ਵਿਆਹ ਸਮਾਗਮ ਦੌਰਾਨ ਹੋਇਆ ਜ਼ਬਰਦਸਤ ਹੰਗਾਮਾ, ਚੱਲੀਆਂ ਗੋਲੀਆਂ
ਫਗਵਾੜਾ: ਫਗਵਾੜਾ ਦੇ ਇੱਕ ਪੈਲੇਸ 'ਚ ਚੱਲ ਰਹੇ ਵਿਆਹ ਸਮਾਗਮ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਕਾਰ ਦੀ ਪਾਰਕਿੰਗ ਨੂੰ ਲੈ ਕੇ ਲੜਕਾ ਅਤੇ ਲੜਕੀ ਪੱਖ ਨਾਲ ਸਬੰਧਤ ਦੱਸੇ ਜਾਂਦੇ ਪ੍ਰਾਹੁਣਿਆਂ ਵਿਚ 'ਚ ਜ਼ਬਰਦਸਤ ਲੜਾਈ ਹੋ ਗਈ। ਜਿਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ।
ਮਿਲੀ ਜਾਣਕਾਰੀ ਮੁਤਾਬਕ ਮਾਮਲੇ ਵਿਚ ਇਕ ਵਿਅਕਤੀ, ਜਿਸ ਦੀ ਪਛਾਣ ਬਲਵੀਰ ਸਿੰਘ ਵਾਸੀ ਫਗਵਾੜਾ ਹੈ, ਨੂੰ ਗੋਲੀ ਲੱਗੀ ਹੈ। ਜਦਕਿ ਇਕ ਹੋਰ ਵਿਅਕਤੀ ਬਲਵਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜ਼ਿਲ੍ਹਾ ਹੁਸ਼ਿਆਰਪੁਰ ਤੇਜ਼ ਹਥਿਆਰਾਂ ਦੇ ਵਾਰ ਨਾਲ ਜ਼ਖ਼ਮੀ ਹੋ ਗਿਆ ਹੈ।
ਹੋਰ ਪੜ੍ਹੋ: ਕੈਪਟਨ ਦੇ ‘ਸਾਧੂ’ ਦਾ ਕਿਸਾਨਾਂ ਵੱਲੋਂ ਜ਼ਬਰਦਸਤ ਵਿਰੋਧ, ਜੰਮ ਕੇ ਕੀਤੀ ਨਾਅਰੇਬਾਜ਼ੀ
ਦੋਹਾਂ ਜ਼ਖ਼ਮੀਆਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਹੈ, ਜਿੱਥੇ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਬਲਵੀਰ ਸਿੰਘ ਨੂੰ ਸਰਕਾਰੀ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਲੁਧਿਆਣਾ ਦੇ ਡੀ. ਐੱਮ. ਸੀ ਹਸਪਤਾਲ ਲਈ ਰੈਫਰ ਕਰ ਦਿੱਤਾ ਹੈ। ਸਥਾਨਕ ਪੁਲਿਸ ਮੁਤਾਬਕ ਤਿੰਨ ਵਿਅਕਤੀਆਂ ਨੂੰ ਇਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ, ਜਿਨ੍ਹਾਂ ਪਾਸੋਂ ਨਾਜਾਇਜ਼ ਅਸਲਾ ਵੀ ਪੁਲਸ ਨੇ ਬਰਾਮਦ ਕੀਤਾ ਹੈ।
ਲੜਕੀ ਅਮਰੀਕਾ ਦੇ ਕੈਲੀਫੋਰਨੀਆ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜਦਕਿ ਉਸ ਦਾ ਪਰਿਵਾਰ ਮੁੱਢਲੇ ਤੌਰ 'ਤੇ ਫਗਵਾੜਾ ਦੇ ਮੁਹੱਲਾ ਤੇਲੀਆਂ ਨਾਲ ਸਬੰਧਤ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਬਾਰਾਤ ਜਲੰਧਰ ਤੋਂ ਆਈ ਸੀ ਅਤੇ ਲੜਕਾ ਵੀ ਜਲੰਧਰ ਦਾ ਹੀ ਰਹਿਣ ਵਾਲਾ ਹੈ। ਉਨ੍ਹਾਂ ਕਿਹਾ ਕਿ ਝਗੜਾ ਉਸ ਵੇਲੇ ਸ਼ੁਰੂ ਹੋਇਆ ਜਦੋਂ ਪੈਲੇਸ ਵਿਚ ਕਾਰ ਪਾਰਕਿੰਗ ਨੂੰ ਲੈ ਕੇ ਦੋਹਾਂ ਪੱਖਾਂ ਨਾਲ ਸਬੰਧਤ ਪ੍ਰਾਹੁਣਿਆਂ ਦੀ ਆਪਸੀ ਗੱਲਬਾਤ ਨੂੰ ਲੈ ਕੇ ਬਹਿਸ ਹੋ ਗਈ, ਜੋ ਬਾਅਦ ਵਿਚ ਕੌਮੀ ਰਾਜਮਾਰਗ ਨੰਬਰ 1 'ਤੇ ਫਾਇਰਿੰਗ ਅਤੇ ਕੁੱਟਮਾਰ ਤੱਕ ਜਾ ਪੁੱਜੀ।
-PTC News