਗਲੇ ਦਿਨਾਂ ਚ ਇਸ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਘਟੀਆ ਦਰਜੇ ਦੀਆਂ ਅਤੇ ਮਿਲਾਵਟੀ ਖੁਰਾਕੀ ਵਸਤਾਂ ਦੀ ਵਿਕਰੀ ਦਾ ਪਤਾ ਚਲਦਾ ਹੈ ਤਾਂ ਉਹ ਸੂਬਾ ਸਰਕਾਰ ਵੱਲੋਂ ਜਾਰੀ ਸ਼ਿਕਾਇਤ ਨਿਵਾਰਣ ਨੰਬਰ `ਤੇ ਤੁਰੰਤ ਜਾਣਕਾਰੀ ਦੇਣ। ਸਿਹਤ ਮੰਤਰੀ ਨੇ ਕਿਹਾ ਕਿ ਇਸ ਮੁਹਿੰਮ ਦਾ ਇੱਕੋ-ਇੱਕ ਉਦੇਸ਼ ਖੁਰਾਕੀ ਵਸਤਾਂ ਵਿੱਚ ਮਿਲਾਵਟਖੋਰੀ ਨੂੰ ਰੋਕਣਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਦੁੱਧ ਵੇਚਣ ਵਾਲਿਆਂ ਜਾਂ ਡੇਅਰੀ ਉਤਪਾਦਾਂ ਦੇ ਵਪਾਰੀਆਂ ਨੂੰ ਬਿਨਾਂ ਵਜ੍ਹਾ ਤੰਗ-ਪ੍ਰੇਸ਼ਾਨ ਨਹੀਂ ਕੀਤਾ ਜਾਵੇਗਾ। ਇਹ ਵੀ ਪੜ੍ਹੋ:ਹੁਣ ਨਾਗਰਿਕ ਸਾਈਬਰ ਵਿੱਤੀ ਧੋਖਾਧੜੀ ਨਾਲ ਸਬੰਧਿਤ ਸ਼ਿਕਾਇਤਾਂ ਦਰਜ ਕਰਨ ਲਈ 1930 'ਤੇ ਕਰੋ ਕਾਲ -PTC News


Top News view more...

Latest News view more...