ਦਰਦਨਾਕ: ਕੈਨੇਡਾ 'ਚ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ਼ ਹੋਈ ਮੌਤ
ਰਾਏਕੋਟ: ਕੈਨੇਡਾ ਰੋਜ਼ੀ ਰੋਟੀ ਕਮਾਉਣ ਗਏ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ਤੇ ਸਮੁੱਚੇ ਰਾਏਕੋਟ ਹਲਕੇ ਵਿੱਚ ਸੋਗ ਦੀ ਲਹਿਰ ਫ਼ੈਲ ਗਈ। ਦੱਸਣਯੋਗ ਹੈ ਕਿ ਪਿੰਡ ਸੀਲੋਆਣੀ ਦੇ ਸਰਪੰਚ ਰਛਪਾਲ ਸਿੰਘ ਦਾ ਭਤੀਜਾ ਅਤੇ ਮਾਘ ਸਿੰਘ ਦੇ ਪੁੱਤਰ ਜਸਵਿੰਦਰ ਸਿੰਘ ਜਿਸਦੀ ਉਮਰ 27 ਸਾਲ ਸੀ ਅਤੇ ਕੈਨੇਡਾ ਵਰਕ ਪਰਮਿਟ ਤੇ ਬਰੈਂਮਪਟਨ ਗਿਆ ਸੀ। ਜੋ ਹੁਣ ਆਪਣੇ ਚਾਰ ਦੋਸਤਾਂ ਨਾਲ ਐਫਸਫੋਰਡ ਰਹਿ ਰਿਹਾ ਸੀ।
ਕੈਨੇਡਾ ਰਹਿ ਰਹੇ ਸਾਥੀ ਨੌਜਵਾਨਾਂ ਨੇ ਪਰਿਵਾਰ ਨੂੰ ਦੱਸਿਆ ਕਿ 27 ਅਗਸਤ ਦੀ ਰਾਤ ਨੂੰ ਐਫਸਫੋਰਡ ਵਿੱਖੇ ਗੁਰਦੁਆਰਾ ਬੰਦਾ ਬਹਾਦਰ ਵਿੱਖੇ ਸੇਵਾ ਕਰਕੇ ਰਾਤ ਨੂੰ ਕਰੀਬ 10.30 ਵਜੇ ਆਪਣੇ ਰੂਮ ਵਿੱਚ ਆਣ ਕੇ ਸੌ ਗਿਆ। ਸਾਥੀ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6 ਵਜੇ ਪਤਾ ਲੱਗਾ ਤਾਂ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਸਵਿੰਦਰ ਸਿੰਘ ਦੀ ਭਣੋਈਏ ਮਨਪ੍ਰੀਤ ਸਿੰਘ ਚੱਕ ਕਲਾਂ ਨੇ ਦੱਸਿਆ, "ਜਸਵਿੰਦਰ ਸਿੰਘ ਪਿਛਲੇ ਕੁੱਝ ਸਮੇਂ ਤੋਂ ਕੰਮ ਨਾ ਮਿਲਣ ਕਾਰਨ ਬੇਰੁਜ਼ਗਾਰ ਸੀ ਜਿਸ ਕਾਰਨ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ। ਜਿਸ ਦੇ ਚਲਦਿਆਂ ਉਸ ਨੂੰ ਕੁਝ ਸਮੇਂ ਲਈ ਵੈਨਕੂਵਰ ਦੇ ਹਸਪਤਾਲ ਵਿੱਚ ਵੀ ਇਲਾਜ ਲਈ ਵੀ ਰੱਖਿਆ ਗਿਆ। ਲੇਕਿਨ 27 ਅਗਸਤ ਦੀ ਰਾਤ ਨੂੰ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ,"
ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਪਰਿਵਾਰ ਗਰੀਬ ਵਰਗ ਨਾਲ਼ ਸਬੰਧਿਤ ਹੈ ਇਸ ਲਈ ਉਹਨਾਂ ਕੈਨੇਡਾ ‘ਚ ਵਸਦੇ ਪੰਜਾਬੀਆਂ ਨੂੰ ਗੁਹਾਰ ਲਗਾਈ ਕਿ ਮ੍ਰਿਤਕ ਦੇਹ ਭੇਜਣ ਲਈ ਸਾਡੀ ਸਹਾਇਤਾ ਕੀਤੀ ਜਾਵੇ। ਉੱਥੇ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਵੀ ਮੰਗ ਕੀਤੀ ਹੈ, ਤਾਂ ਜੋ ਪਰਿਵਾਰ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।
ਗੌਰਤਲਬ ਹੈ ਕਿ ਮ੍ਰਿਤਕ 4 ਭੈਣਾਂ ਦਾ ਇਕਲੌਤਾ ਭਰਾ ਅਤੇ ਪਰਿਵਾਰ ਦਾ ਵੀ ਇਕੱਲਾ ਵਾਰਸ ਸੀ। ਉਸ ਦੀ ਬੇਵਕਤੀ ਮੌਤ ਨਾਲ ਪਰਿਵਾਰਾ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
- PTC NEWS