ਮਾਨਸਾ ਤੋਂ ਅਜੀਬੋ-ਗਰੀਬ ਮਾਮਲਾ ਆਇਆ ਸਾਹਮਣੇ, ਨੌਜਵਾਨ ਨਿਵੇਕਲੇ ਤਰੀਕੇ ਨਾਲ ਮੁੱਖ ਮੰਤਰੀ ਨੂੰ ਮਿਲਣ ਅਪੀਲ
ਮਾਨਸਾ ਦੇ ਇੱਕ ਨੌਜਵਾਨ ਵੱਲੋਂ ਨਿਵੇਕਲੇ ਤੌਰ ਤੇ ਮੁੱਖ ਮੰਤਰੀ ਨੂੰ ਮਿਲਣ ਦੀ ਅਪੀਲ ਕਰ ਰਿਹਾ ਹੈ, ਉਸ ਨੌਜਵਾਨ ਦੁਆਰਾ ਨਸ਼ੇ ਦੇ ਖਿਲਾਫ਼ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਨੌਜਵਾਨ ਨੇ ਆਪਣੇ ਸ਼ਰੀਰ ਤੇ ਲਿਖਵਾ ਕੇ ਮੁੱਖ ਮੰਤਰੀ ਨੂੰ ਮਿਲਣ ਦੀ ਇੱਛਾ ਜਾਹਿਰ ਕੀਤੀ ਹੈ ਦੱਸ ਦਈਏ ਕਿ ਉਸਨੇ ਆਪਣੇ ਸਰੀਰ 'ਤੇ ਲਿਖਵਾਇਆ ਹੈ "ਭਗਵੰਤ ਮਾਨ ਜੀ ਮਾਨਸਾ ਆਓ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਐ ਅਤੇ ਮੈਂ ਤੁਹਾਡੀ ਵੋਟ ਬੋਲਦੀ ਹਾਂ" ਇਹ ਨੌਜਵਾਨ ਜ਼ਿਲ੍ਹਾ ਕਚਹਿਰੀ ਅਤੇ ਮਾਨਸਾ ਸ਼ਹਿਰ ਦੇ ਵਿੱਚ ਸ਼ਰੇਆਮ ਘੁੰਮ ਰਿਹਾ ਹੈ।
ਦੱਸ ਦਈਏ ਕਿ ਇਸ ਨੌਜਵਾਨ ਦਾ ਨਾਮ ਕੁਲਵੰਤ ਸਿੰਘ ਹੈ ਅਤੇ ਇਹ ਮਾਨਸਾ ਦਾ ਰਹਿਣ ਵਾਲਾ ਹੈ ਇਸ ਨੌਜਵਾਨ ਦਾ ਕਹਿਣਾ ਹੈ ਕਿ ਸਰਕਾਰ ਦੇ ਖਿਲਾਫ਼ ਲੋਕ ਰੋਸ ਪ੍ਰਦਰਸ਼ਨ ਕਰਦੇ ਹਨ ਅਤੇ ਸਰਕਾਰ ਵਿਰੁੱਧ ਹਿੰਸਾ ਪੈਦਾ ਕਰਦੇ ਹਨ ਪਰ ਮੈਂ ਸ਼ਾਂਤਮਈ ਤਰੀਕੇ ਦੇ ਨਾਲ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਨਸ਼ੇ ਨੂੰ ਠੱਲ ਪਾਈ ਜਾਵੇ ਅਤੇ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਮੇਰੀ ਗੱਲ ਜ਼ਰੂਰ ਸੁਣਨਗੇ ਅਤੇ ਮੈਨੂੰ ਮਿਲਣ ਦਾ ਮੌਕਾ ਵੀ ਦੇਣਗੇ।
ਉਸਨੇ ਕਿਹਾ "ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜਰੂਰੀ ਹੈ ਜੇਕਰ ਨਸ਼ਾ ਬੰਦ ਹੋ ਜਾਵੇ ਤਾਂ ਸਾਡੀ ਜਵਾਨੀ ਵੀ ਬੱਚ ਜਾਵੇਗੀ ਪਰ ਜੇਕਰ ਸਾਡੀ ਜਵਾਨੀ ਹੀ ਨਾ ਰਹੀ ਫਿਰ ਨੌਕਰੀਆਂ ਰੋਜ਼ਗਾਰ ਕੀ ਕਰਨਾ ਹੈ।"
ਉਸਨੇ ਸਰਕਾਰ ਤੋਂ ਉਮੀਦ ਰੱਖਦਿਆਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਹੈ ਅਤੇ ਮੈਨੂੰ ਉਮੀਦ ਹੈ ਕਿ ਮੁੱਖ ਮੰਤਰੀ ਆਮ ਆਦਮੀ ਦੇ ਨਾਲ ਜ਼ਰੂਰ ਗੱਲ ਕਰਨਗੇ ਅਤੇ ਨਸ਼ੇ ਨੂੰ ਰੋਕਣ ਦੇ ਲਈ ਵੀ ਪਹਿਲ ਕਰਨਗੇ।
- PTC NEWS