ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ: ਕਸਬੇ ਦੇ ਹਰ ਮੋੜ 'ਤੇ ਨਾਕਾਬੰਦੀ
ਚੰਡੀਗੜ੍ਹ: ਪੰਜਾਬੀ ਗਾਇਕ ਤੋਂ ਸਿਆਸਤਦਾਨ ਬਣੇ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪੂਰੇ ਜ਼ਿਲ੍ਹੇ ਵਿੱਚ ਐਂਟਰੀ ਪੁਆਇੰਟਾਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਮਾਨਸਾ ਦੇ ਪਿੰਡ ਮੂਸੇਵਾਲਾ ਨੂੰ ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਘੇਰ ਲਿਆ ਹੈ। ਇਸ ਦੇ ਨਾਲ ਹੀ ਮਾਨਸਾ ਨੂੰ ਜਾਣ ਵਾਲੀ ਹਰ ਸੜਕ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸ਼ੱਕੀਆਂ ਨੂੰ ਰੋਕ ਕੇ ਪੁੱਛਗਿੱਛ ਕਰਨ ਤੋਂ ਬਾਅਦ ਹੀ ਅੱਗੇ ਵਧਣ ਦਿੱਤਾ ਜਾ ਰਿਹਾ ਹੈ।
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਦੇਸ਼-ਵਿਦੇਸ਼ 'ਚ ਉਨ੍ਹਾਂ ਦੇ ਪ੍ਰਸ਼ੰਸਕਾਂ 'ਚ ਭਾਰੀ ਗੁੱਸਾ ਹੈ। ਲੋਕਾਂ ਅਤੇ ਸਿਆਸੀ ਪਾਰਟੀਆਂ ਵਿੱਚ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਗੁੱਸਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਅਮਨ ਕਾਨੂੰਨ ਦੀ ਵਿਵਸਥਾ ਬਰਕਰਾਰ ਨਹੀਂ ਰੱਖੀ ਜਾ ਰਹੀ। ਕਿਤੇ ਗੋਲੀਆਂ ਚੱਲ ਰਹੀਆਂ ਹਨ ਤੇ ਕਿਤੇ ਲੁੱਟਮਾਰ।
ਲੋਕਾਂ ਦਾ ਕਹਿਣਾ ਹੈ ਕਿ ਵੀਆਈਪੀਜ਼ ਦੀ ਸੁਰੱਖਿਆ ਵਾਪਸ ਲੈ ਕੇ ਸਰਕਾਰ ਨੇ ਵੱਡੀ ਗਲਤੀ ਕੀਤੀ ਹੈ। ਮੂਸੇਵਾਲਾ ਨੂੰ ਕਈ ਵਾਰ ਧਮਕੀਆਂ ਮਿਲੀਆਂ ਸਨ ਪਰ ਸਰਕਾਰ ਨੇ ਮੂਸੇਵਾਲਾ ਦੀ ਸੁਰੱਖਿਆ ਪ੍ਰਤੀ ਗੰਭੀਰਤਾ ਨਹੀਂ ਦਿਖਾਈ। ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਵਧਦਾ ਜਾ ਰਿਹਾ ਹੈ। ਹੁਣ ਇਹ ਚਰਚਾ ਆਮ ਹੋ ਗਈ ਹੈ ਕਿ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ। ਪਹਿਲੀ ਵਾਰ ਨਵੀਂ ਪਾਰਟੀ ਦੀ ਸਰਕਾਰ ਬਣੀ ਹੈ ਅਤੇ ਸਥਿਤੀ ਸਥਿਰ ਨਹੀਂ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੀ ਮੌਤ ਤੋਂ ਦੁਖੀ ਹਾਂ, ਸਰਕਾਰ ਦੋਸ਼ੀਆਂ ਨੂੰ ਜਲਦੀ ਕਰੇ ਗ੍ਰਿਫਤਾਰ : ਸੁਖਬੀਰ ਸਿੰਘ ਬਾਦਲ
ਮਾਨਸਾ ਤੋਂ ਲੈ ਕੇ ਜ਼ਿਲ੍ਹਾ ਲੁਧਿਆਣਾ ਦੀਆਂ ਸੜਕਾਂ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਦੇਖਣ ਨੂੰ ਮਿਲੇ। ਹਾਦਸੇ ਤੋਂ ਬਾਅਦ ਪੁਲਿਸ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟ ਅਤੇ ਐਗਜ਼ਿਟ ਪੁਆਇੰਟ ਨੂੰ ਸੀਲ ਕਰ ਦਿੱਤਾ ਗਿਆ ਹੈ। ਫ਼ਿਰੋਜ਼ਪੁਰ ਰੋਡ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਹੈ। ਇਸ ਦੇ ਨਾਲ ਹੀ ਮੁੱਲਾਂਪੁਰ, ਸੁਧਾਰ, ਰਾਏਕੋਟ ਆਦਿ ਥਾਵਾਂ 'ਤੇ ਪੁਲਿਸ ਨੇ ਹਾਈ ਅਲਰਟ ਤਹਿਤ ਨਾਕਾਬੰਦੀ ਕਰ ਦਿੱਤੀ ਹੈ।
-PTC News