Amritsar ਦੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ 'ਚ 24 ਸਾਲਾ ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਥਾਣੇ ਬਾਹਰ ਕੀਤਾ ਪ੍ਰਦਰਸ਼ਨ
Amritsar News : ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਪੁਲਿਸ ਸਟੇਸ਼ਨ 'ਚ 24 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸਟੇਸ਼ਨ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ, ਨਿਰਪੱਖ ਜਾਂਚ ਦੀ ਮੰਗ ਕੀਤੀ। ਮ੍ਰਿਤਕ ਦੀ ਪਛਾਣ ਪਿੰਡ ਕਿਲ੍ਹਾ ਦੇ ਰਹਿਣ ਵਾਲੇ ਹਰਮਨਪ੍ਰੀਤ ਸਿੰਘ ਵਜੋਂ ਹੋਈ ਹੈ। ਪਰਿਵਾਰ ਦਾ ਆਰੋਪ ਹੈ ਕਿ ਪੁਲਿਸ ਨੇ ਉਸਨੂੰ ਬੀਤੀ ਰਾਤ ਬਿਨਾਂ ਕਿਸੇ ਕਾਰਨ ਉਸਦੇ ਘਰੋਂ ਚੁੱਕਿਆ। ਪਰਿਵਾਰ ਦਾ ਦਾਅਵਾ ਹੈ ਕਿ ਹਰਮਨ ਪੂਰੀ ਤਰ੍ਹਾਂ ਤੰਦਰੁਸਤ ਸੀ ਅਤੇ ਉਸ ਕੋਲੋਂ ਵੀ ਇਤਰਾਜ਼ਯੋਗ ਸਮੱਗਰੀ ਨਹੀਂ ਮਿਲੀ ਸੀ।
ਪਰਿਵਾਰ ਦੇ ਅਨੁਸਾਰ ਜਦੋਂ ਉਹ ਸਵੇਰੇ ਹਰਮਨ ਲਈ ਖਾਣਾ ਲੈ ਕੇ ਥਾਣੇ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਨੂੰ ਬੁਖਾਰ ਹੈ ਅਤੇ ਉਸਨੂੰ ਦਵਾਈ ਲਈ ਲਿਜਾਇਆ ਜਾ ਰਿਹਾ ਸੀ। ਥੋੜ੍ਹੀ ਦੇਰ ਬਾਅਦ ਪਰਿਵਾਰ ਨੂੰ ਨੌਜਵਾਨ ਦੀ ਮੌਤ ਦੀ ਸੂਚਨਾ ਮਿਲੀ। ਪਰਿਵਾਰ ਦਾ ਆਰੋਪ ਹੈ ਕਿ ਹਰਮਨ ਦੀ ਮੌਤ ਥਾਣੇ 'ਚ ਕੁੱਟਮਾਰ ਕਾਰਨ ਹੋਈ ਹੈ, ਹਾਲਾਂਕਿ ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਇਸਦੀ ਪੁਸ਼ਟੀ ਨਹੀਂ ਕੀਤੀ ਹੈ।
ਡੀਐਸਪੀ ਬੋਲੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ
ਪਿੰਡ ਵਾਸੀ ਅਤੇ ਜਾਣ-ਪਛਾਣ ਵਾਲੇ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਹਨ ਅਤੇ ਆਪਣਾ ਵਿਰੋਧ ਤੇਜ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਹੋਵੇ। ਡੀਐਸਪੀ ਜੰਡਿਆਲਾ ਨੇ ਕਿਹਾ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ। ਪੁਲਿਸ ਦਾ ਕਹਿਣਾ ਹੈ ਕਿ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਾਰੇ ਤੱਥ ਸਪੱਸ਼ਟ ਹੋਣਗੇ।
- PTC NEWS