AAP ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ ਪਟਿਆਲਾ ਪੁਲਿਸ ਨੇ ਕਰਨਾਲ ਤੋਂ ਕੀਤਾ ਗ੍ਰਿਫ਼ਤਾਰ, ਜਾਣੋਂ ਪੂਰਾ ਮਾਮਲਾ
MLA Harmeet Singh Pathanmajra arrested : ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੂੰ CM ਭਗਵੰਤ ਮਾਨ ਤੇ ਦਿੱਲੀ ਦੀ ਲੀਡਰਸ਼ਿਪ ਖਿਲਾਫ਼ ਮੋਰਚਾ ਖੋਲ੍ਹਣਾ ਮਹਿੰਗਾ ਪੈ ਗਿਆ ਹੈ। ਸਨੌਰ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਨੇ ਪਠਾਨਮਾਜਰਾ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕੀਤਾ ਹੈ।
ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਪਠਾਨਮਾਜਰਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਸੀ ਕਿ ਪੰਜਾਬ ਪੁਲਿਸ ਨੇ ਮੇਰੀ ਸਾਬਕਾ ਪਤਨੀ ਨਾਲ ਸਬੰਧਤ ਇੱਕ ਪੁਰਾਣੇ ਮਾਮਲੇ ਵਿੱਚ ਆਈਪੀਸੀ ਦੀ ਧਾਰਾ 376 (ਬਲਾਤਕਾਰ) ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਦੀ 'ਆਪ' ਟੀਮ ਪੰਜਾਬ 'ਤੇ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਮੇਰੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਸਰਕਾਰ ਖਿਲਾਫ਼ ਬੋਲਣ 'ਤੇ ਮੇਰੇ ਖਿਲਾਫ਼ ਕਾਰਵਾਈ ਕੀਤੀ ਗਈ ਹੈ।
ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਖੜਨ ਲਈ ਸੂਬਾ ਸਰਕਾਰ ਵੱਲੋਂ ਉਨ੍ਹਾਂ ਨੂੰ ਇਹ ਸਜ਼ਾ ਦਿੱਤੀ ਜਾ ਰਹੀ ਹੈ। ਪਠਾਣਮਾਜਰਾ ਨੇ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਐਸਐਸਪੀ ਦਫਤਰ ਪਟਿਆਲਾ ਸਾਹਮਣੇ ਵੱਧ ਤੋਂ ਵੱਧ ਗਿਣਤੀ 'ਚ ਇਕੱਠ ਕਰਕੇ ਸੂਬਾ ਸਰਕਾਰ ਦੀਆਂ ਵਧੀਕੀਆਂ ਦਾ ਵਿਰੋਧ ਕੀਤਾ ਜਾਵੇ। ਮੰਗਲਵਾਰ ਦੀ ਸਵੇਰ ਹਰਮੀਤ ਸਿੰਘ ਪਠਾਣਮਾਜਰਾ ਖਿਲਾਫ ਪਰਚਾ ਦਰਜ ਹੋਣ ਦੇ ਨਾਲ ਹਰਿਆਣਾ ਤੋਂ ਗ੍ਰਿਫ਼ਤਾਰੀ ਹੋਣ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ਹਨ।
ਦੱਸ ਦੇਈਏ ਕਿ ਪਠਾਨਮਾਜਰਾ 'ਤੇ 2022 ਵਿੱਚ ਉਨ੍ਹਾਂ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਨੇ ਆਪਣੇ ਪਹਿਲੇ ਵਿਆਹ ਨੂੰ ਲੁਕਾਉਣ ਅਤੇ ਕੁੱਟਮਾਰ ਦਾ ਆਰੋਪ ਲਗਾਇਆ ਸੀ। ਇਸ ਤੋਂ ਇਲਾਵਾ ਇੱਕ ਕਥਿਤ ਅਸ਼ਲੀਲ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੀ ਉਹ ਸੁਰਖੀਆਂ ਵਿੱਚ ਰਹੇ ਸਨ।
ਕੀ ਹੈ ਪੂਰਾ ਮਾਮਲਾ ?
ਹਰਮੀਤ ਸਿੰਘ ਪਠਾਨਮਾਜਰਾ ਦੇ ਵਕੀਲ ਬਿਕਰਮਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਠਾਨਮਾਜਰਾ ਵਿਰੁੱਧ 1 ਸਤੰਬਰ 2025 ਨੂੰ ਪਟਿਆਲਾ ਦੇ ਸਿਵਲ ਲਾਈਨਜ਼ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਮਾਮਲਾ ਜ਼ੀਰਕਪੁਰ ਦੀ ਇੱਕ ਔਰਤ ਦੀ ਸ਼ਿਕਾਇਤ 'ਤੇ ਅਧਾਰਤ ਹੈ, ਜਿਸ ਵਿੱਚ ਔਰਤ ਨੇ ਆਰੋਪ ਲਗਾਇਆ ਹੈ ਕਿ ਉਸਦੀ ਪਠਾਨਮਾਜਰਾ ਨਾਲ 2013-14 ਵਿੱਚ ਸੋਸ਼ਲ ਮੀਡੀਆ 'ਤੇ ਜਾਣ-ਪਛਾਣ ਹੋਈ ਸੀ ਅਤੇ 2021 ਵਿੱਚ ਉਸਨੇ ਆਨੰਦ ਕਾਰਜ ਕਰਵਾਇਆ ਸੀ।
ਬਿਕਰਮਜੀਤ ਸਿੰਘ ਭੁੱਲਰ ਨੇ ਅੱਗੇ ਕਿਹਾ ਕਿ ਮਾਰਚ 2022 ਵਿੱਚ ਪਠਾਨਮਾਜਰਾ ਨੂੰ ਪਟਿਆਲਾ ਦੇ ਸਨੌਰ ਤੋਂ ਟਿਕਟ ਮਿਲੀ ਸੀ। 23 ਅਗਸਤ 2022 ਨੂੰ ਔਰਤ ਨੇ ਪੰਜਾਬ ਅਤੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ, ਜਿਸ ਤੋਂ ਬਾਅਦ ਅਦਾਲਤ ਨੇ ਰੋਪੜ ਪੁਲਿਸ ਨੂੰ 2024 ਵਿੱਚ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਔਰਤ ਵਿਰੁੱਧ ਆਈਟੀ ਐਕਟ ਤਹਿਤ 4 ਤੋਂ 5 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਐਡਵੋਕੇਟ ਨੇ ਕਿਹਾ ਕਿ ਹੜ੍ਹਾਂ ਕਾਰਨ ਪਟਿਆਲਾ ਵਿੱਚ ਹਾਲਾਤ ਖ਼ਰਾਬ ਹਨ ਅਤੇ ਪਠਾਨਮਾਜਰਾ ਆਪਣੇ ਹਲਕੇ ਵਿੱਚ ਸਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇੱਕ ਆਈਏਐਸ ਅਧਿਕਾਰੀ 'ਤੇ ਆਰੋਪ ਲਗਾਏ, ਜਿਸ ਤੋਂ ਬਾਅਦ ਉਨ੍ਹਾਂ ਵਿਰੁੱਧ 2013 ਦੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ।
2022 ਵਿੱਚ ਪਠਾਨਮਾਜਰਾ ਵਿਰੁੱਧ ਦਰਜ ਕਰਵਾਈ ਗਈ ਸੀ ਸ਼ਿਕਾਇਤ
ਪਠਾਨਮਾਜਰਾ ਵਿਰੁੱਧ ਇਹ ਮਾਮਲਾ 2022 ਵਿੱਚ 'ਆਪ' ਸਰਕਾਰ ਬਣਨ ਤੋਂ ਬਾਅਦ ਸਾਹਮਣੇ ਆਇਆ ਸੀ। ਵਿਧਾਇਕ ਦੀ ਦੂਜੀ ਪਤਨੀ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਔਰਤ ਗੁਰਪ੍ਰੀਤ ਕੌਰ ਨੇ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਵਿਧਾਇਕ ਉਸ ਨੂੰ ਅਸ਼ਲੀਲ ਵੀਡੀਓ ਭੇਜ ਰਿਹਾ ਹੈ। ਪਠਾਨਮਾਜਰਾ ਨੇ ਆਪਣੀ ਪਹਿਲੀ ਪਤਨੀ ਨੂੰ ਤਲਾਕ ਦਿੱਤੇ ਬਿਨਾਂ ਉਸ ਨਾਲ ਵਿਆਹ ਕੀਤਾ ਅਤੇ ਉਸਨੂੰ ਗੁੰਮਰਾਹ ਕਰਦਾ ਰਿਹਾ। ਔਰਤ ਨੇ ਇਹ ਵੀ ਆਰੋਪ ਲਗਾਇਆ ਸੀ ਕਿ ਵਿਧਾਇਕ ਉਸਨੂੰ ਲਗਾਤਾਰ ਧਮਕੀਆਂ ਦੇ ਰਿਹਾ ਸੀ। 14 ਅਗਸਤ 2022 ਨੂੰ ਗੁਰਪ੍ਰੀਤ ਕੌਰ ਨੇ ਫੇਸਬੁੱਕ 'ਤੇ ਵਿਧਾਇਕ ਨਾਲ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਅਪਲੋਡ ਕੀਤੀਆਂ ਸੀ। ਗੁਰਪ੍ਰੀਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਜ਼ੀਰਕਪੁਰ ਪੁਲਿਸ ਨੇ ਪਠਾਨਮਾਜਰਾ ਵਿਰੁੱਧ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ।
- PTC NEWS