Rajindra Hospital Patiala ’ਚ ਗੁੰਡਾਗਰਦੀ ਦਾ ਨੰਗਾ ਨਾਚ ; ਵਾਰਡ ’ਚ ਵੜ੍ਹ ਕੇ ਹਮਲਾਵਰਾਂ ਨੇ ਮਰੀਜ਼ ਨਾਲ ਕੀਤੀ ਕੁੱਟਮਾਰ
Rajindra Hospital Patiala : ਪਟਿਆਲਾ ਦਾ ਰਜਿੰਦਰਾ ਹਸਪਤਾਲ ਮੁੜ ਤੋਂ ਸੁਰਖੀਆਂ ’ਚ ਹੈ। ਇਸ ਵਾਰ ਬਿਜਲੀ ਨਹੀਂ ਸੁਰੱਖਿਆ ਪ੍ਰਬੰਧਾਂ ਦੇ ਚੱਲਦੇ ਰਜਿੰਦਰਾ ਹਸਪਤਾਲ ਸਵਾਲਾਂ ’ਚ ਘਿਰ ਗਿਆ ਹੈ। ਦੱਸ ਦਈਏ ਕਿ ਰਜਿੰਦਰਾ ਹਸਪਤਾਲ ਦੇ ਵਾਰਡ ’ਚ ਵੜ ਕੇ 10 ਤੋਂ 12 ਅਣਪਛਾਤੇ ਲੋਕਾਂ ਨੇ ਮਰੀਜ ਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਕਾਤਲਾਨਾ ਹਮਲਾ ਕਰ ਦਿੱਤਾ। ਜਿਸ ਮਗਰੋਂ ਮਰੀਜ਼ ਗੰਭੀਰ ਜ਼ਖਮੀ ਹੋ ਗਿਆ।
ਮਿਲੀ ਜਾਣਕਾਰੀ ਮੁਤਾਬਿਕ 18 ਜੁਲਾਈ ਨੂੰ ਪੀੜਤ ਮਰੀਜ਼ ਨਾਲ ਲੜਾਈ ਝਗੜਾ ਹੋਇਆ ਸੀ ਜਿਸ ’ਚ ਉਹ ਜ਼ਖਮੀ ਹੋ ਗਿਆ ਸੀ ਜਿਸ ਦੇ ਚੱਲਦੇ ਸ਼ਖਸ ਨੂੰ ਰਜਿੰਦਰਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਸੀ ਜਿਸ ’ਤੇ ਮੁੜ ਤੋਂ 10 ਤੋਂ 12 ਅਣਪਛਾਤੇ ਨੌਜਵਾਨਾਂ ਵੱਲੋਂ ਵਾਰਡ ’ਚ ਵੜ ਕੇ ਕਾਤਲਾਨਾ ਹਮਲਾ ਕੀਤਾ ਗਿਆ।
ਹਾਲਾਂਕਿ ਮੌਕੇ ’ਤੇ ਮੌਜੂਦ ਥਾਣਾ ਇੰਚਾਰਜ ਕਰਨੈਲ ਸਿੰਘ ਨੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਨੇੜਲੀ ਮਾਡਲ ਟਾਊਨ ਚੌਕੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇਲਾਵਾ ਵਾਰਡ ’ਚ ਹੋਰ ਵੀ ਮਰੀਜ਼ ਹੋਣ ਦੇ ਚੱਲਦੇ ਹਮਲਾਵਰਾਂ ਨੂੰ ਬਾਹਰ ਕੀਤਾ ਗਿਆ। ਪਰ ਸਵਾਲ ਇਹ ਉੱਠਦਾ ਹੈ ਕਿ ਸੁਰੱਖਿਆ ਗਾਰਡਾਂ ਦੇ ਹੋਣ ਦੇ ਬਾਵਜੂਦ ਵੀ ਆਖਿਰ ਹਮਲਾਵਰ ਕਿਸ ਤਰ੍ਹਾਂ ਵਾਰਡ ’ਚ ਵੜ ਸਕਦੇ ਹਨ। ਹਸਪਤਾਲ ’ਚ ਮਰੀਜ਼ਾਂ ਦੀ ਸੁਰੱਖਿਆ ਸਵਾਲਾਂ ਦੇ ਘੇਰੇ ’ਚ ਆ ਗਈ ਹੈ।
ਕਾਬਿਲੇਗੌਰ ਹੈ ਕਿ ਸੁਰੱਖਿਆ ਕਰਮੀਆਂ ਦੇ ਬਾਵਜੂਦ ਵੀ ਹਮਲਾਵਰਾਂ ਦੇ ਵੱਲੋਂ ਸਰੇਆਮ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਤੇ ਮਰੀਜ਼ਾਂ ਦੀ ਦੇਖਭਾਲ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਇਹ ਮਾਮਲਾ ਕਈ ਸਵਾਲ ਖੜੇ ਕਰ ਰਿਹਾ ਹੈ।
ਇਹ ਵੀ ਪੜ੍ਹੋ : Video : ''ਭਾੜ ਮੇਂ ਜਾ...ਭਾਰਤੀ...'' ਆਸਟ੍ਰੇਲੀਆ 'ਚ ਨਸਲੀ ਟਿੱਪਣੀਆਂ ਕਰਕੇ ਭਾਰਤੀ ਵਿਦਿਆਰਥੀ ਦੀ ਭਾਰੀ ਕੁੱਟਮਾਰ, ਸਿਰ 'ਚ ਵੱਜੀ ਸੱਟ
- PTC NEWS