Fatehgarh Churian : ਪੰਜਾਬ 'ਚ ਨਸ਼ੇ ਨੇ ਇੱਕ ਹੋਰ ਘਰ ਉਜਾੜਿਆ, ਫਤਿਹਗੜ੍ਹ ਚੂੜੀਆਂ 'ਚ 18 ਸਾਲਾ ਨੌਜਵਾਨ ਦੀ ਮੌਤ
Drug Overdose Death : ਗੁਰਦਾਸਪੁਰ ਦੇ ਫਤਿਹਗੜ੍ਹ ਚੂੜੀਆਂ (Fatehgarh Churian) ਦੇ ਵਾਰਡ ਨੰਬਰ 2 ਕ੍ਰਿਸ਼ਚਨ ਮੁਹੱਲੇ ਵਿਖੇ ਨਸ਼ੇ ਨਾਲ ਇੱਕ 18 ਸਾਲਾ ਨੌਜਵਾਨ ਦੀ ਨਸ਼ੇ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਛੋਟੀ ਉਮਰ ਵਿੱਚ ਨੌਜਵਾਨ ਦੀ ਮੌਤ ਹੋਣ ਤੋਂ ਕਾਰਨ ਉਸਦੀ ਭੈਣ ਅਤੇ ਉਸ ਦੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਇਸ ਸਬੰਧੀ ਮਿਰਤਕ ਨੌਜਵਾਨ ਦੀ ਮਾਂ ਪੰਮੀ, ਭੈਣ ਰੇਨੂੰ, ਪਿਤਾ ਮਨੋਹਰੀ ਮਸੀਹ ਅਤੇ ਮੁਹੱਲਾ ਵਾਸੀਆਂ ਨੇ ਕਿਹਾ ਕਿ ਨੌਜਵਾਨ ਮੁੰਡੇ ਦੀ ਨਸ਼ੇ ਦੇ ਨਾਲ ਅਤੇ ਸਮੇਂ ਸਿਰ ਇਲਾਜ ਨਾ ਹੋਣ ਕਾਰਨ ਮੌਤ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਮੁੰਡੇ ਹਨ ਅਤੇ ਤਿੰਨੇ ਹੀ ਨਸ਼ਾ ਕਰਦੇ ਸਨ। ਤਿੰਨਾਂ ਵਿਚੋਂ ਵਿਸ਼ਾਲ ਮਸੀਹ ਦੀ ਜ਼ਿਆਦਾ ਨਸ਼ਾ ਕਰਨ ਨਾਲ ਤਬੀਅਤ ਵਿਗੜ ਗਈ ਅਤੇ ਪੈਸੇ ਨਾ ਹੋਣ ਕਾਰਨ ਉਹ ਘਰ ਵਿੱਚ ਉਸ ਦਾ ਇਲਾਜ ਨਹੀਂ ਕਰਵਾ ਸਕੇ ਅਤੇ ਇੱਕ ਦਿਨ ਬਾਅਦ ਮੁਹੱਲਾ ਵਾਸੀਆਂ ਨੇ ਪੈਸੇ ਇੱਕਠੇ ਕਰਕੇ ਹਸਪਤਾਲ ਦਾਖਲ ਕਰਵਾਇਆ, ਜਿਸ ਦੀ ਸਹੀ ਸਮੇਂ ਇਲਾਜ ਨਾ ਹੋਣ ਕਾਰਨ ਮੌਤ ਹੋ ਗਈ ਹੈ।
ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਵੱਡੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਗੁਹਾਰ ਲਗਾਈ ਹੈ, ਜੋ ਸ਼ਰੇਆਮ ਨਸ਼ਾ ਵੇਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਬੰਦ ਹੋਣਾ ਚਾਹੀਦਾ ਹੈ, ਜੇਕਰ ਨਸ਼ਾ ਬੰਦ ਨਾ ਹੋਇਆ ਤਾਂ ਹੋਰ ਵੀ ਨੌਜਵਾਨ ਇਸ ਦੀ ਲਪੇਟ 'ਚ ਆ ਜਾਣਗੇ। ਮੁਹੱਲਾ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕਰਦੇ ਹੋਏ ਕਿਹਾ ਕਿ ਫਤਿਹਗੜ੍ਹ ਚੂੜੀਆਂ 'ਚ ਨਸ਼ਾ ਛੁਡਾਓ ਸੈਂਟਰ ਖੁੱਲ੍ਹਣੇ ਚਾਹੀਦੇ ਹਨ ਤਾਂ ਜੋ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਬਚਾਇਆ ਜਾ ਸਕੇ।
ਫਤਿਹਗੜ੍ਹ ਚੂੜੀਆਂ ਦੇ ਐਸਐਚਓ ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਸ ਦੀ ਪਰਿਵਾਰਕ ਮੈਂਬਰਾਂ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਫਤਿਹਗੜ੍ਹ ਚੂੜੀਆਂ 'ਚ ਨਸ਼ਾ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ।
- PTC NEWS