Ludhiana News : ਭਾਰੀ ਬਾਰਿਸ਼ ਕਾਰਨ ਪੰਜਾਬ ਦੇ ਕਾਫ਼ੀ ਹਿੱਸੇ ਹੜ੍ਹ ਦੀ ਲਪੇਟ ਵਿਚ ਹਨ ਤੇ ਲਗਾਤਾਰ ਕਈ ਦਿਨਾਂ ਤੋਂ ਜਾਰੀ ਬਾਰਿਸ਼ ਕਾਰਨ ਲੁਧਿਆਣਾ ਵਿਚ ਵੀ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਬੀਤੇ ਕੱਲ੍ਹ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਲੁਧਿਆਣਾ ਵਿਚੋਂ ਲੰਘ ਰਿਹਾ ਬੁੱਢਾ ਨਾਲਾ ਵੀ ਪੂਰੀ ਤਰ੍ਹਾਂ ਪਾਣੀ ਭਰਨ ਨਾਲ ਓਵਰਫਲੋਅ ਹੋ ਗਿਆ ਹੈ। ਸ਼ਿਵਪੁਰੀ ਦੇ ਇਲਾਕੇ ਵਿਚ ਬੁੱਢਾ ਨਾਲਾ ਬੰਨ੍ਹ ਤੋੜ ਕੇ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਪਾਣੀ ਭਰ ਗਿਆ। ਅੱਜ ਸਵੇਰ ਤੋਂ ਹੋ ਰਹੀ ਬਰਸਾਤ ਕਾਰਨ ਸੜਕਾਂ ਤੇ ਗਲੀਆਂ ਵਿਚ ਕਈ-ਕਈ ਫੁੱਟ ਪਾਣੀ ਖੜ੍ਹ ਗਿਆ ਹੈ। ਬਾਰਿਸ਼ ਨਾ ਰੁਕਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ। ਇਸ ਤੋਂ ਇਲਾਵਾ ਬੁੱਢੇ ਨਾਲੇ ਵਿਚ ਪਾਣੀ ਦਾ ਪੱਧਰ ਵੀ ਕਾਫ਼ੀ ਵੱਧ ਗਿਆ ਹੈ। ਕੇਂਦਰੀ ਜੇਲ੍ਹ ਦੇ ਨੇੜੇ ਵੀ ਬੁੱਢਾ ਨਾਲਾ ਓਵਰਫਲੋਅ ਚੱਲ ਰਿਹਾ ਹੈ। ਬੁੱਢੇ ਦਰਿਆ ਦੇ ਓਵਰਫਲੋ ਹੋਣ ਨਾਲ ਲੋਕਾਂ ਵਿਚ ਡਰ ਅਤੇ ਸਹਿਮ ਬਣ ਗਿਆ ਹੈ। ਉੱਥੇ ਹੀ ਮੌਸਮ ਵਿਭਾਗ ਵੱਲੋਂ ਅੱਜ ਜ਼ਿਲ੍ਹੇ ਵਿਚ ਮੀਂਹ ਦਾ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਬੁੱਢਾ ਨਾਲਾ ਸਤਿਲੁਜ ਦਰਿਆ ਵਿਚ ਡਿੱਗਦਾ ਹੈ। ਜੇਕਰ ਸਤਿਲੁਜ ਦਰਿਆ ਖ਼ੁਦ ਓਰਵਫ਼ਲੋ ਹੁੰਦਾ ਹੈ ਤਾਂ ਬੁੱਢੇ ਨਾਲੇ ਦੀ ਨਿਕਾਸੀ ਬਿਲਕੁੱਲ ਬੰਦ ਹੋ ਜਾਵੇਗੀ ਤੇ ਲੁਧਿਆਣਾ ਵਿਚ ਭਾਰੀ ਬਾਰਿਸ਼ ਕਾਰਨ ਬੁੱਢਾ ਨਾਲਾ ਉਫ਼ਾਨ 'ਤੇ ਆ ਗਿਆ ਹੈ। ਬੁੱਢਾ ਨਾਲਾ ਖ਼ਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਵਹਿ ਰਿਹਾ ਹੈ। ਸੀਵਰੇਜ ਲਾਈਨਾਂ ਓਵਰਫਲੋ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਵਾਪਸ ਆ ਰਿਹਾ ਹੈ। ਮੀਂਹ ਕਾਰਨ ਲੋਕ ਆਪਣੇ ਘਰਾਂ ਤੱਕ ਸੀਮਤ ਹਨ।ਇਸ ਤੋਂ ਇਲਾਵਾ ਸ਼ਹਿਰ ਦੇ ਦਮੋਰੀਆ ਪੁਲ਼ ਨੇੜੇ ਵੀ ਮੀਂਹ ਕਾਰਨ ਤਬਾਹੀ ਦਾ ਖ਼ੌਫ਼ਨਾਕ ਮੰਜ਼ਰ ਵੇਖਣ ਨੂੰ ਮਿਲਿਆ ਹੈ। ਉੱਥੇ ਕੰਧ ਦੇ ਨਾਲ ਪਾਰਕ ਕੀਤੀਆਂ ਗਈਆਂ ਤਕਰੀਬਨ ਅੱਧਾ ਦਰਜਨ ਗੱਡੀਆਂ 'ਤੇ ਕੰਧ ਡਿੱਗ ਗਈ, ਜਿਸ ਕਾਰਨ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਹਨ। ਦੱਸ ਦੇਈਏ ਕਿ ਪੰਜਾਬ ਦੇ 9 ਜ਼ਿਲ੍ਹੇ ਇਸ ਸਮੇਂ ਹੜ੍ਹਾਂ ਦੀ ਲਪੇਟ ਵਿੱਚ ਹਨ ,ਜਿਸ ਕਾਰਨ ਲੁਧਿਆਣਾ ਵਿੱਚ ਪ੍ਰਸ਼ਾਸਨ ਵੀ ਅਲਰਟ ਮੋਡ 'ਤੇ ਆ ਗਿਆ ਹੈ। ਰਾਤ 3 ਵਜੇ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਲੋਕਾਂ ਦਾ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਸ਼ਹਿਰ ਵਿੱਚ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ।