ਗੁਰਦਾਸਪੁਰ ਦੇ ਪਿੰਡ ਭੋਜਰਾਜ ਦੇ ਨੌਜਵਾਨ ਦੀ ਬਹਿਰੀਨ ਵਿੱਚ ਮੌਤ
ਗੁਰਦਾਸਪੁਰ: ਗੁਰਦਾਸਪੁਰ ਦੇ ਨਜ਼ਦੀਕ ਪੈਂਦੇ ਪਿੰਡ ਭੋਜਰਾਜ ਦੇ ਨੌਜਵਾਨ ਦੀ ਬਹਿਰੀਨ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਨੌਜਵਾਨ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਗਿਆ ਸੀ। ਮ੍ਰਿਤਕ ਨੌਜਵਾਨ ਬਲਵਿੰਦਰ ਸਿੰਘ ਦੀ ਪਤਨੀ ਗੁਰਵਿੰਦਰ ਕੌਰ ਵਾਸੀ ਭੋਜਰਾਜ ਨੇ ਦੱਸਿਆ ਕਿ ਉਸ ਦਾ ਪਤੀ ਰੋਜ਼ੀ ਰੋਟੀ ਕਮਾਉਣ ਲਈ ਅਪ੍ਰੈਲ 2022 ਵਿੱਚ ਬਹਿਰੀਨ ਗਿਆ ਸੀ।
ਉਸ ਨੇ ਦੱਸਿਆ ਕਿ ਉਸ ਨੂੰ ਬਹਿਰੀਨ ਤੋਂ ਆਏ ਫੋਨ ਰਾਹੀਂ ਪਤਾ ਲੱਗਾ ਕਿ ਉਸ ਦਾ ਪਤੀ ਬਲਵਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਜੋ ਕੰਪਨੀ ਵਿੱਚ ਕੰਮ ਕਰਦਾ ਸੀ ਦੋ ਦਿਨ ਪਹਿਲਾਂ ਬਿਮਾਰ ਹੋਣ ਉਪਰੰਤ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਜਾਣ ਦੀ ਜਾਣਕਾਰੀ ਦਿੱਤੀ ਗਈ। ਉਸ ਨੇ ਕਿਹਾ ਕਿ ਅਜੇ ਤੱਕ ਮੌਤ ਦਾ ਪੂਰਾ ਕਾਰਨ ਵੀ ਨਹੀਂ ਪਤਾ ਲੱਗ ਸਕਿਆ।
ਉਸ ਨੇ ਦੱਸਿਆ ਕਿ ਪਤੀ ਦੀ ਮੌਤ ਹੋਣ ਤੇ ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੇ ਦੋ ਭਰਾਵਾਂ ਅਤੇ ਪਿਓ ਦੀ ਮੌਤ ਵੀ ਪਹਿਲਾਂ ਹੋ ਚੁੱਕੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਦਾ ਕੇਵਲ ਬਲਵਿੰਦਰ ਸਿੰਘ ਹੀ ਇੱਕ ਸਹਾਰਾ ਸੀ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 6 ਸਾਲਾਂ ਦੀ ਬੇਟੀ ਤੇ 4 ਸਾਲਾਂ ਦੇ ਬੇਟੇ ਨੂੰ ਛੱਡ ਗਿਆ। ਇਸ ਮੌਕੇ ਤੇ ਗੁਰਵਿੰਦਰ ਕੌਰ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸ ਦੇ ਪਤੀ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਜਲਦ ਤੋਂ ਜਲਦ ਲਿਆਂਦੀ ਜਾਵੇ।
- PTC NEWS