Wed, May 28, 2025
Whatsapp

ਭਾਈ ਅੰਮ੍ਰਿਤਪਾਲ ਸਿੰਘ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਚੌਥੇ ਪੜਾਅ ਦੀ ਅਰਦਾਸ

Reported by:  PTC News Desk  Edited by:  Jasmeet Singh -- December 17th 2023 03:47 PM -- Updated: December 17th 2023 04:05 PM
ਭਾਈ ਅੰਮ੍ਰਿਤਪਾਲ ਸਿੰਘ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਚੌਥੇ ਪੜਾਅ ਦੀ ਅਰਦਾਸ

ਭਾਈ ਅੰਮ੍ਰਿਤਪਾਲ ਸਿੰਘ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਚੌਥੇ ਪੜਾਅ ਦੀ ਅਰਦਾਸ

ਪਟਨਾ ਸਾਹਿਬ: ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਚੌਥੇ ਪੜਾਅ ਦੀ ਅਰਦਾਸ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਹੋਈ । ਅੱਜ ਇਸ ਤੋਂ ਪਹਿਲਾਂ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। 

ਇਸ ਉਪਰੰਤ ਬੰਦੀ ਸਿੰਘਾਂ ਦੇ ਪਰਿਵਾਰਾਂ ਦੀ ਤਰਫ਼ੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅਰਦਾਸ ਸਮਾਗਮ ਦੌਰਾਨ ਅਗਾਂਹ ਹੋ ਕੇ ਮਿਲਦੀਆਂ ਉੱਚੀਆਂ ਸੁੱਚੀਆਂ ਰੂਹਾਂ ਵਾਲੇ ਤਪੱਸਵੀ ਸਿੰਘਾਂ ਦਾ ਵਿਸ਼ਵਾਸ ਹੈ ਕਿ ਅੰਮ੍ਰਿਤਪਾਲ ਸਿੰਘ ਬਹੁਤ ਦਹਾਕਿਆਂ ਬਾਦ ਕੌਮ ਨੂੰ ਮਿਲਿਆ ਅਜਿਹਾ ਸਿੰਘ ਹੈ ਜਿਸ ਦੇ ਅਲਫਾਜ਼  ਹਕੂਮਤ ਨੂੰ ਏ ਕੇ ਸੰਤਾਲੀ ਜਿਹੇ ਆਧੁਨਿਕ ਹਥਿਆਰਾਂ ਤੋਂ ਵੀ ਵੱਧ ਖ਼ਤਰਨਾਕ ਲਗ ਰਹੇ ਸਨ। ਕਿਉਂਕਿ ਉਹ ਕੌਮ ਦੀ ਲੜਾਈ ਦੁਨਿਆਵੀ ਤਾਕਤਾਂ ਦੇ ਸਿਰ ਤੇ ਨਹੀਂ ਬਲਕਿ ਦਸਮ ਪਾਤਸ਼ਾਹ ਵੱਲੋਂ ਬਖ਼ਸ਼ੀ ਤੇਗ਼ ਤੇ ਭਰੋਸਾ ਰੱਖ ਕੇ ਲੜ ਰਿਹਾ ਹੈ। 


ਉਨ੍ਹਾਂ ਕਿਹਾ ਕਿ ਸਮੇਂ ਨਾਲ ਦੁਨਿਆਵੀ ਹਕੂਮਤਾਂ ਤਾਂ ਹਕੂਮਤ ਦੀਆਂ ਏਜੰਸੀਆਂ ਖ਼ਰੀਦ ਸਕਦੀਆਂ। ਏਸੇ ਕਾਰਨ ਹੀ ਅੱਜ ਇਹ ਹਾਲ ਹੈ ਕਿ ਉੱਥੋਂ ਚਲਣ ਵਾਲੀ ਸੂਈ ਵੀ ਸਿੱਖ ਵਿਰੋਧੀ ਹਕੂਮਤਾਂ ਨੂੰ ਅੱਜ ਪਤਾ ਹੁੰਦੀ ਹੈ। ਅੱਜ ਡਰੋਨਾਂ ਰਾਹੀ ਨੌਜਵਾਨੀ ਨੂੰ ਖ਼ਤਮ ਕਰਨ ਲਈ ਸਿਰਫ਼ ਨਸ਼ਾ ਹੀ ਕਥਿਤ ਜੈਡ ਸੁਰੱਖਿਆ ਵਾਲੀਆਂ ਹੂਟਰ ਮਾਰਦੀਆਂ ਗੱਡੀਆਂ ਰਾਹੀ ਅੱਗੇ ਲੰਘਦਾ ਹੈ। 

ਉਨ੍ਹਾਂ ਕਿਹਾ ਅੰਮ੍ਰਿਤਪਾਲ ਸਿੰਘ ਦਾ ਵਿਸ਼ਵਾਸ ਦਸਮ ਪਾਤਸ਼ਾਹ ਤੇ ਉਸ ਦੇ ਭਗਤੀ ਤੇ ਸ਼ਕਤੀ ਦੇ ਸੁਮੇਲ ਅਮਰ ਸ਼ਹੀਦ ਬਾਬਾ ਦੀਪ ਸਿੰਘ, ਅਮਰ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ, ਅਮਰ ਸ਼ਹੀਦ ਜਥੇਦਾਰ ਬਾਬਾ ਹਨੂਮਾਨ ਸਿੰਘ ਤੇ ਮੌਜੂਦਾ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਜਿਹੇ ਮਹਾਂਪੁਰਖਾਂ ਨੂੰ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੀ ਮੀਰੀ ਪੀਰੀ ਦੀ ਸ਼ਕਤੀ ਤੇ ਹੈ। ਉਸ ਦਾ ਵਿਸ਼ਵਾਸ ਹੈ ਕਿ ਜੰਗ ਸਿੱਖ ਰੂਹ ਦੇ ਜ਼ੋਰ ਤੇ ਲੜਦਾ ਹੈ ਨਾ ਕਿ ਤਾਕਤਾਂ ਦੇ ਜ਼ੋਰ ਤੇ ਲੜਦਾ ਹੈ। ਇਸ ਲਈ ਹੀ ਅੰਮ੍ਰਿਤਪਾਲ ਸਿੰਘ ਰੂਪੋਸ਼ ਜ਼ਿੰਦਗੀ ਦੌਰਾਨ ਕੁਝ ਭਦਰਪੁਰਸ਼ਾਂ ਵੱਲੋਂ ਗਵਾਂਢੀ ਮੁਲਕਾਂ ਵਿੱਚ ਚਲੇ ਜਾਣ ਦੇ ਸੱਦੇ ਨੂੰ ਠੁਕਰਾ ਕੇ ਗਰਜਵੀਂ ਅਵਾਜ਼ ਵਿੱਚ ਕਹਿੰਦਾ ਹੈ ਕਿ ਏਸੇ ਧਰਤੀ ਤੇ ਰਹਿ ਕੇ ਲੜਾਂਗਾ ਮਰਾਂਗਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਪ੍ਰਚੰਡ ਕਰਾਂਗਾ। 

ਉਹ ਜਦੋਂ ਕਹਿੰਦਾ ਹੈ ਕਿ ਕਿ ਜ਼ਾਲਮ ਹਕੂਮਤ ਦੀ ਹਾਰ ਇਸ ਵਿੱਚ ਹੈ ਕਿ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੀ ਖੰਡੇ ਬਾਟੇ ਦੀ ਪਾਹੁਲ ਨੌਜਵਾਨ ਛਕਣ ਤਾਂ ਹਕੂਮਤ ਨੂੰ ਇਸ ਤੋਂ ਕਿਤੇ ਜ਼ਿਆਦਾ ਡਰ ਭਾਂਪਦਾ ਹੈ। ਅੰਮ੍ਰਿਤਪਾਲ ਸਿੰਘ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਸਿੱਖ ਨੇ ਆਪਣੀ ਧਰਮ ਦੀ ਲੜਾਈ ਵਿੱਚ ਦੁਨਿਆਵੀ ਹਕੂਮਤਾਂ ਦਾ ਸਹਾਰਾ ਨਾ ਲੈ ਕੇ ਕਲਗ਼ੀਧਰ ਪਾਤਸ਼ਾਹ ਵੱਲੋਂ ਬਖ਼ਸ਼ੇ “ਯਹੈ ਹਮਾਰੇ ਪੀਰ”  ਅਤੇ ਭਗਤੀ ਨਾਲ ਪ੍ਰਾਪਤ ਹੋਈ ਰੂਹ ਦੀ ਸ਼ਕਤੀ ਨਾਲ ਜੰਗ ਲੜਨੀ ਹੈ ਤਾਂ ਫਿਰ ਅਰਬਾਂ ਰੁਪੈ ਖ਼ਰਚ ਕਰਕੇ ਵੱਖ ਵੱਖ ਖ਼ਿੱਤਿਆਂ ਵਿੱਚ ਆਪਣਾ ਜਾਲ ਵਿਛਾਈ ਬੈਠੀਆਂ ਹਕੂਮਤ ਦੀਆਂ ਕਥਿਤ ਏਜੰਸੀਆਂ ਨੂੰ ਆਪਣੀ ਹਾਰ ਸਪਸ਼ਟ ਦਿਖਾਈ ਦੇਂਦੀ ਹੈ। ਇਸ ਦੇ ਤਹਿਤ ਹੀ ਹਕੂਮਤਾਂ ਵੱਲੋਂ ਨੌਜਵਾਨੀ ਨੂੰ ਖ਼ਤਮ ਕਰਨ ਲਈ 1992-93 ਦੇ ਦਹਾਕੇ ਤੋਂ ਬਾਦ ਸਿੱਖ ਨੌਜਵਾਨੀ ਨੂੰ ਸਿੱਖੀ ਤੋਂ ਦੂਰ ਕਰਨ ਲਈ ਸਭਿਆਚਾਰ ਦੇ ਨਾਮ ਤੇ ਜੋ ਕਲੀਨ ਸ਼ੇਵ ਕਲਚਰ ਨਸ਼ਾ ਕਲਚਰ ਗੈਂਗਸਟਰ ਕਲਚਰ ਪੰਜਾਬ ਦੀ ਧਰਤੀ ਤੇ ਲਿਆਉਣ ਲਈ ਜਾਲ ਬੁਣਿਆ ਉਹ ਕੱਟਦਾ ਦਿਖਾਈ ਦੇਂਦਾ ਹੈ। 

ਉਨ੍ਹਾਂ ਕਿਹਾ ਕਿ ਇਹੀ ਕਾਰਨ ਹੈ ਕਿ ਜ਼ਾਲਮ ਸਰਕਾਰਾਂ ਨੂੰ ਪੰਜ ਤਖ਼ਤ ਸਾਹਿਬਾਨਾਂ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਨਿਰੋਲ ਧਾਰਮਿਕ ਅਰਦਾਸ ਸਮਾਗਮਾਂ ਤੋਂ ਡਰ ਲਗ ਰਿਹਾ ਹੈ। ਕਿਉਂਕਿ ਸਰਕਾਰਾਂ ਸਮਝਦੀਆਂ ਕਿ ਇਸ ਨਾਲ ਨੌਜਵਾਨੀ ਧਰਮ ਨਾਲ ਜੁੜਦੀ ਹੈ, ਜਦੋਂ ਨੌਜਵਾਨੀ ਵਿੱਚ ਵੱਧ ਤੋਂ ਵੱਧ ਜਪੁਜੀ ਸਾਹਿਬ ਚੌਪਈ ਸਾਹਿਬ ਦੇ ਪਾਠਾਂ ਨੂੰ ਕਰਨ ਦੀ ਹੋੜ ਲਗ ਜਾਏ ਕਲਗ਼ੀਧਰ ਪਾਤਸ਼ਾਹ ਦੇ ਉਪਰ ਵਿਸ਼ਵਾਸ ਬਣ ਜਾਏ ਦਿਲ ਦਾ ਡਰ ਇਸ ਭਗਤੀ ਨਾਲ ਖੰਭ ਲਾ ਕੇ ਉੱਡ ਜਾਏ ਫਿਰ ਜ਼ਾਲਮ ਹਕੂਮਤਾਂ ਨੂੰ ਕਥਿਤ ਜੈਡ ਸੁਰੱਖਿਆ ਵਾਲੀਆਂ ਗੱਡੀਆਂ ਰਾਹੀਂ ਵਰਤਾਏ ਜਾਂਦੇ ਨਸ਼ਿਆਂ ਰਾਹੀ ਸਿੱਖ ਨੌਜਵਾਨੀ ਨੂੰ ਬਰਬਾਦ ਕਰਨ ਲਈ ਰਚੀ ਸਾਜਿਸ਼ ਖ਼ਤਮ ਹੁੰਦੀ ਨਜ਼ਰ ਆਉਂਦੀ ਹੈ।  

ਇਸ ਦੀ ਸਪਸ਼ਟ ਮਿਸਾਲ ਹੈ ਕਿ ਉੱਚ ਅਦਾਲਤਾਂ ਵਿੱਚ ਨਸ਼ਿਆਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਕਥਿਤ ਪੁਲਿਸ ਅਫ਼ਸਰਾਂ ਤੇ ਸਿਆਸੀ ਲੀਡਰਾਂ ਦੇ ਨੈਕਸਜ ਦੀ ਦਿੱਤੀ ਲਿਸਟ ਕਈ ਸਾਲ ਬਾਦ ਵੀ ਜੱਗ ਜ਼ਾਹਰ ਨਹੀਂ ਕੀਤੀ ਗਈ । ਅੰਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਵਿੱਚ ਧਰਮ ਦੀ ਭਰੀ ਜਾ ਰਹੀ ਸਪਿਰਿਟ ਤੋਂ ਡਰਦੇ ਹੀ ਕਥਿਤ ਸਿਆਸੀ ਧੌਸ ਨਾਲ ਚਲਦੇ ਨਸ਼ਿਆਂ ਦੇ ਵਪਾਰੀ ਵੀ ਭਾਈ ਸਾਹਿਬ ਦੀ ਰੂਪੋਸ਼ੀ ਦੌਰਾਨ ਆਪਣੇ ਖ਼ਾਸਮ ਖ਼ਾਸ ਪੁਲਿਸ ਅਫ਼ਸਰਾਂ ਨੂੰ ਦਸ ਦਸ ਕਰੋੜ ਦੀਆਂ ਸੁਪਾਰੀਆਂ ਦੇਣ ਲਈ ਅੋਫਰ ਦੇਂਦੇ ਰਹੇ ਕਿ ਅੰਮ੍ਰਿਤਪਾਲ ਸਿੰਘ ਦਾ ਮੁਕਾਬਲਾ ਜਿਹੜਾ ਜ਼ਿਲ੍ਹਾ ਮੁਖੀ ਬਣਾ ਦੇਵੇ ਉਸ ਨੂੰ ਦਸ ਕਰੋੜ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕਲਗ਼ੀਧਰ ਪਾਤਸ਼ਾਹ ਦਾ ਪ੍ਰਤਾਪ ਹੀ ਸੀ ਕਿ ਨਸ਼ਿਆਂ ਦੇ ਸੌਦਾਗਰਾਂ ਵੱਲੋਂ ਜ਼ਿਲਿਆਂ ਦੇ ਮਾਲਕ ਅਫ਼ਸਰਾਂ ਨੂੰ ਦਿੱਤੀਆਂ ਦਸ ਦਸ ਕਰੋੜ ਦੇ ਇਨਾਮ ਲੈਣ ਦੀਆਂ ਆਫਰਾਂ ਕਾਰਨ ਉਨ੍ਹਾਂ ਸਾਰਿਆਂ ਅਫ਼ਸਰਾਂ ਵਿੱਚ ਆਪਸੀ ਹੋੜ ਲਗ ਗਈ ਕਿ ਦੂਸਰੇ ਜ਼ਿਲ੍ਹੇ ਵਾਲਾ ਨਾ ਕਿਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਕੇ ਸ਼ਹੀਦ ਕਰ ਕੇ ਇਨਾਮ ਲੈ ਜਾਵੇ ਤੇ ਏਸੇ ਕਾਰਨ ਹੀ ਇਨ੍ਹਾਂ ਸਾਰੀਆਂ ਫੋਰਸ ਦਾ ਆਪਸੀ ਤਾਲਮੇਲ ਹੀ ਕਲਗ਼ੀਧਰ ਪਾਤਸ਼ਾਹ ਨੇ ਤੋੜ ਦਿੱਤਾ। 

ਸੰਗਤਾਂ ਨੇ ਪੰਜਾਬ ਦੇ ਮੈਦਾਨੀ ਇਲਾਕੇ ਨੂੰ ਮਨੁੱਖੀ ਜੰਗਲ ਬਣਾ ਦਿੱਤਾ ਤੇ ਜ਼ਾਲਮ ਹਕੂਮਤਾਂ ਨੂੰ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰਨ ਵਿੱਚ ਨਮੋਸ਼ੀ ਭਰੀ ਹਾਰ ਹੀ ਨਸੀਬ ਹੋਈ । ਉਨ੍ਹਾਂ ਕਿਹਾ ਕਿ ਫਿਰ ਭਾਈ ਅੰਮ੍ਰਿਤਪਾਲ ਸਿੰਘ ਨੇ ਰੂਪੋਸ਼ ਜ਼ਿੰਦਗੀ ਤੋਂ ਬਾਹਰ ਆ ਕੇ ਆਪ ਗ੍ਰਿਫ਼ਤਾਰੀ ਦਿੱਤੀ ਤਾਂ ਕਿ ਸੰਘਰਸ਼ ਲਈ ਨਿੱਤਰੀ ਜਵਾਨੀ ਨੂੰ ਆਸ ਬੱਝ ਜਾਏ ਕਿ ਜਦੋਂ ਭਾਈ ਸਾਹਿਬ ਬਾਹਰ ਆਉਣ ਤਾਂ ਖ਼ਾਲਸਾ ਵਹੀਰ ਦੁਬਾਰਾ ਸ਼ੁਰੂ ਕਰਨਗੇ ਤੇ ਕੌਮੀ ਨਿਸ਼ਾਨੇ ਵੱਲ ਕੌਮ ਵਧੇਗੀ। ਉਨ੍ਹਾਂ ਕਿਹਾ ਕਿ ਸਿੱਖ ਜਵਾਨੀ ਹੁਣ ਕਲਗ਼ੀਧਰ ਪਾਤਸ਼ਾਹ ਵੱਲੋਂ ਕੌਮ ਨੂੰ ਬਖ਼ਸ਼ੇ ਇਸ ਯੋਧੇ ਅੰਮ੍ਰਿਤਪਾਲ ਸਿੰਘ ਨਾਲ ਹੀ ਖ਼ਾਲਸਾ ਵਹੀਰ ਦਾ ਹਿੱਸਾ ਬਣਨਾ ਚਾਹੁੰਦੀ ਹੈ ਜੋ ਬ੍ਰਹਮ ਗਿਆਨੀ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਨੂੰ ਪ੍ਰਚੰਡ ਕਰਕੇ ਜ਼ਾਲਮ ਹਕੂਮਤਾਂ ਨੂੰ ਹਾਰ ਦੇਣ ਲਈ ਕੌਮ ਦੀ ਆਸ ਹੈ।

ਉਨ੍ਹਾਂ ਕਿਹਾ ਦੇਖਣਾ ਜਦੋਂ ਪੰਜਾਂ ਤਖ਼ਤ ਸਾਹਿਬਾਨਾਂ ਤੇ ਅਰਦਾਸ ਸਮਾਗਮ ਸੰਪੂਰਨ ਹੋਏ ਫਿਰ ਭਾਈ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਵਿਰੁੱਧ ਜ਼ਾਲਮ ਹਕੂਮਤਾਂ ਦਾ ਬੁਣਿਆ ਜਾਲ ਮੀਰੀ ਪੀਰੀ ਦੇ ਮਾਲਕ ਬੰਦੀ ਛੋੜ ਸਤਿਗੁਰੂ ਅਵੱਸ਼ ਕੱਟਣਗੇ ਇਹ ਸਾਡਾ ਸਭ ਦਾ ਅਟੱਲ ਵਿਸ਼ਵਾਸ ਹੈ ।ਇਸ ਅਰਦਾਸ ਸਮਾਗਮ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਬੰਦੀ ਸਿੰਘਾਂ ਦੇ ਪਰਿਵਾਰਾਂ ਨਾਲ ਭਾਈ ਸੁਰਿੰਦਰ ਸਿੰਘ ਕਿਸ਼ਨਪੁਰਾ ਭਾਈ ਗੁਰਪ੍ਰੀਤ ਸਿੰਘ ਤੋਂ ਇਲਾਵਾ ਭਾਈ ਸਾਹਿਬ ਵੱਲੋਂ ਅਰੰਭੀ ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡ ਕੇ ਗੁਰੂ ਵਾਲੇ ਬਣਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਸਮੇਤ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਪੰਜਾਬ ਤੋਂ ਚੱਲ ਕੇ ਸ਼ਾਮਲ ਹੋਈਆਂ। ਖ਼ਾਲਸਾ ਵਹੀਰ ਦੌਰਾਨ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਦੀਆਂ ਵੱਡੀ ਗਿਣਤੀ ਵਿੱਚ ਬੀਬੀਆਂ ਸਮੇਤ ਪੰਜਾਬ ਤੋਂ ਪਹੁੰਚੀਆਂ ਸੈਂਕੜੇ ਸੰਗਤਾਂ ਨੇ ਹਿੱਸਾ ਲਿਆ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਜਾਰੀ 2024 ਦੀਆਂ ਛੁੱਟੀਆਂ ਦਾ ਕੈਲੰਡਰ, ਇੱਥੇ ਦੇਖੋ ਪੂਰੀ ਲਿਸਟ

- PTC NEWS

Top News view more...

Latest News view more...

PTC NETWORK