Fast Food ਖਾਣ ਵਾਲੇ ਹੋ ਜਾਣ ਸਾਵਧਾਨ ! ਸੀਵਰੇਜ ਦੇ ਗੰਦੇ ਪਾਣੀ 'ਚ ਧੋਤੇ ਜਾ ਰਹੇ ਸੀ ਬਰਤਨ ,ਵੀਡੀਓ ਵਾਇਰਲ
Sri Muktsar Sahib News : ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਰੋਡ 'ਤੇ ਇਕ ਚਾਇਨੀਜ਼ ਫਾਸਟ ਫੂਡ ਵਾਲੇ ਦੀ ਸ਼ਰਮਨਾਕ ਹਰਕਤ ਸਾਹਮਣੇ ਆਈ ਹੈ। ਗੰਦੇ ਸੀਵਰੇਜ ਦੇ ਪਾਣੀ ਵਿੱਚ ਬਰਤਨ ਧੋਣ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਥਾਨਕ ਨੌਜਵਾਨਾਂ ਵੱਲੋਂ ਰਿਕਾਰਡ ਕੀਤੀ ਇਹ ਤਸਵੀਰਾਂ ਲੋਕਾਂ ਵਿੱਚ ਗੁੱਸਾ ਭਰ ਰਹੀਆਂ ਹਨ। ਸਿਹਤ ਵਿਭਾਗ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਕਿ ਕੋਟਕਪੂਰਾ ਰੋਡ 'ਤੇ ਇੱਕ ਚਾਇਨੀਜ਼ ਫਾਸਟ ਫੂਡ ਸਟਾਲ ਦੇ ਕਰਮਚਾਰੀ ਨੇ ਸੀਵਰੇਜ ਲਾਈਨ ਦੇ ਬਲਾਕ ਹੋਣ ਕਰਕੇ ਢਾਬੇ ਦੇ ਨੇੜੇ ਇਕੱਠੇ ਹੋਏ ਗੰਦੇ ਪਾਣੀ ਵਿੱਚ ਬਰਤਨ ਰੱਖ ਕੇ ਉਨ੍ਹਾਂ ਨੂੰ ਧੋਣਾ ਸ਼ੁਰੂ ਕਰ ਦਿੱਤਾ। ਸਥਾਨਕ ਨੌਜਵਾਨਾਂ, ਜਿਨ੍ਹਾਂ ਨੇ ਇਹ ਤਸਵੀਰਾਂ ਆਪਣੇ ਮੋਬਾਈਲ ਵਿੱਚ ਕੈਦ ਕੀਤੀਆਂ, ਉਨ੍ਹਾਂ ਨੇ ਸਧਾਰਨ ਲੋਕਾਂ ਦੀ ਸਿਹਤ ਨਾਲ ਖਿਲਵਾ਼ੜ ਹੋਣ 'ਤੇ ਗੰਭੀਰ ਚਿੰਤਾ ਜਤਾਈ।
ਇਹ ਵੀਡੀਓ ਵਾਇਰਲ ਹੋਣ ਦੇ ਤੁਰੰਤ ਬਾਅਦ ਨੌਜਵਾਨ ਮੀਡੀਆ ਸਾਹਮਣੇ ਆਏ ਅਤੇ ਸਿੱਧਾ ਸਿਹਤ ਵਿਭਾਗ ਨੂੰ ਨਿਸ਼ਾਨਾ ਬਣਾਉਂਦਿਆਂ ਇਨ੍ਹਾਂ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਕਈ ਥਾਵਾਂ 'ਤੇ ਲੋਕਾਂ ਨੂੰ ਖਾਣਾ ਦੇਣ ਵਾਲੇ ਢਾਬਿਆਂ 'ਤੇ ਕੋਈ ਨਿਗਰਾਨੀ ਨਹੀਂ ਹੋ ਰਹੀ। ਇਸ ਮਾਮਲੇ 'ਤੇ ਹੁਣ ਜ਼ਿਲਾ ਖੁਰਾਕ ਸੁਰੱਖਿਆ ਵਿਭਾਗ ਵੀ ਚੁਸਤ ਹੋਇਆ ਹੈ।
ਖੁਰਾਕ ਸੁਰੱਖਿਆ ਵਿਭਾਗ ਦੇ ਅਫਸਰ ਦਿਪਿੰਦਰ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਇਸ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁਕਤਸਰ ਵਿੱਚ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਲਾਪਰਵਾਹੀ, ਜੋ ਕਿ ਮਨੁੱਖੀ ਜਿੰਦਗੀ ਨਾਲ ਖਿਲਵਾ਼ੜ ਹੈ, ਕਦੇ ਵੀ ਬਖ਼ਸ਼ਿਆ ਨਹੀਂ ਜਾਵੇਗਾ। ਹੁਣ ਸਵਾਲ ਇਹ ਹੈ ਕਿ ਖੁਰਾਕ ਸੁਰੱਖਿਆ ਵਿਭਾਗ ਕਿਹੋ ਜਿਹੀ ਕਾਰਵਾਈ ਅਮਲ ਵਿੱਚ ਲਿਆਉਂਦਾ ਹੈ ਅਤੇ ਕੀ ਇਹ ਕਾਰਵਾਈ ਲੋਕਾਂ ਦੇ ਭਰੋਸੇ ਨੂੰ ਮੁੜ ਕਾਇਮ ਕਰ ਸਕੇਗੀ ਜਾਂ ਨਹੀਂ।
- PTC NEWS