Vrindavan Tragedy Highlights : ਹਾਦਸੇ 'ਚ ਹੁਣ ਤੱਕ 11 ਲੋਕਾਂ ਦੀ ਹੋਈ ਮੌਤ, 5 ਅਜੇ ਵੀ ਲਾਪਤਾ, ਸੁਰੱਖਿਅਤ ਬਚੇ ਪੀੜਤਾਂ ਅੰਦਰੋਂ ਝੰਜੋੜੇ
Vrindavan Tragedy Live Update : ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਜੀ ਨੇ ਉੱਤਰ ਪ੍ਰਦੇਸ਼ ਦੇ ਮਥੁਰਾ (ਵ੍ਰਿੰਦਾਵਨ) ਵਿਖੇ ਵਾਪਰੇ ਦਰਦਨਾਕ ਕਿਸ਼ਤੀ ਹਾਦਸੇ ’ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਇਸ ਹਾਦਸੇ ਵਿੱਚ ਕੀਮਤੀ ਜਾਨਾਂ ਦੇ ਨੁਕਸਾਨ ਨੂੰ ਉਨ੍ਹਾਂ ਨੇ ਬੇਹੱਦ ਮੰਦਭਾਗਾ ਅਤੇ ਪੀੜਤ ਪਰਿਵਾਰਾਂ ਲਈ ਨਾ ਸਹਿਣਯੋਗ ਦੱਸਿਆ।
ਜਥੇਦਾਰ ਸਾਹਿਬ ਨੇ ਵਿਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕੀਤੀ । ਉਨ੍ਹਾਂ ਅੱਗੇ ਕਿਹਾ ਕਿ ਇਸ ਔਖੀ ਘੜੀ ਵਿੱਚ ਸਿੱਖ ਕੌਮ ਪੀੜਤ ਪਰਿਵਾਰਾਂ ਦੇ ਨਾਲ ਖੜ੍ਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੀੜਤਾਂ ਦੀ ਸਹਾਇਤਾ ਲਈ ਕੀਤੇ ਗਏ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਯੂ.ਪੀ. ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਅਤੇ ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪ੍ਰਭਾਵਿਤ ਪਰਿਵਾਰਾਂ ਦੀ ਹਰ ਸੰਭਵ ਮਦਦ ਨੂੰ ਯਕੀਨੀ ਬਣਾਉਣ।
ਸਿੰਘ ਸਾਹਿਬ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਕਿ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾਣ ਤਾਂ ਜੋ ਭਵਿੱਖ ਵਿੱਚ ਕਿਸੇ ਵੀ ਸ਼ਰਧਾਲੂ ਜਾਂ ਸੈਲਾਨੀ ਦੀ ਜਾਨ ਨੂੰ ਖ਼ਤਰਾ ਨਾ ਰਹੇ।
Vrindavan Tragedy Live Update : ਵ੍ਰਿੰਦਾਵਨ ਹਾਦਸੇ ਵਿੱਚ ਮਾਰੇ ਗਏ ਮਿਰਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਉਂਦੇ ਹੋਏ ਜਗਰਾਓਂ ਦੇ ਬਾਜ਼ਾਰ ਤੇ ਵਪਾਰਕ ਅਦਾਰੇ ਅੱਜ ਬੰਦ ਰਹੇ। ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਵੀ ਆਪਣੇ ਪੈਟਰੋਲ ਪੰਪ ਬੰਦ ਰੱਖੇ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਤਰ ਪ੍ਰਦੇਸ਼ ’ਚ ਮਥੁਰਾ ਦੇ ਵ੍ਰਿੰਦਾਵਨ ਵਿਖੇ ਕਿਸ਼ਤੀ ਪਲਟਣ ਨਾਲ ਹੋਏ ਭਿਆਨਕ ਹਾਦਸੇ ’ਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪੀੜ੍ਹਤ ਪਰਿਵਾਰਾਂ ਲਈ ਬਹੁਤ ਦੁਖਦਾਈ ਹੈ, ਜਿਨ੍ਹਾਂ ਨੇ ਆਪਣਿਆਂ ਨੂੰ ਗਵਾਇਆ ਹੈ। ਉਨ੍ਹਾਂ ਹਾਦਸੇ ਵਿਚ ਜਾਨਾਂ ਗਵਾਉਣ ਵਾਲਿਆਂ ਪ੍ਰਤੀ ਕਰਤਾ ਪੁਰਖੁ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਚਰਨਾਂ ਵਿਚ ਨਿਵਾਸ ਅਤੇ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜ੍ਹਤ ਪਰਿਵਾਰਾਂ ਦੇ ਦੁੱਖ ਵਿਚ ਸ਼ਰੀਕ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਮਥੁਰਾ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਯੂ.ਪੀ. ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਸ. ਬ੍ਰਿਜਪਾਲ ਸਿੰਘ ਦੀ ਡਿਊਟੀ ਲਗਾਈ ਗਈ ਹੈ, ਜੋ ਲੋੜ ਅਨੁਸਾਰ ਪੀੜਤਾਂ ਦੀ ਸਹਾਇਤਾ ਕਰਨਗੇ।
Vrindavan Tragedy Live Update : ਜਗਰਾਉਂ ਸ਼ਮਸ਼ਾਨਘਾਟ ਵਿਖੇ ਇੱਕੋ ਸਮੇਂ ਪੰਜ ਚਿਤਾਵਾਂ ਨੂੰ ਅਗਨੀ ਦਿੱਤੀ ਗਈ। ਕਵਿਤਾ ਬਹਿਲ, ਮਧੁਰ ਬਹਿਲ, ਚਰਨਜੀਤ ਸਿੰਘ, ਪਿੰਕੀ ਬਹਿਲ ਅਤੇ ਈਸ਼ਾਨ ਕਟਾਰੀਆ ਦਾ ਇਕੱਠਾ ਸਸਕਾਰ ਉੱਥੇ ਕੀਤਾ ਗਿਆ।
ਇਸਤੋਂ ਇਲਾਵਾ ਕਵਿਤਾ ਅਤੇ ਮਧੁਰ ਬਹਿਲ ਦਾ ਵੀ ਅੰਤਿਮ ਸਸਕਾਰ ਕਰ ਦਿੱਤਾ ਗਿਆ।
Vrindavan Tragedy Live Update : ਯੂਪੀ ਦੇ ਮਥੁਰਾ ਵਿਖੇ ਬੀਤੇ ਦਿਨੀ ਹੋਏ ਹਾਦਸੇ ਦੌਰਾਨ ਜਿੱਥੇ 11 ਦੇ ਕਰੀਬ ਸ਼ਰਧਾਲੂਆਂ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ ਹੁਣ ਸਾਹਮਣੇ ਆ ਰਿਹਾ ਕਿ ਇਸ ਦੇ ਵਿੱਚ ਜਲਾਲਾਬਾਦ ਦਾ ਪੰਕਜ ਮਲਹੋਤਰਾ ਵੀ ਸਵਾਰ ਸੀ ਪੰਕਜ ਮਲਹੋਤਰਾ ਜੋ ਜਗਰਾਉਂ ਵਿਚ ਰਹਿੰਦੇ ਆਪਣੇ ਮਾਸੀ ਮਾਸੜ ਦੇ ਨਾਲ ਮਥੁਰਾ ਘੁਮਣ ਗਿਆ ਹੋਇਆ ਸੀ। ਪੰਕਜ ਪ੍ਰਾਈਵੇਟ ਜੋਬ ਕਰਦਾ ਹੈ ਸ਼ਾਦੀਸ਼ੁਦਾ ਹੈ ਤੇ ਉਸਦੇ ਦੋ ਬੱਚੇ ਵੀ ਹਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪੰਕਜ ਘਰ ਦੇ ਵਿੱਚ ਇਕਲੌਤਾ ਕਮਾਉਣ ਵਾਲਾ ਸੀ ਉਸਦੀਆਂ ਦੋ ਛੋਟੀਆਂ ਭੈਣਾਂ ਵੀ ਹਨ ਘਰ ਦੇ ਵਿੱਚ ਇਸ ਸਮੇਂ ਗਮਗੀਨ ਮਾਹੌਲ ਹੈ ਪਰਿਵਾਰ ਦਾ ਕਹਿਣਾ ਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਉਹ ਕੀ ਕਰਨ ।
ਹਾਲਾਂਕਿ, ਦੱਸ ਦਈਏ ਕਿ ਪੰਕਜ ਆਪਣੇ ਮਾਸੀ-ਮਾਸੜ ਦੇ ਨਾਲ ਮਥੁਰਾ ਗਿਆ ਹੋਇਆ ਸੀ ਅਤੇ ਉਸ ਦੇ ਮਾਸੀ-ਮਾਸੜ ਦੀ ਡੈਡ ਬੋਡੀ ਮਿਲ ਚੁੱਕੀ ਹੈ। ਜਦ ਕਿ ਪੰਕਜ ਲਈ ਵੀ ਲਾਪਤਾ ਹੈ।

Vrindavan Tragedy Live Update : ਵ੍ਰਿੰਦਾਵਨ ਵਿੱਚ ਹੋਏ ਕਿਸ਼ਤੀ ਹਾਦਸੇ ਦੇ ਪੀੜਤਾਂ ਵਿੱਚ ਮੋਗਾ ਦੀ ਇੱਕ ਔਰਤ ਵੀ ਸ਼ਾਮਲ ਹੈ। ਮ੍ਰਿਤਕ ਦਾ ਨਾਮ ਸਪਨਾ ਹੰਸ ਹੈ। ਮ੍ਰਿਤਕ ਦੇ ਦੋ ਰਿਸ਼ਤੇਦਾਰਾਂ ਨੂੰ ਬਚਾ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
Vrindavan Tragedy Live Update : ਮੀਨੂ ਬਾਂਸਲ ਨੂੰ ਰੀਤੀ-ਰਿਵਾਜਾਂ ਦੇ ਨਾਲ ਦਿੱਤੀ ਗਈ ਅੰਤਿਮ ਵਿਦਾਈ। ਦੱਸ ਦਈਏ ਕਿ ਮੀਨੂ ਬਾਂਸਲ ਦੀ ਬੇਟੀ ਡਿੰਪੀ ਬਾਂਸਲ ਦੀ ਭਾਲ ਅਜੇ ਵੀ ਜਾਰੀ ਹੈ।
Vrindavan Tragedy Live Update : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਹਰੇਕ ਨੂੰ 2 ਲੱਖ ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਾ ਐਲਾਨ ਕੀਤਾ।
ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਨੂੰ 50,000 ਰੁਪਏ ਦੀ ਐਕਸਗ੍ਰੇਸ਼ੀਆ ਰਾਸ਼ੀ ਦਿੱਤੀ ਜਾਵੇਗੀ। ਹਾਦਸੇ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ।

Vrindavan Tragedy Live Update : ਇਸ ਰੂਹ ਕੰਬਾਊ ਹਾਦਸੇ ਨੇ ਲੋਕਾਂ 'ਚ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ਉਤਰ ਪ੍ਰਦੇਸ਼ ਤੋਂ ਲੁਧਿਆਣਾ ਤੇ ਜਗਰਾਓਂ ਲਾਸ਼ਾਂ ਪਹੁੰਚ ਗਈਆਂ ਹਨ, ਪਰ ਪਰਿਵਾਰਕ ਮੈਂਬਰਾਂ ਵੱਲੋਂ ਜਿਵੇਂ ਹੀ ਇਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਦੀਆਂ ਚੀਕਾਂ ਨਿਕਲ ਗਈਆਂ, ਮਾਪਿਆਂ, ਭੈਣ ਭਰਾਵਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਇਲਾਕੇ ਦੇ ਲੋਕ ਵੀ ਵੱਡੀ ਗਿਣਤੀ 'ਚ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦੇਣ ਲਈ ਵੱਡੀ ਗਿਣਤੀ 'ਚ ਇਕੱਠੇ ਹੋਏ ਹਨ।
ਲੁਧਿਆਣਾ ਤੇ ਜਗਰਾਓਂ ਦੋਵਾਂ ਥਾਂਵਾਂ 'ਤੇ ਮਾਹੌਲ ਗਮਗੀਨ ਹੋਇਆ ਪਿਆ ਹੈ। ਮ੍ਰਿਤਕਾਂ ਨੂੰ ਅੰਤਿਮ ਸਸਕਾਰ ਲਈ ਵੀ ਲਿਜਾਇਆ ਜਾ ਰਿਹਾ ਹੈ। ਲਾਸ਼ਾਂ ਤੇ ਆਲੇ--ਦੁਆਲੇ ਪਰਿਵਾਰਕ ਮੈਂਬਰ ਰੋਂਦੇ ਵਿਖਾਈ ਦੇ ਰਹੇ ਹਨ।
Vrindavan Tragedy Live Update : ਹੁਣ ਤੱਕ ਦੀ ਤਾਜ਼ਾ ਜਾਣਕਾਰੀ ਅਨੁਸਾਰ, ਵਰਿੰਦਾਵਣ 'ਚ 10 ਵਿਚੋਂ 8 ਮ੍ਰਿਤਕਾਂ ਦੀਆਂ ਲਾਸ਼ਾਂ ਪੰਜਾਬ ਪਹੁੰਚ ਗਈਆਂ ਹਨ ਹਨ, ਜਿਨ੍ਹਾਂ ਵਿਚੋਂ 7 ਲੋਕ ਇੱਕ ਪਰਿਵਾਰਕ ਦੇ ਸ਼ਾਮਲ ਹਨ।
ਤਿੰਨ ਮ੍ਰਿਤਕਾਂ ਅੰਜੂ ਗੁਲਾਟੀ, ਰਾਕੇਸ਼ ਗੁਲਾਟੀ ਅਤੇ ਮੀਨੂੰ ਬਾਂਸਲ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਲੁਧਿਆਣਾ ਦੇ ਦੁਗਰੀ ਵਿੱਚ ਕੀਤਾ ਜਾ ਰਿਹਾ ਹੈ। ਜਦਕਿ ਪੰਜ ਲੋਕਾਂ, ਕਵਿਤਾ ਬਹਿਲ, ਚਰਨਜੀਤ, ਮਧੁਰ ਬਹਿਲ, ਪਿੰਕੀ ਬਹਿਲ ਅਤੇ ਈਸ਼ਾਨ ਕਟਾਰੀਆ ਦੀਆਂ ਲਾਸ਼ਾਂ ਜਗਰਾਉਂ ਪਹੁੰਚ ਗਈਆਂ ਹਨ।
ਇਨ੍ਹਾਂ ਲੋਕਾਂ 'ਚ ਇੱਕੋ ਪਰਿਵਾਰ ਦੇ ਸੱਤ ਮੈਂਬਰ ਸ਼ਾਮਲ ਹਨ, ਜਿਨ੍ਹਾਂ ਵਿੱਚ ਮਧੁਰ ਬਹਿਲ, ਉਸਦੀ ਮਾਂ ਕਵਿਤਾ ਬਹਿਲ, ਉਸਦਾ ਚਾਚਾ ਚਰਨਜੀਤ, ਚਰਨਜੀਤ ਦੀ ਪਤਨੀ ਪਿੰਕੀ ਬਹਿਲ, ਮਧੁਰ ਦੀ ਮਾਸੀ ਆਸ਼ਾ ਰਾਣੀ, ਉਸਦੀ ਦੂਜੀ ਮਾਸੀ ਅੰਜੂ ਗੁਲਾਟੀ ਅਤੇ ਉਸਦਾ ਚਾਚਾ ਰਾਕੇਸ਼ ਗੁਲਾਟੀ ਸ਼ਾਮਲ ਹਨ।
Vrindavan Tragedy Live Update : ਹਾਦਸੇ ਕਾਰਨ ਲੋਕਾਂ 'ਚ ਸਹਿਮ ਹੈ, ਜਿਹੜੇ ਲੋਕ ਬਚੇ ਹਨ, ਉਹ ਅਜੇ ਵੀ ਸਹਿਮ ਵਿੱਚ ਹਨ ਅਤੇ ਸਮਝ ਨਹੀਂ ਪਾ ਰਹੇ ਕਿ ਕੀ ਹੋ ਗਿਆ।
ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਤੋਂ ਤਨਿਸ਼ ਜੈਨ ਵੀ ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ ਵਿੱਚ ਸਵਾਰ ਸੀ। ਉਸਨੇ ਕਿਹਾ ਕਿ ਦੋ ਬੱਸਾਂ ਵਿੱਚ ਲਗਭਗ 130 ਲੋਕ ਵ੍ਰਿੰਦਾਵਨ ਦੇ ਦਰਸ਼ਨ ਕਰਨ ਆਏ ਸਨ। ਉਹ ਸਾਰੇ ਵ੍ਰਿੰਦਾਵਨ ਦੇ ਫੋਗਲਾ ਆਸ਼ਰਮ ਦੇ ਨੇੜੇ ਰਹਿ ਰਹੇ ਸਨ।
Vrindavan Tragedy Live Update : ਉਧਰ, ਜਗਰਾਓਂ ਵਿੱਚ ਵੀ ਐਂਬੂਲੈਂਸਾਂ ਵੱਲੋਂ ਲਾਸ਼ਾਂ ਲੈ ਕੇ ਪਹੁੰਚਣ ਦੀ ਖ਼ਬਰ ਹੈ।
ਇਸਤੋਂ ਇਲਾਵਾ ਦੋ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਵਿੱਚ ਮਨੀ ਟੰਡਨ ਅਬੋਹਰ ਤੋਂ ਹੈ ਅਤੇ ਪੰਕਜ ਮਲਹੋਤਰਾ ਜਲਾਲਾਬਾਦ ਤੋਂ ਹੈ। ਦੋਵੇਂ ਮਧੁਰ ਬਹਿਲ ਦੀ ਮਾਸੀ ਦੇ ਪੁੱਤਰ ਹਨ।
Vrindavan Tragedy Live Update : ਵ੍ਰਿੰਦਾਵਨ (ਉੱਤਰ ਪ੍ਰਦੇਸ਼) ਵਿੱਚ ਹੋਏ ਮੰਦਭਾਗੇ ਕਿਸ਼ਤੀ ਹਾਦਸੇ ਦੇ ਸੰਬੰਧ ਵਿੱਚ, ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਨਾ ਫੈਲਾਉਣ ਜਾਂ ਘਬਰਾਹਟ ਨਾ ਪੈਦਾ ਕਰਨ, ਕਿਉਂਕਿ ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਪਹਿਲਾਂ ਹੀ ਵ੍ਰਿੰਦਾਵਨ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਜਨਤਾ ਦੀ ਸਹਾਇਤਾ ਲਈ ਜਗਰਾਉਂ ਦੇ ਨਾਲ-ਨਾਲ ਜ਼ਿਲ੍ਹਾ ਹੈੱਡਕੁਆਰਟਰ, ਲੁਧਿਆਣਾ ਵਿੱਚ 24x7 ਸਮਰਪਿਤ ਹੈਲਪਲਾਈਨਾਂ ਸਥਾਪਤ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ 01624-223226 (ਐਸਡੀਐਮ ਜਗਰਾਉਂ ਦਫ਼ਤਰ) ਅਤੇ 0161-2403100 (ਡਿਪਟੀ ਕਮਿਸ਼ਨਰ ਦਫ਼ਤਰ, ਲੁਧਿਆਣਾ) ਸ਼ਾਮਲ ਹਨ।
ਉਨ੍ਹਾਂ ਅੱਗੇ ਕਿਹਾ ਕਿ ਜਿਵੇਂ ਹੀ ਇਹ ਘਟਨਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿੱਚ ਆਈ, ਤਾਂ ਬਿਹਤਰ ਤਾਲਮੇਲ ਯਕੀਨੀ ਬਣਾਉਣ ਲਈ ਸਿਵਲ ਅਤੇ ਪੁਲਿਸ ਅਧਿਕਾਰੀਆਂ ਦੀਆਂ ਵਿਸ਼ੇਸ਼ ਟੀਮਾਂ ਨੂੰ ਤੁਰੰਤ ਵ੍ਰਿੰਦਾਵਨ ਭੇਜਿਆ ਗਿਆ।
ਉਨ੍ਹਾਂ ਇੱਕ ਵਾਰ ਫਿਰ ਜਨਤਾ ਨੂੰ ਇਸ ਸੰਕਟ ਦੇ ਸਮੇਂ ਵਿੱਚ ਇੱਕਜੁੱਟ ਰਹਿਣ ਅਤੇ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕਰਨ ਦੀ ਅਪੀਲ ਕੀਤੀ।
Vrindavan Tragedy Live Update : ਮਥੁਰਾ ਦੇ ਐਸਪੀ ਦਿਹਾਤੀ ਸੁਰੇਸ਼ ਚੰਦਰ ਰਾਵਤ ਕਹਿੰਦੇ ਹਨ, "... ਕੱਲ੍ਹ ਤੋਂ ਸਾਰੀਆਂ ਟੀਮਾਂ ਇੱਥੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ... ਅਸੀਂ 8 ਪੀਆਰਬੀ ਭੇਜੀਆਂ, ਸਾਡੀ ਫਾਇਰ ਰੈਸਕਿਊ ਟੀਮ ਅਤੇ ਐਂਬੂਲੈਂਸਾਂ ਉੱਥੇ ਪਹੁੰਚ ਗਈਆਂ। ਸਾਰਿਆਂ ਨੂੰ ਬਚਾਇਆ ਗਿਆ। ਕੁੱਲ ਜਿਨ੍ਹਾਂ ਵਿੱਚੋਂ 10 ਦੀ ਮੌਤ ਹੋ ਗਈ, ਅਤੇ 22 ਸੁਰੱਖਿਅਤ ਹਨ। ਕਿਸ਼ਤੀ ਦੇਰ ਰਾਤ ਬਰਾਮਦ ਕੀਤੀ ਗਈ। 8 ਐਨਡੀਆਰਐਫ ਟੀਮਾਂ, 5 ਐਸਡੀਆਰਐਫ ਟੀਮਾਂ ਅਤੇ 3 ਪੀਏਸੀ ਟੀਮਾਂ ਤਾਇਨਾਤ ਹਨ। ਲਗਭਗ 120 ਨਿੱਜੀ ਗੋਤਾਖੋਰ ਤਾਇਨਾਤ ਕੀਤੇ ਗਏ ਹਨ, ਅਤੇ ਅਸੀਂ 14 ਕਿਲੋਮੀਟਰ ਦੇ ਆਪ੍ਰੇਸ਼ਨ ਖੇਤਰ ਦੀ ਖੋਜ ਕੀਤੀ ਹੈ..."
Vrindavan Tragedy Live Update : ਜਾਣਕਾਰੀ ਅਨੁਸਾਰ, ਹਾਦਸੇ 'ਚ ਮ੍ਰਿਤਕਾਂ ਵਿਚੋਂ 4 ਲੋਕਾਂ ਦੀਆਂ ਲਾਸ਼ਾਂ ਲੁਧਿਆਣਾ ਪਹੁੰਚੀਆਂ ਹਨ। ਚਾਰ ਮ੍ਰਿਤਕਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਵ੍ਰਿੰਦਾਵਨ ਹਾਦਸੇ ਵਿੱਚ ਮਾਰੇ ਗਏ ਜਗਰਾਓਂ ਦੇ ਰਹਿਣ ਵਾਲੇ ਪਤੀ-ਪਤਨੀ ਚਰਨਜੀਤ ਸਿੰਘ ਤੇ ਪਿੰਕੀ, ਮ੍ਰਿਤਕ ਮਧੁਰ ਬਹਿਲ ਜਗਰਾਓਂ ਅਤੇ ਲੁਧਿਆਣਾ ਦਾ ਨੌਜਵਾਨ ਯਸ਼ ਭੱਲਾ ਲਾਪਤਾ ਹੈ।
ਲੁਧਿਆਣਾ ਪਹੁੰਚੀਆਂ 4 ਮ੍ਰਿਤਕਾਂ ਵਿਚੋਂ 3 ਦੁੱਗਰੀ ਇਲਾਕੇ ਦੇ ਰਹਿਣ ਵਾਲੇ ਸਨ, ਜਿਨ੍ਹਾਂ ਵਿੱਚ ਰਾਕੇਸ਼ ਗੋਲਾਟੀ, ਅੰਜੂ ਗੋਲਾਟੀ, ਮੀਨੂ ਬਾਂਸਲ ਹਨ, ਤੇ ਮੀਨੂੰ ਬਾਂਸਲ ਦੀ ਬੇਟੀ ਲਾਪਤਾ ਹੈ।
Vrindavan Boat Tragedy Live Updates : ਕਿਸ਼ਤੀ 'ਚ ਕਿਹੜੇ-ਕਿਹੜੇ ਲੋਕ ਸਵਾਰ ਸਨ, ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਸੂਚੀ ਵਿੱਚ ਮ੍ਰਿਤਕਾਂ, ਬਚਾਏ ਗਏ ਅਤੇ ਲਾਪਤਾ ਲੋਕਾਂ ਦੇ ਨਾਮ ਜਾਰੀ ਕੀਤੇ ਗਏ ਹਨ।

Vrindavan Boat Tragedy Live Updates : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਮਥੁਰਾ ਨੇੜੇ ਯਮੁਨਾ ਨਦੀ ਵਿੱਚ ਜਗਰਾਉਂ ਦੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਦੇ ਪਲਟਣ ਕਾਰਨ ਹੋਏ ਜਾਨੀ ਨੁਕਸਾਨ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ, "ਇਹ ਬੇਹੱਦ ਮੰਦਭਾਗਾ ਹੈ ਕਿ ਜਗਰਾਉਂ ਦੇ 32 ਵਸਨੀਕਾਂ ਨੂੰ ਵ੍ਰਿੰਦਾਵਨ ਲਿਜਾ ਰਹੀ ਇੱਕ ਕਿਸ਼ਤੀ ਮਥੁਰਾ ਨੇੜੇ ਯਮੁਨਾ ਨਦੀ ਵਿੱਚ ਪਲਟ ਗਈ। ਇਸ ਦੁਖਦਾਈ ਹਾਦਸੇ ਵਿੱਚ ਕੁਝ ਸ਼ਰਧਾਲੂਆਂ ਦੀ ਡੁੱਬਣ ਕਾਰਨ ਮੌਤ ਹੋ ਗਈ।"
ਉਨ੍ਹਾਂ ਕਿਹਾ, "ਮੈਂ ਪੀੜਤ ਪਰਿਵਾਰਾਂ ਅਤੇ ਸਾਕ-ਸਬੰਧੀਆਂ ਨਾਲ ਆਪਣੀ ਦਿਲੀ ਹਮਦਰਦੀ ਸਾਂਝੀ ਕਰਦਾ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਸਹਿਣ ਦਾ ਬਲ ਬਖਸ਼ਣ ਅਤੇ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਸਦੀਵੀ ਨਿਵਾਸ ਦੇਣ।"
Vrindavan Boat Tragedy Live Updates : ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਹਾਦਸੇ ਵਾਲੀ ਥਾਂ 'ਤੇ ਪਾਣੀ ਲਗਭਗ 30 ਫੁੱਟ ਡੂੰਘਾ ਹੈ। ਜਾਂਚ ਤੋਂ ਪਤਾ ਚੱਲਦਾ ਹੈ ਕਿ ਕਿਸ਼ਤੀ ਵਿੱਚ 15 ਸ਼ਰਧਾਲੂਆਂ ਦੀ ਸਮਰੱਥਾ ਸੀ, ਪਰ ਕਿਸ਼ਤੀ ਚਾਲਕ ਨੇ 25 ਯਾਤਰੀਆਂ ਨੂੰ ਚੜਾਇਆ ਹੋਇਆ ਸੀ। ਕਿਸੇ ਵੀ ਯਾਤਰੀ ਨੇ ਲਾਈਫ ਜੈਕੇਟ ਨਹੀਂ ਪਾਈ ਹੋਈ ਸੀ। ਹਾਦਸੇ ਤੋਂ ਬਾਅਦ ਕਿਸ਼ਤੀ ਚਾਲਕ ਦੇ ਫਰਾਰ ਹੋਣ ਦੀ ਵੀ ਖਬਰ ਹੈ।
Vrindavan Boat Tragedy Live Updates : ਵਰਿੰਦਾਵਨ ਵਿਖੇ ਇਕ ਕਿਸ਼ਤੀ ਹਾਦਸੇ ਵਿੱਚ ਪੰਜਾਬ ਦੇ ਕੁਝ ਵਸਨੀਕਾਂ ਦੀ ਦੁਖਦ ਮੌਤ ਦੀ ਖਬਰ ਮਿਲੀ ਹੈ। ਮਨ ਬਹੁਤ ਦੁੱਖੀ ਹੈ। ਮੇਰੀ ਪਰਿਵਾਰਾਂ ਨਾਲ ਗਹਿਰੀ ਹਮਦਰਦੀ ਹੈ ਅਤੇ ਪ੍ਰਭੂ ਅੱਗੇ ਅਰਦਾਸ ਹੈ ਕਿ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਉੱਤਰ ਪ੍ਰਦੇਸ਼ ਸਰਕਾਰ ਦਾ ਪ੍ਰਸ਼ਾਸਨ ਪੀੜਤਾਂ ਨੂੰ ਹਰ ਮਦਦ ਮੁਹਈਆ ਕਰਵਾਉਣ ਦਾ ਯਤਨ ਕਰ ਰਿਹਾ ਹੈ।
Vrindavan Boat Tragedy Live Updates : ਹਾਦਸੇ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਇੱਕ ਹੈਲਪਲਾਈਨ ਨੰਬਰ, 0565-2403200 ਜਾਰੀ ਕੀਤਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ, "ਕਿਸੇ ਵੀ ਸਵਾਲ ਜਾਂ ਜਾਣਕਾਰੀ ਲਈ, ਕਿਰਪਾ ਕਰਕੇ ਮੇਰੇ ਮੋਬਾਈਲ ਨੰਬਰ 9454417512 'ਤੇ, ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਵਿੱਤ ਅਤੇ ਮਾਲੀਆ) ਡਾ. ਪੰਕਜ ਕੁਮਾਰ ਵਰਮਾ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 9012881919/9454417583 'ਤੇ ਅਤੇ ਪੁਲਿਸ ਸੁਪਰਡੈਂਟ (ਦਿਹਾਤੀ) ਸੁਰੇਸ਼ ਚੰਦਰ ਰਾਵਤ ਨਾਲ ਉਨ੍ਹਾਂ ਦੇ ਮੋਬਾਈਲ ਨੰਬਰ 9454401103 'ਤੇ ਸੰਪਰਕ ਕਰੋ।"
Vrindavan Boat Tragedy Live Updates : ਵ੍ਰਿੰਦਾਵਨ ਹਾਦਸੇ ਵਿੱਚ ਮਾਨਿਕ ਟੰਡਨ, ਪੰਕਜ ਮਲਹੋਤਰਾ, ਨਿਸ਼ਭ ਸ਼ਰਮਾ, ਯਸ਼ ਅਤੇ ਇੱਕ ਹੋਰ ਵਿਅਕਤੀ ਲਾਪਤਾ ਹਨ। ਉਨ੍ਹਾਂ ਦੀ ਭਾਲ ਜਾਰੀ ਹੈ।
ਮ੍ਰਿਤਕਾਂ ਵਿੱਚ, ਰਾਕੇਸ਼ ਅਤੇ ਅੰਜੂ ਪਤੀ-ਪਤਨੀ ਸਨ, ਅਤੇ ਚਰਨਜੀਤ ਅਤੇ ਪਿੰਕੀ ਪਿਤਾ-ਧੀ ਸਨ।
Vrindavan Boat Tragedy Live Updates : ਵਰਿੰਦਾਵਣ ਹਾਦਸੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਡੂੰਘਾ ਦੁੱਖ ਜ਼ਾਹਰ ਕੀਤਾ ਹੈ। ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, ''ਮਥੁਰਾ ਦੇ ਵ੍ਰਿੰਦਾਵਨ ਵਿੱਚ ਇੱਕ ਰੂਹ ਕੰਬਾਊ ਤ੍ਰਾਸਦੀ ਬਾਰੇ ਪਤਾ ਲੱਗਾ ਕਿ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਇੱਕ ਸਟੀਮਰ ਪੋਂਟੂਨ ਪੁਲ ਨਾਲ ਟਕਰਾਉਣ ਤੋਂ ਬਾਅਦ ਯਮੁਨਾ ਵਿੱਚ ਪਲਟ ਗਿਆ। ਯਾਤਰੀਆਂ ਵਿੱਚ ਜਗਰਾਉਂ (ਪੰਜਾਬ) ਦੇ ਕਈ ਸ਼ਰਧਾਲੂ ਵੀ ਸ਼ਾਮਲ ਸਨ।''
ਉਨ੍ਹਾਂ ਨੇ ਕਿਹਾ, ''ਕਈ ਮੌਤਾਂ ਅਤੇ ਲਾਪਤਾ ਵਿਅਕਤੀਆਂ ਦੀਆਂ ਰਿਪੋਰਟਾਂ ਬਹੁਤ ਦੁਖਦਾਈ ਹਨ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ, ਅਤੇ ਮੈਂ ਉਨ੍ਹਾਂ ਸਾਰੇ ਲੋਕਾਂ ਦੇ ਸੁਰੱਖਿਅਤ ਬਚਾਅ ਲਈ ਪ੍ਰਾਰਥਨਾ ਕਰਦਾ ਹਾਂ ਜੋ ਅਜੇ ਵੀ ਲਾਪਤਾ ਹਨ।''
Vrindavan Boat Tragedy Live Updates : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਕਿਸ਼ਤੀ ਦੇ ਪਲਟਣ ਕਾਰਨ ਹੋਈ ਦੁਰਘਟਨਾ ਤੋਂ ਬਹੁਤ ਦੁਖੀ ਹਾਂ। ਉਨ੍ਹਾਂ ਲੋਕਾਂ ਪ੍ਰਤੀ ਮੇਰੀ ਸੰਵੇਦਨਾ ਜਿਨ੍ਹਾਂ ਨੇ ਆਪਣੇ ਨੇੜਲੇ ਅਤੇ ਪਿਆਰੇ ਲੋਕਾਂ ਨੂੰ ਗੁਆ ਦਿੱਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰਦਾ ਹਾਂ। ਸਥਾਨਕ ਪ੍ਰਸ਼ਾਸਨ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਕਰ ਰਿਹਾ ਹੈ"
Vrindavan Boat Tragedy Live Updates : ਡੀਆਈਜੀ ਸ਼ੈਲੇਸ਼ ਕੁਮਾਰ ਪਾਂਡੇ ਨੇ ਕਿਹਾ ਕਿ ਪੰਜਾਬ ਤੋਂ ਸ਼ਰਧਾਲੂਆਂ ਦਾ ਇੱਕ ਸਮੂਹ ਆਇਆ ਸੀ। ਇੱਕ ਕਿਸ਼ਤੀ ਵਿੱਚ 25-27 ਲੋਕ ਸਵਾਰ ਸਨ। ਉਹ ਕਿਸ਼ਤੀ ਪਲਟ ਗਈ। 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 12 ਲੋਕ ਸੁਰੱਖਿਅਤ ਹਨ। ਤਿੰਨ ਤੋਂ ਪੰਜ ਲਾਪਤਾ ਹੋ ਸਕਦੇ ਹਨ। ਉਨ੍ਹਾਂ ਨੂੰ ਲੱਭਣ ਲਈ ਖੋਜ ਮੁਹਿੰਮ ਚਲਾਈ ਜਾ ਰਹੀ ਹੈ।
Vrindavan Boat Tragedy Live Updates : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵ੍ਰਿੰਦਾਵਨ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ X 'ਤੇ ਲਿਖਿਆ, "ਮਥੁਰਾ ਜ਼ਿਲ੍ਹੇ ਵਿੱਚ ਕਿਸ਼ਤੀ ਪਲਟਣ ਵਾਲੀ ਘਟਨਾ ਵਿੱਚ ਜਾਨ ਦਾ ਨੁਕਸਾਨ ਬਹੁਤ ਦੁਖਦਾਈ ਅਤੇ ਦਿਲ ਦਹਿਲਾ ਦੇਣ ਵਾਲਾ ਹੈ। ਮੇਰੀਆਂ ਸੰਵੇਦਨਾਵਾਂ ਦੁਖੀ ਪਰਿਵਾਰਾਂ ਨਾਲ ਹਨ।" ਮੈਂ ਸਬੰਧਤ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚਣ, ਬਚਾਅ ਅਤੇ ਰਾਹਤ ਕਾਰਜ ਕਰਨ ਅਤੇ ਜ਼ਖਮੀਆਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ।
Vrindavan Boat Tragedy Live Updates : ਲੁਧਿਆਣਾ ਜ਼ਿਲ੍ਹੇ ਦੇ ਜਗਰਾਉਂ ਤੋਂ ਤਨਿਸ਼ ਜੈਨ ਵੀ ਹਾਦਸੇ ਵਾਲੇ ਸਟੀਮਰ 'ਤੇ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਬਹੁਤ ਭਿਆਨਕ ਸੀ। ਉਨ੍ਹਾਂ ਨੇ ਕਿਹਾ, "ਦੋ ਬੱਸਾਂ ਵਿੱਚ ਲਗਭਗ 130 ਲੋਕ ਵ੍ਰਿੰਦਾਵਨ ਦੇ ਦਰਸ਼ਨ ਕਰਨ ਆਏ ਸਨ ਅਤੇ ਉਹ ਸਾਰੇ ਵ੍ਰਿੰਦਾਵਨ ਦੇ ਫੋਗਲਾ ਆਸ਼ਰਮ ਦੇ ਨੇੜੇ ਠਹਿਰੇ ਹੋਏ ਸਨ।"
ਉਨ੍ਹਾਂ ਕਿਹਾ ਕਿ ਜਦੋਂ ਸਾਡਾ ਸਟੀਮਰ ਪੀਪਾ ਪੁਲ ਦੇ ਨੇੜੇ ਪਹੁੰਚਿਆ, ਤਾਂ ਅਸੀਂ ਕਿਸ਼ਤੀ ਚਾਲਕ ਨੂੰ ਕਿਹਾ ਕਿ ਪੁਲ ਆਉਣ ਵਾਲਾ ਹੈ, ਰੋਕ ਲਓ, ਪਰ ਉਹ ਨਹੀਂ ਰੁਕਿਆ। ਇਸ ਦੌਰਾਨ ਸਟੀਮਰ ਦੋ ਵਾਰ ਟੱਕਰ ਤੋਂ ਬਚਿਆ, ਪਰ ਤੀਜੀ ਵਾਰ, ਇਹ ਟਕਰਾ ਗਿਆ ਅਤੇ ਹਾਦਸਾ ਵਾਪਰਿਆ।
Ludhiana News : ਉੱਤਰ ਪ੍ਰਦੇਸ਼ (UP) ਦੇ ਵਰਿੰਦਾਵਣ 'ਚ ਪੰਜਾਬ ਤੋਂ ਗਏ ਸ਼ਰਧਾਲੂਆਂ ਨਾਲ ਖੌਫਨਾਕ ਹਾਦਸਾ (Punjab Devotee Accident in Varindavan) ਵਾਪਰਿਆ ਹੈ। ਲੁਧਿਆਣਾ ਦੇ ਜਗਰਾਓਂ (Jagraon News) ਤੋਂ ਗਏ ਇਨ੍ਹਾਂ ਸ਼ਰਧਾਲੂਆਂ ਨਾਲ ਭਰੀ ਕਿਸ਼ਤੀ ਯਮੁਨਾ ਨਦੀ (Yamuna Rivar) ਵਿੱਚ ਪਲਟ ਗਈ ਹੈ, ਜਿਸ ਦੌਰਾਨ 10 ਸ਼ਰਧਾਲੂਆਂ ਦੀ ਮੌਤ ਹੋਣ ਬਾਰੇ ਦੱਸਿਆ ਜਾ ਰਿਹਾ ਹੈ।
ਕਿਸ਼ਤੀ 'ਤੇ ਸਵਾਰ ਸਨ 30 ਸ਼ਰਧਾਲੂ
ਹਾਦਸੇ ਪਿੱਛੇ ਯਮੁਨਾ ਨਦੀ ਦੇ ਵਿਚਕਾਰ ਤੇਜ਼ ਹਵਾਵਾਂ ਕਾਰਨ ਸਟੀਮਰ ਅਚਾਨਕ ਹਿੱਲਣ ਕਾਰਨ ਅਚਾਨਕ ਪੋਂਟੂਨ ਪੁਲ ਨਾਲ ਟਕਰਾਉਣ ਕਾਰਨ ਪਲਟਣ ਬਾਰੇ ਦੱਸਿਆ ਜਾ ਰਿਹਾ ਹੈ।
ਮਥੁਰਾ ਦੇ ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਮੌਤਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਵ੍ਰਿੰਦਾਵਨ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਯਮੁਨਾ ਨਦੀ ਵਿੱਚ 30 ਸੈਲਾਨੀਆਂ ਨੂੰ ਲੈ ਕੇ ਜਾ ਰਿਹਾ ਇੱਕ ਸਟੀਮਰ ਪਲਟ (Vrindavan Boat Tragedy) ਗਿਆ, ਜਿਸ ਦੌਰਾਨ 10 ਸੈਲਾਨੀ ਡੁੱਬ ਗਏ। (Boat Capsize in Yamuna) ਮ੍ਰਿਤਕਾਂ ਵਿੱਚ 6 ਔਰਤਾਂ ਅਤੇ ਤਿੰਨ ਪੁਰਸ਼ ਸ਼ਾਮਲ ਸਨ। ਉਨ੍ਹਾਂ ਨੇ ਦੱਸਿਆ ਕਿ ਕਿਸ਼ਤੀ (Steamer) 'ਚ ਸਵਾਰ ਸਾਰੇ ਸੈਲਾਨੀ ਪੰਜਾਬ ਦੇ ਸੈਲਾਨੀ ਸਨ।
ਡੀਆਈਜੀ ਸ਼ੈਲੇਸ਼ ਕੁਮਾਰ ਪਾਂਡੇ ਨੇ ਕਿਹਾ ਕਿ ਪੰਜਾਬ ਤੋਂ ਸ਼ਰਧਾਲੂਆਂ ਦਾ ਇੱਕ ਸਮੂਹ ਆਇਆ ਸੀ। ਦੋ ਕਿਸ਼ਤੀਆਂ ਵਿੱਚ ਲਗਭਗ 33 ਲੋਕ ਸਵਾਰ ਸਨ। ਇੱਕ ਕਿਸ਼ਤੀ ਵਿੱਚ 25-27 ਲੋਕ ਸਵਾਰ ਸਨ, ਉਹ ਕਿਸ਼ਤੀ ਪਲਟ ਗਈ। 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। 12 ਲੋਕ ਸੁਰੱਖਿਅਤ ਹਨ। ਤਿੰਨ ਤੋਂ ਪੰਜ ਲਾਪਤਾ ਹੋ ਸਕਦੇ ਹਨ। ਉਨ੍ਹਾਂ ਨੂੰ ਲੱਭਣ ਲਈ ਖੋਜ ਮੁਹਿੰਮ ਚਲਾਈ ਜਾ ਰਹੀ ਹੈ।
15 ਲੋਕਾਂ ਨੂੰ ਕੀਤਾ ਗਿਆ ਰੈਸਕਿਊ
ਦੱਸਿਆ ਜਾ ਰਿਹਾ ਹੈ ਕਿ ਹਾਦਸਾ ਦੁਪਹਿਰ 2:45 ਵਜੇ ਕੇਸੀ ਘਾਟ 'ਤੇ ਵਾਪਰਿਆ, ਜੋ ਕਿ ਸ਼੍ਰੀ ਬਾਂਕੇ ਬਿਹਾਰੀ ਮੰਦਰ ਤੋਂ ਲਗਭਗ 2.5 ਕਿਲੋਮੀਟਰ ਦੂਰ ਹੈ। ਐਸਡੀਆਰਐਫ ਅਤੇ ਐਨਡੀਆਰਐਫ ਮੌਕੇ 'ਤੇ ਬਚਾਅ ਕਾਰਜ ਕਰ ਰਹੇ ਹਨ। 50 ਸਥਾਨਕ ਗੋਤਾਖੋਰ ਵੀ ਬਚਾਅ ਕਾਰਜਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਅਨੁਸਾਰ ਲਗਭਗ 15 ਲੋਕਾਂ ਨੂੰ ਬਚਾਇਆ ਗਿਆ ਹੈ।
ਜਾਣਕਾਰੀ ਅਨੁਸਾਰ, ਇਹ ਸਾਰੇ ਸੈਲਾਨੀ 9 ਅਪ੍ਰੈਲ ਨੂੰ ਸ਼ਾਮ 6 ਵਜੇ ਜਗਰਾਉਂ (ਲੁਧਿਆਣਾ) ਪੰਜਾਬ ਤੋਂ ਵ੍ਰਿੰਦਾਵਨ ਗਏ ਸਨ, ਜੋ ਕਿ ਬਾਂਕੇ ਬਿਹਾਰੀ ਕਲੱਬ ਦੇ ਮੈਂਬਰ ਹਨ।
- PTC NEWS