ਮੁੱਖ ਖਬਰਾਂ

ਲੁਧਿਆਣਾ ਬਲਾਸਟ ਮਗਰੋਂ ਪੰਜਾਬ 'ਚ ਹਾਈ ਅਲਰਟ, ਗ੍ਰਹਿ ਮੰਤਰਾਲੇ ਨੇ ਵੀ ਪੰਜਾਬ ਤੋਂ ਮੰਗੀ ਰਿਪੋਰਟ

By Riya Bawa -- December 23, 2021 4:20 pm -- Updated:December 23, 2021 5:16 pm

ਲੁਧਿਆਣਾ: ਲੁਧਿਆਣਾ ਦੀ ਜ਼ਿਲ੍ਹਾ ਅਦਾਲਤ 'ਚ ਹੋਏ ਧਮਾਕੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਪੰਜ ਲੋਕ ਜ਼ਖ਼ਮੀ ਹੋ ਗਏ ਹਨ। ਘਟਨਾ ਤੋਂ ਬਾਅਦ ਚਾਰੇ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਨਾਲ ਹੀ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਵੀਰਵਾਰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ ਦੀ ਐਸ.ਆਈ.ਟੀ. ਤੋਂ ਜਾਂਚ ਕਰਵਾਉਣ ਲਈ ਡੀ.ਜੀ.ਪੀ ਪੰਜਾਬ ਤੋਂ ਮੰਗ ਕੀਤੀ ਹੈ।

ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਧਮਾਕੇ ਦਾ ਨੋਟਿਸ ਲੈਂਦਿਆਂ ਚਿੰਤਾ ਪ੍ਰਗਟਾਈ ਹੈ। ਹਾਈ ਕੋਰਟ ਨੇ ਪੰਜਾਬ ਅਤੇ ਹਰਿਆਣਾ ਦੀਆਂ ਸਾਰੀਆਂ ਅਦਾਲਤਾਂ ਵਿੱਚ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ।

ਇਸ ਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਗਈ ਹੈ। ਲੁਧਿਆਣਾ ਅਦਾਲਤੀ ਕੰਪਲੈਕਸ ਹੋਏ ਧਮਾਕੇ ਬਾਰੇ ਗ੍ਰਹਿ ਮੰਤਰਾਲੇ ਨੇ ਪੰਜਾਬ ਤੋਂ ਰਿਪੋਰਟ ਮੰਗੀ ਹੈ।

ਹਾਲਾਂਕਿ ਭੁੱਲਰ ਨੇ ਆਤਮਘਾਤੀ ਹਮਲਾਵਰ ਦੇ ਏਂਗਲ ਬਾਰੇ ਕੁਝ ਨਹੀਂ ਕਿਹਾ, ਪਰ ਉਨ੍ਹਾਂ ਨੇ ਇਹ ਜ਼ਰੂਰ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਨੇ ਇਹ ਵਿਸਫੋਟਕ ਘਟਨਾ ਸਥਾਨ 'ਤੇ ਲਾਇਆ ਸੀ ਅਤੇ ਇਸੇ ਦੌਰਾਨ ਧਮਾਕਾ ਹੋਇਆ। ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਇਸ ਕਥਿਤ ਆਤਮਘਾਤੀ ਹਮਲਾਵਰ ਦਾ ਧੜ ਅਤੇ ਲੱਤਾਂ ਧਮਾਕੇ 'ਚ ਰਗੜ ਗਈਆਂ। ਫੋਰੈਂਸਿਕ ਟੀਮ ਲਾਸ਼ ਦੀ ਜਾਂਚ ਕਰ ਰਹੀ ਹੈ, ਤਾਂ ਜੋ ਇਹ ਪੁਸ਼ਟੀ ਹੋ ​​ਸਕੇ ਕਿ ਇਹ ਮੁੱਖ ਤੌਰ 'ਤੇ ਆਤਮਘਾਤੀ ਹਮਲਾਵਰ ਹੈ।

ਲੁਧਿਆਣਾ ਦੀ ਅਦਾਲਤ 'ਚ ਹੋਏ ਧਮਾਕੇ ਤੋਂ ਬਾਅਦ NIA ਤੇ NSG ਨੂੰ ਜਾਂਚ ਲਈ ਉੱਥੇ ਭੇਜਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਐਨਆਈਏ ਦੀਆਂ ਦੋ ਟੀਮਾਂ ਲੁਧਿਆਣਾ ਜਾ ਰਹੀਆਂ ਹਨ। ਇਸ ਦੇ ਨਾਲ ਹੀ ਐਨਐਸਜੀ ਦੀ ਇੱਕ ਟੀਮ ਲੁਧਿਆਣਾ ਜਾਵੇਗੀ। ਨੈਸ਼ਨਲ ਬੰਬ ਡਾਟਾ ਸੈਂਟਰ ਦੀ ਟੀਮ ਵੀ ਲੁਧਿਆਣਾ ਭੇਜੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਧਮਾਕਾ ਦੂਜੀ ਮੰਜ਼ਿਲ 'ਤੇ ਸਥਿਤ ਬਾਥਰੂਮ 'ਚ ਹੋਇਆ। ਬਾਥਰੂਮ 'ਚੋਂ ਇਕ ਕੱਟੀ ਹੋਈ ਲਾਸ਼ ਬਰਾਮਦ ਹੋਈ। ਸ਼ੱਕ ਹੈ ਕਿ ਇਹ ਲਾਸ਼ ਆਤਮਘਾਤੀ ਹਮਲਾਵਰ ਦੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੱਤੀ ਹੈ ਕਿ ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਸ ਵਿਅਕਤੀ ਦੀ ਲਾਸ਼ ਮਿਲੀ ਸੀ, ਉਸ ਵਿੱਚ ਵਿਸਫੋਟਕ ਸੀ।

 

-PTC News

  • Share