Sangrur : ਪੰਜਾਬ 'ਚ ਰੂਹ ਕੰਬਾਊ ਘਟਨਾ, 58 ਸਾਲਾ ਵਿਅਕਤੀ ਨੇ ਖੁਦ ਨੂੰ ਅੱਗ ਲਾ ਕੇ ਆਤਮ-ਹੱਤਿਆ ਕੀਤੀ, ਪਿੱਛੇ ਛੱਡਿਆ ਇੱਕ ਪੱਤਰ
Sangrur : ਚੀਮਾ ਦੀ ਅਨਾਜ ਮੰਡੀ ਵਿੱਚ ਇੱਕ ਬੇਹੱਦ ਦਰਦਨਾਕ ਅਤੇ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਆਪਣੇ ਹੀ ਪੀਟਰ ਰੇਹੜੇ ਵਿੱਚ ਖੁਦ ਨੂੰ ਅੱਗ ਲਗਾ ਕੇ ਆਤਮਦਾਹ (ਖੁਦਕੁਸ਼ੀ) ਕਰ ਲਈ ਗਈ। ਮ੍ਰਿਤਕ ਦੀ ਪਛਾਣ ਚੀਮਾ (Cheema Mandi) ਦੇ ਰਹਿਣ ਵਾਲੇ 58 ਸਾਲਾ ਨੈਬ ਸਿੰਘ ਵਜੋਂ ਹੋਈ ਹੈ, ਜੋ ਕਿ ਗੁਰਦੁਆਰਾ ਚੀਮਾ ਸਾਹਿਬ (ਸੰਤ ਅਤਰ ਸਿੰਘ ਜੀ ਦੇ ਜਨਮ ਅਸਥਾਨ) ਦੇ ਬਿਲਕੁਲ ਨੇੜੇ ਰਹਿੰਦੇ ਸਨ।
ਧਾਰਮਿਕ ਬਿਰਤੀ ਦਾ ਸੀ ਨੈਬ ਸਿੰਘ
ਡੀ.ਐਸ.ਪੀ. ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਨੈਬ ਸਿੰਘ ਧਾਰਮਿਕ ਬਿਰਤੀ ਦੇ ਇਨਸਾਨ ਸਨ ਅਤੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਕਾਮ ਸੇਵਾ ਕਰਦੇ ਸਨ। ਇਹ ਪੀਟਰ ਰੇਹੜਾ ਵੀ ਉਨ੍ਹਾਂ ਨੇ ਨਗਰ ਦੀ ਸੇਵਾ (ਲੰਗਰ ਅਤੇ ਹੋਰ ਕਾਰਜਾਂ) ਲਈ ਰੱਖਿਆ ਹੋਇਆ ਸੀ। ਨੈਬ ਸਿੰਘ ਨੇ ਇੱਕ ਦਿਨ ਪਹਿਲਾਂ ਹੀ ਆਪਣੇ ਪੀਟਰ ਰੇਹੜੇ ਵਿੱਚ ਲੱਕੜਾਂ ਅਤੇ ਬਾਲੇ ਲੋਡ ਕਰ ਲਏ ਸਨ।
ਪੀਟਰ ਰੇਹੜੇ 'ਤੇ ਲੱਕੜਾਂ ਇਕੱਠੇ ਕਰਕੇ ਨਿਕਲਿਆ ਸੀ
ਉਨ੍ਹਾਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4:15 ਵਜੇ ਉਹ ਸਾਈਕਲ 'ਤੇ ਸਵਾਰ ਹੋ ਕੇ ਘਰੋਂ ਨਿਕਲੇ। ਉਨ੍ਹਾਂ ਨੇ ਚੀਮਾ ਬੱਸ ਸਟੈਂਡ ਨੇੜੇ ਸਥਿਤ ਨਿਹੰਗਾਂ ਦੀ ਛਾਉਣੀ ਕੋਲ ਆਪਣਾ ਸਾਈਕਲ ਖੜ੍ਹਾ ਕੀਤਾ ਅਤੇ ਉੱਥੋਂ ਪੀਟਰ ਰੇਹੜਾ ਲੈ ਕੇ ਅੱਗੇ ਚਲੇ ਗਏ। ਕਰੀਬ 4:30 ਤੋਂ 4:45 ਵਜੇ ਦੇ ਦਰਮਿਆਨ ਉਹ ਚੀਮਾ ਦੀ ਦਾਣਾ ਮੰਡੀ ਦੇ ਅੰਦਰ ਪਹੁੰਚੇ। ਸਵੇਰੇ ਕਰੀਬ 4:50 ਵਜੇ ਪੁਲਿਸ ਨੂੰ ਸੂਚਨਾ ਮਿਲੀ ਕਿ ਮੰਡੀ ਵਿੱਚ ਇੱਕ ਰੇਹੜਾ ਭਿਆਨਕ ਅੱਗ ਦੀ ਲਪੇਟ ਵਿੱਚ ਹੈ। ਜਦੋਂ ਪੁਲਿਸ ਅਤੇ ਫੋਰੈਂਸਿਕ ਟੀਮਾਂ ਮੌਕੇ 'ਤੇ ਪਹੁੰਚੀਆਂ ਤਾਂ ਨੈਬ ਸਿੰਘ ਦੀ ਮੌਤ ਹੋ ਚੁੱਕੀ ਸੀ।
ਨੈਬ ਸਿੰਘ ਨੇ ਪੱਤਰ ਵਿੱਚ ਕੀ ਲਿਖਿਆ ?
ਪੁਲਿਸ ਜਾਂਚ ਦੌਰਾਨ ਘਰ ਦੀ ਤਲਾਸ਼ੀ ਲੈਂਦੇ ਸਮੇਂ ਇੱਕ ਪੱਤਰ ਮਿਲਿਆ ਹੈ। ਇਸ ਵਿੱਚ ਨੈਬ ਸਿੰਘ ਨੇ ਖੁਦ ਲਿਖਿਆ ਸੀ ਕਿ ਉਹ ਸੰਸਕਾਰ ਲਈ ਲੋੜੀਂਦੀ ਸਮੱਗਰੀ (ਲੱਕੜਾਂ, ਤੇਲ, ਡੀਜ਼ਲ, ਪੈਟਰੋਲ ਅਤੇ ਘਿਓ) ਆਪਣੇ ਕੋਲ ਰੱਖ ਕੇ ਲੈ ਕੇ ਜਾ ਰਿਹਾ ਹੈ। ਇਸ ਦੇ ਨਾਲ ਹੀ ਪੱਤਰ ਵਿੱਚ ਇੱਕ ਰਿਸ਼ਤੇਦਾਰ ਨਾਲ ਪੈਸਿਆਂ ਦੇ ਲੈਣ-ਦੇਣ ਦਾ ਹਿਸਾਬ ਵੀ ਦਰਜ ਹੈ।
ਮ੍ਰਿਤਕ ਦੀ ਦੇਹ ਕਾਫੀ ਹੱਦ ਤੱਕ ਸੜ ਚੁੱਕੀ ਸੀ, ਜਿਸ ਨੂੰ ਸ਼ਨਾਖਤ ਤੋਂ ਬਾਅਦ ਪੋਸਟਮਾਰਟਮ ਅਤੇ DNA ਟੈਸਟ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਭੇਜਿਆ ਗਿਆ ਹੈ। ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਤਮਹੱਤਿਆ ਕੀਤੀ ਹ ਜਾਂ ਕੁਝ ਹੋਰ ਹੋਇਆ ਹੈ ਪਰ ਇਹ ਮਾਮਲਾ ਆਤਮਹੱਤਿਆ ਦਾ ਜਾਪਦਾ ਹੈ।
ਕਿਸੇ ਕਿਸਮ ਦਾ ਨਹੀਂ ਸੀ ਝਗੜਾ ਜਾਂ ਮਾਨਸਿਕ ਪ੍ਰੇਸ਼ਾਨੀ
ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹ ਪਿਛਲੇ 4-5 ਦਿਨਾਂ ਤੋਂ ਆਪਣੀ ਭੈਣ ਕੋਲ ਧਨੌਲਾ ਗਈ ਹੋਈ ਸੀ ਅਤੇ ਗੁਰਨੈਬ ਸਿੰਘ ਘਰ ਵਿੱਚ ਇਕੱਲੇ ਸਨ. ਉਨ੍ਹਾਂ ਮੁਤਾਬਕ ਪਰਿਵਾਰ ਵਿੱਚ ਕੋਈ ਵੀ ਲੜਾਈ-ਝਗੜਾ ਜਾਂ ਮਾਨਸਿਕ ਪਰੇਸ਼ਾਨੀ ਨਹੀਂ ਸੀ। ਪਰਿਵਾਰ ਦਾ ਇਕਲੌਤਾ ਪੁੱਤਰ, ਜੋ ਪੁਣੇ ਵਿਖੇ ਇੰਜੀਨੀਅਰ ਹੈ, ਉਸ ਦੇ ਘਰ ਪਹੁੰਚਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
- PTC NEWS