Moga News : ਰਾਤੋ-ਰਾਤ ਚਮਕੀ ਕਿਸਮਤ !,6 ਰੁਪਏ ਦੀ ਲਾਟਰੀ 'ਚ ਨਿਕਲਿਆ 1 ਕਰੋੜ ਦਾ ਇਨਾਮ , ਕਰਜ਼ੇ ਕਾਰਨ ਪਰਿਵਾਰ ਸੀ ਕਾਫ਼ੀ ਪਰੇਸ਼ਾਨ
Moga News : ਕਈ ਵਾਰ ਇਨਸਾਨ ਦੀ ਕਿਸਮਤ ਇਸ ਤਰ੍ਹਾਂ ਪਲਟੀ ਮਾਰਦੀ ਹੈ ਕਿ ਉਸ ਦੀ ਜ਼ਿੰਦਗੀ ਰਾਤੋ-ਰਾਤ ਇਕ ਦਮ ਬਦਲ ਜਾਂਦੀ ਹੈ। ਮੋਗਾ ਜ਼ਿਲ੍ਹੇ ਤੋਂ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਹੈ। ਜਿੱਥੋਂ ਮੋਗਾ ਦੇ ਪਿੰਡ ਫਤਿਹਗੜ੍ਹ ਦੇ ਰਹਿਣ ਵਾਲੇ ਜਸਮੇਲ ਸਿੰਘ ਨੇ ਜੀਰਾ ਦੇ ਇੱਕ ਲਾਟਰੀ ਸਟਾਲ ਤੋਂ 6 ਰੁਪਏ ਦੀ ਲਾਟਰੀ ਖ਼ਰੀਦੀ ਸੀ ਅਤੇ ਅਗਲੇ ਦਿਨ ਸਵੇਰੇ ਉਹਨੂੰ ਫੋਨ ਆਇਆ ਕਿ ਉਸਦਾ ਇਕ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ।
ਜਸਮੇਲ ਸਿੰਘ ਨੇ ਕਿਹਾ ਕਿ ਪਹਿਲਾਂ ਤਾਂ ਉਸਨੇ ਯਕੀਨ ਨਹੀਂ ਕੀਤਾ ਪਰ ਉਸਨੇ ਫਿਰ ਦੁਬਾਰਾ ਫੋਨ ਕਰਕੇ ਜਦੋਂ ਪੁੱਛਿਆ ਤਾਂ ਪਤਾ ਚੱਲਿਆ ਕਿ ਸੱਚ ਹੀ ਉਸਦਾ ਇਨਾਮ ਨਿਕਲਿਆ ਹੈ। ਜਸਮੇਲ ਸਿੰਘ ਨੇ ਜਦੋਂ ਲੋਟਰੀ ਸਟਾਲ 'ਤੇ ਜਾ ਕੇ ਆਪਣੀ ਲਾਟਰੀ ਦਿਖਾਈ ਅਤੇ ਉਹ ਸੱਚਮੁੱਚ ਹੀ ਕਰੋੜਪਤੀ ਬਣ ਚੁੱਕਾ ਸੀ ਅਤੇ ਉਸਦੀ ਇਕ ਕਰੋੜ ਰੁਪਏ ਦੀ ਲਾਟਰੀ ਨਿਕਲ ਚੁੱਕੀ ਸੀ। ਖੁਸ਼ੀ ਵਿੱਚ ਜਸਮੇਲ ਸਿੰਘ ਵੱਲੋਂ ਢੋਲੀ ਬੁਲਾ ਕੇ ਜਿੱਥੇ ਭੰਗੜੇ ਪਾਏ ਗਏ ,ਉੱਥੇ ਹੀ ਲੱਡੂ ਵੀ ਵੰਡੇ ਗਏ।
ਜਸਮੇਲ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲਾਟਰੀ ਲੈ ਕੇ ਆਪਣੀ ਕਿਸਮਤ ਅਜਮਾ ਰਹੇ ਸੀ ਪਰ ਉਨ੍ਹਾਂ ਦੀ ਕਿਸਮਤ ਵਿੱਚ ਇਨਾਮ ਤਾਂ ਨਹੀਂ ਸੀ ਪਰ ਕਰਜ਼ਾ ਜ਼ਰੂਰ ਸਿਰ 'ਤੇ ਚੜ੍ਹ ਗਿਆ ਸੀ। ਉਸਨੇ ਦੱਸਿਆ ਕਿ 25 ਤੋਂ 30 ਲੱਖ ਰੁਪਏ ਦੇ ਕਰੀਬ ਕਰਜ਼ਾ ਜੋ ਉਸ ਦੇ ਸਿਰ ਉੱਪਰ ਚੜ੍ਹ ਗਿਆ ਤੇ ਉਹ ਖੁਦਕੁਸ਼ੀ ਕਰਨ ਦੀ ਸੋਚਣ ਲੱਗ ਪਿਆ ਸੀ। ਉਨ੍ਹਾਂ ਦੱਸਿਆ ਕਿ ਟ੍ਰਾਂਸਪੋਰਟ ਦਾ ਉਹ ਆਪਣਾ ਕੰਮ ਕਰਦਾ ਹੈ। ਜੋ ਇਨਾਮ ਉਸ ਦਾ ਨਿਕਲਿਆ ਹੈ ,ਉਸ ਨਾਲ ਉਹ ਆਪਣਾ ਕਰਜ਼ਾ ਉਤਾਰੇਗਾ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਉਹ ਪੈਸਾ ਖਰਚ ਕਰੇਗਾ ,ਉਥੇ ਹੀ ਕਿਸੇ ਜ਼ਰੂਰਤਮੰਦ ਦੀ ਵੀ ਮਦਦ ਕਰੇਗਾ।
ਕਰਜ਼ ਕਾਰਨ ਸੀ ਖੁਦਕੁਸ਼ੀ ਦਾ ਵਿਚਾਰ
ਉਨ੍ਹਾਂ ਦੱਸਿਆ ਕਿ ਜਦੋਂ ਅੱਜ ਉਸ ਦਾ ਇਨਾਮ ਨਿਕਲਿਆ ਤਾਂ ਉਸ ਦੇ ਪੈਰਾਂ ਹੇਠਾਂ ਤੋਂ ਜ਼ਮੀਨ ਹੀ ਨਿਕਲ ਗਈ। ਉਨ੍ਹਾਂ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਲਾਟਰੀ ਪਾ ਰਹੇ ਸੀ ਪਰ ਕਿਸਮਤ ਸਾਥ ਨਹੀਂ ਦੇ ਰਹੀ ਸੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਸ਼ਰਮਾ ਲਾਟਰੀ ਸਟਾਲ ਬਾਰੇ ਜਾਣਿਆ ਸੀ ਤੇ ਉਨ੍ਹਾਂ ਕੋਲੋਂ ਲਾਟਰੀ ਦੀਆਂ ਟਿਕਟਾਂ ਲੈਣ ਲੱਗੇ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਉਹ 11 ਵਜੇ ਦੇ ਕਰੀਬ ਲਾਟਰੀ ਟਿਕਟਾਂ ਲੈ ਕੇ ਆਏ ਸਨ ਤੇ ਜਦੋਂ ਡਰਾਅ 'ਚ ਇਨਾਮ ਜਿੱਤਣ ਤੋਂ ਬਾਅਦ 1 ਕਰੋੜ ਦੀ ਲਾਟਰੀ ਲੱਗਣ ਦਾ ਫੋਨ ਆਇਆ ਤਾਂ ਪਹਿਲਾਂ ਸਾਨੂੰ ਯਕੀਨ ਹੀ ਨਹੀਂ ਆਇਆ।
ਲਾਟਰੀ ਜੇਤੂ ਵਿਅਕਤੀ ਦੀ ਪਤਨੀ ਨੇ ਦੱਸਿਆ ਕਿ ਕਰਜ਼ੇ ਕਾਰਨ ਪਰਿਵਾਰ ਕਾਫ਼ੀ ਪਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਜਦੋਂ ਵੀ ਉਸ ਦੇ ਪਤੀ ਜਸਮੇਲ ਸਿੰਘ ਕੰਮ ਲਈ ਘਰ ਤੋਂ ਬਾਹਰ ਜਾਂਦੇ ਸਨ ਤਾਂ ਸਾਨੂੰ ਹਰ ਸਮੇਂ ਚਿੰਤਾ ਰਹਿੰਦੀ ਸੀ ਕਿ ਉਹ ਕਿਤੇ ਕੁਝ ਗਲਤ ਨਾ ਕਰ ਲੈਣ। ਉਨ੍ਹਾਂ ਦੱਸਿਆ ਕਿ ਇਸ ਲਾਟਰੀ ਨਾਲ ਸਾਨੂੰ ਕੁਝ ਮਦਦ ਜ਼ਰੂਰ ਮਿਲੇਗੀ। ਉਨ੍ਹਾਂ ਦੱਸਿਆ ਕਿ ਲਾਟਰੀ ਦੇ ਪੈਸਿਆਂ ਨਾਲ ਜਿਥੇ ਉਹ ਆਪਣਾ ਕਰਜ਼ਾ ਖ਼ਤਮ ਕਰਨਗੇ, ਉਥੇ ਹੀ ਆਪਣੇ ਬੱਚਿਆਂ ਦੇ ਭਵਿੱਖ ਲਈ ਵੀ ਇਸ ਦਾ ਇਸਤੇਮਾਲ ਕਰਨਗੇ, ਇਸ ਦੇ ਨਾਲ ਹੀ ਕਿਸੇ ਲੋੜਵੰਦ ਪਰਿਵਾਰ ਦੀ ਮਦਦ ਵੀ ਕਰਾਂਗੇ। ਜਸਮੇਲ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ, ਜਿੰਨ੍ਹਾਂ 'ਚ ਦੋ ਸਕੂਲ ਜਾਂਦੇ ਹਨ ਪਰ ਇੱਕ ਬੋਲ ਤੇ ਸੁਣ ਨਹੀਂ ਸਕਦਾ।
- PTC NEWS