Teghbir Singh : 6 ਸਾਲਾ ਸਿੱਖ ਬੱਚੇ ਤੇਗਬੀਰ ਸਿੰਘ ਨੇ ਕਾਇਮ ਕੀਤਾ ਰਿਕਾਰਡ, ਯੂਰਪ ਦੀ ਸਭ ਤੋਂ ਉਚੀ ਚੋਟੀ ਫਤਿਹ ਕਰ ਵਧਾਇਆ ਪੰਜਾਬ ਦਾ ਮਾਣ
Teghbir Singh Success Story : ਰੋਪੜ ਦੇ ਤੇਗਬੀਰ ਸਿੰਘ ਨੇ ਮਾਊਂਟ ਐਲਬਰਸ (Mount Elbrus) ਨੂੰ ਸਰ ਕਰਕੇ ਵਿਸ਼ਵ ਰਿਕਾਰਡ ਕਾਇਮ ਕੀਤਾ, ਜੋ ਕਿ 18510 ਫੁੱਟ (5642 ਮੀਟਰ) ਤੋਂ ਵੱਧ ਦੀ ਹੈਰਾਨੀਜਨਕ ਉਚਾਈ 'ਤੇ ਹੈ। 6 ਸਾਲ ਅਤੇ 9 ਮਹੀਨਿਆਂ ਦੀ ਛੋਟੀ ਉਮਰ ਵਿੱਚ, ਤੇਗਬੀਰ ਸਿੰਘ ਨੇ ਇੱਕ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ - ਉਹ ਮਾਊਂਟ ਐਲਬਰਸ (highest peak on European continent) ਨੂੰ ਸਰ ਕਰਨ ਵਾਲਾ ਦੁਨੀਆ ਦਾ ਸਭ ਤੋਂ ਛੋਟਾ ਪਰਬਤਰੋਹੀ ਬਣ ਗਿਆ ਹੈ। ਤੇਗਬੀਰ ਨੇ 20 ਜੂਨ ਨੂੰ ਮਾਊਂਟ ਐਲਬਰਸ ਤੱਕ ਟ੍ਰੈਕ ਸ਼ੁਰੂ ਕੀਤਾ ਅਤੇ 28 ਜੂਨ 2025 ਨੂੰ ਪਹਾੜ ਦੇ ਸਭ ਤੋਂ ਉੱਚੇ ਬਿੰਦੂ ਐਲਬਰਸ ਚੋਟੀ ਤੱਕ ਪਹੁੰਚਣ ਵਿੱਚ ਕਾਮਯਾਬ ਹੋਇਆ।
ਤੇਗਬੀਰ ਨੂੰ ਸਰਟੀਫਿਕੇਟ ਤੇ ਮੈਡਲ ਨਾਲ ਕੀਤਾ ਗਿਆ ਸਨਮਾਨਤ
ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਇੱਕ ਘੱਟ ਆਕਸੀਜਨ ਟ੍ਰੈਕ ਹੈ ਅਤੇ ਉਚਾਈ ਨਾਲ ਜੁੜੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਤਿਆਰੀ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਚੁਣੌਤੀਆਂ ਨੂੰ ਜਿੱਤਦੇ ਹੋਏ, ਉਹ ਚੋਟੀ ਦੇ ਸਿਖਰ 'ਤੇ ਪਹੁੰਚ ਗਿਆ, ਜਿੱਥੇ ਆਮ ਤਾਪਮਾਨ - 10 ਸੈਲਸੀਅਸ ਹੈ, ਅਤੇ ਉਸਨੇ ਆਪਣਾ ਸੁਪਨਾ ਪੂਰਾ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਤੋਂ ਬਾਅਦ ਉਸਨੂੰ ਮਾਊਂਟੇਨੀਅਰਿੰਗ, ਰੌਕ ਕਲਾਈਮਿੰਗ ਐਂਡ ਸਪੋਰਟਸ ਟੂਰਿਜ਼ਮ ਫੈਡਰੇਸ਼ਨ ਆਫ ਕਬਾਰਡੀਨੋ - ਬਲਕਾਰੀਅਨ ਰਿਪਬਲਿਕ (ਰੂਸ) ਵੱਲੋਂ ਜਾਰੀ ਕੀਤਾ ਗਿਆ ਮਾਊਂਟੇਨ ਕਲਾਈਮਿੰਗ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਤ ਕੀਤਾ ਗਿਆ।
ਤੇਗਬੀਰ ਸਿੰਘ, ਜੋ ਕੇ ਰੋਪੜ ਦੇ ਸ਼ਿਵਾਲਿਕ ਪਬਲਿਕ ਸਕੂਲ ਦਾ ਦੂਜੀ ਜਮਾਤ ਦਾ ਵਿਦਿਆਰਥੀ ਹੈ ਨੇ ਫ਼ੋਨ ਤੇ ਗੱਲ ਕਰਦੇ ਹੋਏ ਕਿਹਾ “ਮੈਂ ਪਹਿਲੀ ਵਾਰ ਬਰਫ਼ 'ਤੇ ਤੁਰ ਰਿਹਾ ਸੀ, ਮੇਰੇ ਬੂਟ ਭਾਰੇ ਸਨ ਪਰ ਮੈਂ ਇਸਦਾ ਅਭਿਆਸ ਕੀਤਾ ਸੀ'' ਉਸਦੇ ਛੋਟੇ ਸ਼ਬਦਾਂ ਵਿੱਚ, "ਮੈਨੂੰ ਪਤਾ ਸੀ ਕਿ ਮੈਨੂੰ ਕਿੱਥੇ ਪਹੁੰਚਣਾ ਹੈ ਅਤੇ ਅੰਤ ਵਿੱਚ ਮੈਂ ਪਹੁੰਚ ਗਿਆ ਅਤੇ ਉੱਥੇ ਆਪਣੇ ਪਿਤਾ ਨਾਲ ਇੱਕ ਤਸਵੀਰ ਖਿਚਵਾਈ"।
ਤੇਗਬੀਰ ਸਿੰਘ ਨੇ ਮਹਾਰਾਸ਼ਟਰਾ ਦੇ ਕੁਸ਼ਗਰਾ ਦੇ ਰਿਕਾਰਡ ਨੂੰ ਪਛਾੜਿਆ
ਇਸ ਉਪਲਬੱਧੀ ਨਾਲ ਤੇਗਬੀਰ ਸਿੰਘ ਨੇ ਵਾਘਾ ਕੁਸ਼ਗਰਾ (ਮਹਾਰਾਸ਼ਟਰ) ਦੇ ਵਿਸ਼ਵ ਰਿਕਾਰਡ ਨੂੰ ਪਛਾੜ ਦਿੱਤਾ, ਜਿਸਨੇ ਪਿਛਲੇ ਸਾਲ 7 ਸਾਲ ਅਤੇ 3 ਮਹੀਨੇ ਦੀ ਉਮਰ ਵਿੱਚ ਵਿਸ਼ਵ ਰਿਕਾਰਡ ਬਣਾਇਆ ਸੀ। ਤੇਗਬੀਰ ਅਗਸਤ 2024 ਵਿੱਚ ਮਾਊਂਟ ਕਿਲੀਮੰਜਾਰੋ (ਅਫ਼ਰੀਕੀ ਮਹਾਂਦੀਪ ਦੀ ਸਭ ਤੋਂ ਉੱਚੀ ਚੋਟੀ) ਨੂੰ ਸਰ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਏਸ਼ੀਆਈ ਬਣ ਗਿਆ ਸੀ ਅਤੇ ਉਸਦਾ ਨਾਮ ਏਸ਼ੀਆ ਬੁੱਕ ਆਫ਼ ਰਿਕਾਰਡ ਅਤੇ ਇੰਡੀਆ ਬੁੱਕ ਆਫ਼ ਰਿਕਾਰਡ ਵਿੱਚ ਸ਼ਾਮਲ ਹੈ। ਉਹ ਅਪ੍ਰੈਲ 2024 ਵਿੱਚ ਮਾਊਂਟ ਐਵਰੈਸਟ ਬੇਸ ਕੈਂਪ (ਨੇਪਾਲ) ਤੱਕ ਜਾ ਚੁੱਕਾ ਹੈ।
ਤੇਗਬੀਰ ਸਿੰਘ ਦੇ ਪਿਤਾ ਨੇ ਦੱਸੀ ਸਫ਼ਲਤਾ ਦੀਆਂ ਪੌੜ੍ਹੀਆਂ ਚੜ੍ਹਨ ਦੀ ਕਹਾਣੀ
ਯੂਰਪ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਦੀ ਪ੍ਰਾਪਤੀ ਤੇ ਖੁਸ਼ ਉਸਦੇ ਪਿਤਾ ਸੁਖਿੰਦਰਦੀਪ ਸਿੰਘ ਨੇ ਕਿਹਾ, "ਤੇਗਬੀਰ ਨੇ ਇਸ ਪ੍ਰਾਪਤੀ ਲਈ ਲਗਭਗ ਇੱਕ ਸਾਲ ਪਹਿਲਾਂ ਤਿਆਰੀ ਸ਼ੁਰੂ ਕਰ ਦਿੱਤੀ ਸੀ। ਉਸਨੂੰ ਸਰਦਾਰ ਬਿਕਰਮਜੀਤ ਸਿੰਘ ਘੁੰਮਣ (ਸੇਵਾਮੁਕਤ ਕੋਚ) ਦੁਆਰਾ ਸਿਖਲਾਈ ਦਿੱਤੀ ਗਈ ਸੀ ਜੋ ਉਸਨੂੰ ਦਿਲ ਦੀ ਸਿਹਤ ਵਧਾਉਣ , ਉਚਾਈ ਨਾਲ ਸਬੰਧਤ ਬਿਮਾਰੀਆਂ ਨਾਲ ਨਜਿੱਠਣ, ਫੇਫੜਿਆਂ ਦੀ ਸਮਰੱਥਾ ਵਧਾਉਣ ਨਾਲ ਸਬੰਧਤ ਅਭਿਆਸਾਂ ਵਿੱਚ ਮਦਦ ਕਰਦੇ ਹਨ । ਉਹ ਮੇਰੇ ਨਾਲ ਹਫਤਾਵਾਰੀ ਟ੍ਰੈਕ 'ਤੇ ਜਾਂਦਾ ਸੀ ਅਤੇ ਵੱਖ-ਵੱਖ ਬਰਫ਼ੀਲੇ ਪਹਾੜੀ ਸਥਾਨਾਂ ਤੇ ਆਪਣੇ ਕੋਚ ਨਾਲ ਸਿਖਲਾਈ ਲਈ ਜਾਂਦਾ ਰਿਹਾ ਹੈ “ਉਸਦੇ ਪਿਤਾ ਦੇ ਦੱਸਣ ਮੁਤਾਬਿਕ ਇਹ ਚੜ੍ਹਾਈ ਮਾਊਂਟ ਕਿਲੀਮੰਜਾਰੋ ਅਤੇ ਉਸ ਵੱਲੋਂ ਪਹਿਲਾਂ ਕੀਤੇ ਗਏ ਹੋਰ ਟ੍ਰੈਕਾਂ ਦੇ ਮੁਕਾਬਲੇ ਵੱਖਰੀ ਸੀ। ਇਹ ਪਹਿਲੀ ਵਾਰ ਸੀ ਜਦੋਂ ਉਹ ਬਰਫ਼ ਵਿੱਚ ਉੱਚੇ ਬੂਟ, ਕਰੈਂਪੌਨ, ਹਾਰਨੈੱਸ ਅਤੇ ਆਕਸੀਜਨ ਸਪੋਰਟ ਨਾਲ ਤੁਰ ਰਿਹਾ ਸੀ। ਇਸ ਨਾਲ ਪੈਰਾਂ ਤੇ ਭਾਰ ਲਗਭਗ 3-4 ਕਿਲੋਗ੍ਰਾਮ ਵਧ ਜਾਂਦਾ ਹੈ। ਉਹ ਲਗਭਗ ਇੱਕ ਹਫ਼ਤੇ ਤੱਕ ਮਾਈਨਸ ਗ੍ਰੇਡ ਤਾਪਮਾਨ ਵਿੱਚ ਘੱਟ ਆਕਸੀਜਨ ਦੀ ਉਚਾਈ 'ਤੇ ਰਿਹਾ ।
ਉਸਦੇ ਪਿਤਾ, ਜੋ ਰੋਪੜ ਦੇ ਇੱਕ ਹਸਪਤਾਲ ਵਿੱਚ ਪ੍ਰਸ਼ਾਸਕ ਵਜੋਂ ਕੰਮ ਕਰ ਰਹੇ ਹਨ ਨੇ ਅੱਗੇ ਕਿਹਾ, "ਸਾਡਾ ਠਹਿਰਾਅ ਪਹਾੜੀ ਹੱਟਾਂ ਵਿੱਚ ਸੀ ਅਤੇ ਸਿਖਰ ਨੂੰ ਸਰ ਕਰਨ ਵਿੱਚ 8 ਦਿਨ ਲੱਗ ਗਏ। ਖਰਾਬ ਮੌਸਮ ਅਤੇ ਭਿਆਨਕ ਬਰਫੀਲੇ ਤੂਫਾਨ ਕਾਰਨ ਸਿਖਰ ਤੇ ਪਹੁੰਚਣ ਦੀ ਆਖ਼ਰੀ ਚੜਾਈ ਦੋ ਵਾਰ ਰੱਦ ਕਰਨੀ ਪਈ ਸੀ"
ਮੌਸਮ ਦੀ ਭਵਿੱਖਵਾਣੀ ਅਨੁਸਾਰ 27 ਜੂਨ ਦੀ ਰਾਤ ਜਦੋਂ ਹਵਾ ਦੀ ਗਤੀ ਘੱਟ ਗਈ, ਤਾਂ ਉਹ ਰਾਤ ਇਕ ਵਜੇ -20 ਸੈਲਸੀਅਸ ਦੇ ਆਸਪਾਸ ਠੰਢੇ ਤਾਪਮਾਨ ਵਿੱਚ ਸਿਖਰ 'ਤੇ ਚੜ੍ਹਨ ਲਈ ਤਿਆਰ ਹੋ ਗਏ। ਇਹ ਪੂਰੇ ਚਾਲਕ ਦਲ ਲਈ ਇੱਕ ਚੁਣੌਤੀਪੂਰਨ ਪਲ ਸੀ ਜਿਸ ਵਿੱਚ ਉਸਦੇ ਪਿਤਾ, ਦੋ ਗਾਈਡ ਸ਼ਾਮਲ ਸੀ।ਉਹ ਤਕਰੀਬਨ 6 ਘੰਟੇ ਤੁਰਨ ਤੋਂ ਬਾਅਦ 28 ਜੂਨ, 2025 ਨੂੰ ਸਵੇਰੇ 7.56 ਵਜੇ ਸਿਖਰ 'ਤੇ ਪਹੁੰਚੇ।
ਉਸਦੇ ਪਿਤਾ ਨੇ ਦੱਸਿਆ ਕਿ ਤੇਗਬੀਰ ਸਿੰਘ 1 ਜੁਲਾਈ, 2025 ਨੂੰ ਵਾਪਸ ਭਾਰਤ ਪਹੁੰਚੇਗਾ।
- PTC NEWS