Moga News : AAP ਦੇ ਬੁਲਾਰੇ ਨੇ ਸ਼ਹਿਰ ਦੀਆਂ ਗਲੀਆਂ 'ਚ ਆਪਣੀ ਹੀ ਸਰਕਾਰ ਵਿਰੁੱਧ ਪੋਸਟਰ ਲਗਾ ਕੇ ਕੱਢੀ ਭੜਾਸ ,ਕਿਹਾ -ਵਾਅਦਿਆਂ ਤੋ ਮੁੱਕਰੀ ਮਾਨ ਸਰਕਾਰ
Moga News : ਪੰਜਾਬ 'ਚ ਭਗਵੰਤ ਮਾਨ ਸਰਕਾਰ ਵੱਲੋਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਾਰੰਟੀ ਪੂਰੀ ਨਾ ਕਰਨ 'ਤੇ ਜਿੱਥੇ ਵਿਰੋਧੀ ਧਿਰਾਂ ਸਰਕਾਰ ਨੂੰ ਘੇਰ ਰਹੀਆਂ ਹਨ,ਓਥੇ ਹੀ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਆਪਣੀ ਹੀ ਸਰਕਾਰ 'ਤੇ ਸਵਾਲ ਚੁੱਕੇ ਹਨ ਮੋਗਾ ਤੋਂ ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਨੇ ਆਪਣੀ ਹੀ ਸਰਕਾਰ ਵਿਰੁੱਧ ਮੋਗਾ ਸ਼ਹਿਰ ਦੀਆਂ ਗਲੀਆਂ ਵਿੱਚ ਪੋਸਟਰ ਲਗਾਉਂਦਿਆਂ ਕਿਹਾ ਕਿ ਆਪ ਸਰਕਾਰ ਵਾਅਦਿਆਂ ਤੋਂ ਮੁੱਕਰੀ ਹੈ।
ਨਵਦੀਪ ਸਿੰਘ ਸੰਘਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੋਣਾਂ ਤੋਂ ਪਹਿਲਾਂ ਪੰਜਾਬ ਦੀਆਂ ਮਹਿਲਾਵਾਂ ਨੂੰ ਇੱਕ -ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦੀ ਗਰੰਟੀ ਕਿੱਥੇ ਗਈ। 36 ਮਹੀਨੇ ਬੀਤਣ ਦੇ ਬਾਵਜੂਦ ਗਰੰਟੀ ਪੂਰੀ ਕਿਉਂ ਨਹੀਂ। ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ ਆਪਣੀ ਹੀ ਸਰਕਾਰ ਦੇ ਖਿਲਾਫ਼ ਸ਼ਹਿਰ 'ਚ ਪੋਸਟਰ ਲਗਾਏ ਹਨ। ਉਨ੍ਹਾਂ ਕਿਹਾ ਕਿ ਪੋਸਟਰ ਕਿਹਾ ਮਾਨ ਸਰਕਾਰ ਕੀਤੇ ਵਾਅਦੇ ਅਨੁਸਾਰ ਮਹਿਲਾਵਾਂ ਨੂੰ ਬਣਦਾ 36000 ਤੁਰੰਤ ਖਾਤਿਆਂ ਵਿੱਚ ਪਾਵੇ।
ਸੰਘਾ ਨੇ ਆਪਣੇ ਪੋਸਟਰਾ ਉੱਪਰ ਲਿਖਿਆ------ਵਧਾਈਆਂ ਤਿੰਨ ਸਾਲ ਪੂਰੇ ਕੀਤੇ ਪੰਜਾਬ ਸਰਕਾਰ ,ਭੁੱਲੋ ਨਾ ਕਰਾਰ 36ਮਹੀਨਿਆਂ ਦਾ ,ਹਰ ਮਹਿਲਾ ਨੂੰ ਦਿਓ 36000 ਰੁਪਏ। ਜ਼ਿਲ੍ਹਾ ਮੋਗਾ ਵਿੱਚ ਸਭ ਤੋਂ ਵੱਧ ਭਰਤੀ ਮੈਂ ਘਰ -ਘਰ ਜਾ ਕੇ ਕੀਤੀ ਸੀ ਅਤੇ ਲੋਕਾਂ ਨਾਲ ਵਾਅਦੇ ਕੀਤੇ ਸਨ ਬੀਬੀਆਂ ਨਾਲ ਵਾਅਦੇ ਕੀਤੇ ਸਨ ਕਿ ਤੁਹਾਡੇ ਖਾਤਿਆਂ 'ਚ 1000 ਰੁਪਏ ਆਇਆ ਕਰਨਗੇ ਪਰ 36 ਮਹੀਨੇ ਬੀਤਣ ਦੇ ਬਾਵਜੂਦ ਕਿਸੇ ਮਹਿਲਾ ਦੇ ਖਾਤੇ 'ਚ ਇੱਕ ਵੀ ਧੇਲਾ ਨਹੀਂ ਆਇਆ। ਪੰਜਾਬ ਸਰਕਾਰ ਮਹਿਲਾਵਾਂ ਦਾ 3ਮਹੀਨਿਆ ਦਾ ਬਣਦਾ 36000 ਤੁਰੰਤ ਖਾਤਿਆਂ 'ਚ ਪਾਵੇ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਵਾਅਦਾ ਕੀਤਾ ਸੀ ਪਰ ਸੱਤਾ ਵਿੱਚ ਆਉਣ ਦੇ ਤਿੰਨ ਸਾਲ ਬਾਅਦ ਵੀ ਔਰਤਾਂ ਅਜੇ ਵੀ ਇੰਤਜ਼ਾਰ ਕਰ ਰਹੀਆਂ ਹਨ। 'ਆਪ' ਨੇ ਵਾਅਦਾ ਕੀਤਾ ਸੀ ਕਿ ਜੇਕਰ ਪੰਜਾਬ ਵਿੱਚ ਸਰਕਾਰ ਬਣੀ ਤਾਂ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਅਤੇ ਇਹ ਰਕਮ ਸਿੱਧੀ ਉਨ੍ਹਾਂ ਦੇ ਖਾਤੇ ਵਿੱਚ ਟਰਾਂਸਫਰ ਕੀਤੀ ਜਾਵੇਗੀ। ਹਾਲਾਂਕਿ ਜਦੋਂ ਲੋਕਾਂ ਨੇ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਦੇਰੀ ਬਾਰੇ ਸਵਾਲ ਉਠਾਏ ਤਾਂ ਇਸਨੂੰ ਸ਼ੁਰੂ ਕਰਨ ਦੀ ਬਜਾਏ ਸੀਐਮ ਮਾਨ ਨੇ ਮਈ 2024 ਵਿੱਚ ਐਲਾਨ ਕੀਤਾ ਕਿ ਇਹ ਰਕਮ ਵਧਾ ਕੇ 1100 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇਗੀ। ਪਰ ਹੁਣ ਤੱਕ ਇਹ ਵਾਅਦਾ ਪੂਰਾ ਨਹੀਂ ਹੋਇਆ। ਸੀਐੱਮ ਭਗਵੰਤ ਮਾਨ ਨੇ ਇਸ ਯੋਜਨਾ 'ਤੇ ਚੁੱਪੀ ਧਾਰੀ ਹੋਈ ਹੈ।
- PTC NEWS