Faridkot News : ਬੀਤੇ ਕਰੀਬ ਇਕ ਮਹੀਨੇ ਤੋਂ ਪੰਜਾਬ ਭਰ ਵਿਚ ਮੌਸਮ ਨੇ ਅਜਿਹੀ ਕਰਵਟ ਲਈ ਹੈ ਕਿ ਸਾਰੇ ਹੀ ਪੰਜਾਬ ਦੇ ਲੋਕਾਂ ਦੀ ਜਿੰਦਗੀ ਅਸਤ ਵਿਅਸਤ ਹੋ ਗਈ ਨਜ਼ਰ ਆਉਂਦੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਹਜ਼ਾਰਾਂ ਪਿੰਡ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪੰਜਾਬੀ ਹੀ ਅੱਗੇ ਆ ਰਹੇ ਹਨ ਅਤੇ ਉਹਨਾਂ ਦੇ ਦੁੱਖ ਵਿਚ ਸ਼ਰੀਕ ਹੋ ਕਿ ਦੁਖ ਵੰਡਾਉਣ ਦੀ ਗੱਲ ਹੋ ਰਹੀ ਹੈ ਪਰ ਅਜਿਹੇ ਵਿਚ ਕੁਝ ਲੋਕ ਅਜਿਹੇ ਵੀ ਹਨ ਜੋ ਬੇਸ਼ੱਕ ਹੜ੍ਹਾਂ ਦੀ ਮਾਰ ਵਾਲੇ ਏਰੀਏ ਵਿਚ ਤਾਂ ਨਹੀਂ ਰਹਿੰਦੇ ਪਰ ਖਰਾਬ ਮੌਸ਼ਮ ਦੀ ਮਾਰ ਨੇ ਉਹਨਾਂ ਦੇ ਚੁੱਲ੍ਹਿਆਂ ਦੀ ਅੱਗ ਵੀ ਬੁਝਾ ਦਿੱਤੀ ਹੈ ਅਤੇ ਉਹ ਵੀ ਦੋ ਵਕਤ ਦੀ ਰੋਟੀ ਲਈ ਹੁਣ ਸਮਾਜ ਸੇਵੀ ਸੰਸਥਾਵਾਂ ਜਾਂ ਪੰਜਾਬ ਸਰਕਾਰ ਦੀ ਕਿਸੇ ਮਦਦ ਦੀ ਉਡੀਕ ਕਰਨ ਲੱਗੇ ਹਨ।ਦਰਅਸਲ ਮਾਮਲਾ ਫਰੀਦਕੋਟ ਜਿਲ੍ਹੇ ਦਾ ਹੈ। ਫਰੀਦਕੋਟ ਜਿਲ੍ਹੇ ਅੰਦਰ ਵੀ ਬੀਤੇ ਕਰੀਬ ਇਕ ਮਹੀਨੇ ਤੋਂ ਰੁਕ -ਰੁਕ ਕੇ ਬਰਸਾਤ ਹੋ ਰਹੀ ਹੈ। ਜਿਸ ਕਾਰਨ ਕਰੀਬ ਇਕ ਮਹੀਨੇ ਤੋਂ ਹੀ ਕੰਮ ਕਾਰ ਕਾਫੀ ਪ੍ਰਭਾਵਿਤ ਹੋਇਆ ਹੋਇਆ ਹੈ ਅਤੇ ਮਜਦੂਰ ਵਰਗ ਦਾ ਕੰਮ ਲਗਭਗ ਠੱਪ ਹੀ ਪਿਆ ਹੈ। ਫਰੀਦਕੋਟ ਦੇ ਲੇਬਰ ਚੌਂਕ ਵਿਚ ਜਾ ਕੇ ਜਦੋਂ ਮਜਦੂਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹ ਫਰੀਦਕੋਟ ਦੇ ਨਾਲ ਲਗਦੇ ਪਿੰਡਾਂ ਤੋਂ ਆਉਂਦੇ ਹਨ ਅਤੇ ਇਥੋਂ ਜਿਸ ਨੂੰ ਵੀ ਕਿਸੇ ਕੰਮਕਾਰ ਸੰਬੰਧੀ ਕਾਮਿਆ ਦੀ ਲੋੜ ਹੁੰਦੀ ਹੈ, ਉਹ ਲੈ ਜਾਂਦਾ ਹੈ। ਮਜ਼ਦੂਰਾਂ ਨੇ ਦੱਸਿਆ ਕਿ ਬੀਤੇ ਕਰੀਬ 1 ਮਹੀਨੇ ਤੋਂ ਬਰਸਾਤ ਕਾਰਨ ਕੰਮਕਾਰ ਬਿਲਕੁਲ ਬੰਦ ਪਿਆ,ਉਹ ਹਰ ਰੋਜ਼ ਕੰਮ ਦੀ ਭਾਲ ਲਈ ਆਂਉਂਦੇ ਹਨ ਪਰ ਇਥੋਂ ਖਾਲੀ ਹੱਥ ਘਰਾਂ ਨੂੰ ਪਰਤਣਾਂ ਪੈਂਦਾ। ਉਹਨਾਂ ਕਿਹਾ ਕਿ ਕੋਈ ਵੀ ਹੋਵੇ ਖਰਾਬ ਮੌਸਮ ਵਿਚ ਕੋਈ ਵੀ ਆਪਣਾਂ ਕੰਮ ਨਹੀਂ ਚਲਾਉਦਾਂ, ਤਾਹੀਂ ਕਿਸੇ ਨੂੰ ਦਿਹਾੜੀ ਨਹੀਂ ਮਿਲਦੀ, ਨਾਲ ਹੀ ਜੇਕਰ ਕੋਈ ਕੰਮ ਚਲਦਾ ਉਸ ਲਈ ਕੋਈ ਲੇਬਰ ਲੈਣ ਆਉਂਦਾ ਹੈ ਤਾਂ ਉਹ ਕੰਮ ਦਾ ਸਹੀ ਮੁੱਲ ਦੇਣ ਨੂੰ ਤਿਆਰ ਨਹੀਂ ਹੁੰਦਾ। ਉਹਨਾਂ ਕਿਹਾ ਕਿ ਬੇਸ਼ੱਕ ਉਹਨਾਂ ਦੇ ਲਾਭਪਾਤਰੀ ਕਾਰਡ ਬਣੇ ਹਨ ਪਰ ਉਹਨਾਂ ਦਾ ਵੀ ਕੋਈ ਲਾਭ ਮਜਦੂਰ ਵਰਗ ਨੂੰ ਨਹੀਂ ਮਿਲ ਰਿਹਾ। ਉਹਨਾਂ ਕਿਹਾ ਕਿ ਮੁਫਤ ਮਿਲਣ ਵਾਲੀ ਕਣਕ ਦੇ ਵੀ ਬਹੁਤੇ ਕਾਰਡ ਬੰਦ ਕਰ ਦਿੱਤੇ ਗਏ ਜਾਂ ਜਿੰਨਾਂ ਨੂੰ ਕੋਈ ਕਣਕ ਵਗੈਰਾ ਮਿਲਦੀ ਹੈ, ਉਹ ਵੀ ਪੂਰੀ ਨਹੀਂ ਮਿਲਦੀ। ਮਜਦੂਰਾਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਏਰੀਏ ਦੇ ਲੋਕਾਂ ਦੀ ਮਦਦ ਲਈ ਤਾਂ ਸਭ ਅੱਗੇ ਆ ਰਹੇ ਹਨ ਪਰ ਜੋ ਲੋਕ ਮੌਸਮ ਦੀ ਮਾਰ ਕਾਰਨ ਕੰਮ ਕਾਰ ਤੋਂ ਵਿਹਲੇ ਬੈਠੇ ਹਨ ਉਹਨਾਂ ਦੀ ਵੀ ਮਦਦ ਕੀਤੀ ਜਾਵੇ।