
ਟੋਕੀਓ : ਟੋਕੀਓ ਓਲੰਪਿਕਸ ਦੇ 11ਵੇਂ ਦਿਨ ਭਾਰਤ ਦੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ।ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਵਿਸ਼ਵ ਚੈਂਪੀਅਨ ਆਸਟਰੇਲੀਆ ਨੂੰ ਹਰਾਇਆ ਹੈ। ਰਾਣੀ ਰਾਮਪਾਲ ਦੀ ਇਸ ਟੀਮ ਨੇ ਕੁਆਰਟਰ ਫਾਈਨਲ ਵਿੱਚ ਆਸਟਰੇਲੀਆ ਨੂੰ 1-0 ਨਾਲ ਹਰਾਇਆ ਹੈ। ਇਸ ਜਿੱਤ ਨਾਲ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ।
ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅੱਜ ਮੁੜ ਖੁੱਲ੍ਹੇ ਸਾਰੇ ਸਕੂਲ , ਇਹ ਸ਼ਰਤਾਂ ਹੋਣਗੀਆਂ ਲਾਗੂ
ਇਸ ਨਾਲ ਉਸ ਨੇ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਥਾਂ ਬਣਾਈ ਹੈ। ਭਾਰਤ ਅੱਜ ਅਥਲੈਟਿਕਸ ਵਿੱਚ ਵੀ ਇਤਿਹਾਸ ਸਿਰਜ ਸਕਦਾ ਹੈ। ਕਮਲਪ੍ਰੀਤ ਕੌਰ ਡਿਸਕਸ ਥ੍ਰੋ ਦੇ ਫਾਈਨਲ ਵਿੱਚ ਪ੍ਰਵੇਸ਼ ਕਰੇਗੀ। ਜੇਕਰ ਉਹ ਮੈਡਲ ਜਿੱਤਣ ਵਿੱਚ ਕਾਮਯਾਬ ਹੋ ਜਾਂਦੀ ਹੈ ਤਾਂ ਉਹ ਅਥਲੈਟਿਕਸ ਵਿੱਚ ਮੈਡਲ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਜਾਵੇਗੀ
ਭਾਰਤ ਨੇ ਖੇਡ ਦੇ ਪਹਿਲੇ ਕੁਆਰਟਰ ਤੋਂ ਹੀ ਵਿਰੋਧੀ ਟੀਮ 'ਤੇ ਦਬਦਬਾ ਬਣਾ ਕੇ ਰੱਖਿਆ। ਭਾਰਤ ਦੀ ਗੁਰਜੀਤ ਕੌਰ ਨੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਭਾਰਤ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਦੂਜੇ ਅਤੇ ਤੀਜੇ ਕੁਆਰਟਰ ਵਿੱਚ ਆਸਟਰੇਲੀਆਈ ਟੀਮ ਨੇ ਹਮਲਾਵਰ ਖੇਡ ਖੇਡੀ ਪਰ ਵਾਪਸੀ ਕਰਨ ਵਿੱਚ ਅਸਫਲ ਰਹੀ। ਆਖ਼ਰੀ ਕੁਆਰਟਰ ਵਿੱਚ ਵੀ ਆਸਟ੍ਰੇਲੀਆਈ ਟੀਮ ਪੈਨਲਟੀ ਕਾਰਨਰ ਦਾ ਫ਼ਾਇਦਾ ਉਠਾਉਣ ਵਿੱਚ ਅਸਫਲ ਰਹੀ।
ਭਾਰਤੀ ਮਹਿਲਾ ਟੀਮ ਨੇ ਪਹਿਲੀ ਵਾਰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਭਾਰਤੀ ਟੀਮ ਲਈ ਇਹ ਤੀਜੀ ਓਲੰਪਿਕਸ ਹੈ, ਇਸ ਤੋਂ ਪਹਿਲਾਂ ਭਾਰਤੀ ਮਹਿਲਾ ਹਾਕੀ ਟੀਮ ਨੇ 1980 ਮਾਸਕੋ ਓਲੰਪਿਕਸ ਅਤੇ 2016 ਰੀਓ ਓਲੰਪਿਕਸ ਵਿੱਚ ਹਿੱਸਾ ਲਿਆ ਸੀ। ਭਾਰਤੀ ਟੀਮ ਰੀਓ ਵਿੱਚ ਆਖਰੀ ਸਥਾਨ 'ਤੇ ਰਹੀ ਸੀ। ਇਸ ਤੋਂ ਪਹਿਲਾਂ ਐਤਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ ਬ੍ਰਿਟੇਨ ਨੂੰ ਹਰਾ ਕੇ 49 ਸਾਲਾਂ ਬਾਅਦ ਓਲੰਪਿਕ ਖੇਡਾਂ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।