Amritsar Encounter : ਅੰਮ੍ਰਿਤਸਰ 'ਚ ਮੁੱਠਭੇੜ, ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ ਬਦਮਾਸ਼, ਹਥਿਆਰ ਬਰਾਮਦਗੀ ਦੌਰਾਨ ਪੁਲਿਸ 'ਤੇ ਚਲਾਈ ਸੀ ਗੋਲੀ
Amritsar Police Encounter News : ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਮੁਲਜ਼ਮ ਸੋਨੀ ਸਿੰਘ ਉਰਫ ਸੋਨੂ ਦਾ ਇਨਕਾਊਂਟਰ ਕੀਤਾ ਗਿਆ ਤਾਂ ਦੱਸ ਦਈਏ ਕਿ ਇਸ ਮੁਲਜ਼ਮ ਦੇ ਖਿਲਾਫ ਪਹਿਲਾਂ ਹੀ ਤਿੰਨ ਮਾਮਲੇ ਦਰਜ ਹਨ ਤੇ ਪਿਛਲੇ ਦਿਨੀ ਇਸ ਵੱਲੋਂ ਇੱਕ ਡਾਕਟਰ ਕੋਲੋਂ 20 ਲੱਖ ਰੁਪਏ ਫਿਰੌਤੀ ਮੰਗੀ ਗਈ ਸੀ, ਜਦੋਂ ਉਸ ਨੇ ਫਿਰੌਤੀ ਦੇਣ ਤੋਂ ਮਨਾ ਕੀਤਾ ਤਾਂ ਇਸ ਵੱਲੋਂ ਉਸਦੀ ਦੁਕਾਨ ਦੇ ਬਾਹਰ ਫਾਇਰ ਕੀਤੇ ਗਏ, ਜਿਸਦੇ ਚਲਦੇ ਸਾਡੇ ਥਾਣਾ ਮੱਤੇਵਾਲ ਵਿਖੇ ਇਸ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।
ਐਸਪੀ ਅਦਿੱਤਿਆ ਵਾਇਰਰ ਨੇ ਕਿਹਾ ਕਿ ਅਸੀਂ ਇਸਨੂੰ 25 ਜੂਨ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਤਾਂ ਇਸ ਕੋਲੋਂ ਇੱਕ 32 ਬੋਰ ਦੀ ਪਿਸਤੌਲ ਤੇ 262 ਗ੍ਰਾਮ ਦੇ ਕਰੀਬ ਹੈਰੋਇਨ ਵੀ ਬਰਾਮਦ ਕੀਤੀ। ਇਸ ਮੌਕੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਸ਼ਾਮ ਤਕਰੀਬਨ 7 ਵਜੇ ਮਹਿਤਾ ਚੌਂਕ ਦੇ ਨੇੜਲੇ ਪਿੰਡ ਚੰਨਣ ਕੇ ਦੀ ਡਰੇਨ 'ਤੇ ਇੱਕ ਪੁਲਿਸ ਮੁਕਾਬਲਾ ਹੋਇਆ, ਜਿਸ ਵਿੱਚ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਸੋਨੀ ਸਿੰਘ ਉਰਫ ਸੋਨੂੰ ਪੁਤਰ ਨਿਰਮਲ ਸਿੰਘ ਪਿੰਡ ਤਨੇਲ ਥਾਣਾ ਮੱਤੇਵਾਲ ਨੂੰ ਹਥਿਆਰਾਂ ਦੀ ਬਰਾਮਦਗੀ ਵਾਸਤੇ ਜਦ ਇਸ ਡਰੇਨ 'ਤੇ ਲਿਆਂਦਾ ਗਿਆ ਤਾਂ ਉਸਨੇ ਲੁਕਾ ਕੇ ਰੱਖੇ ਗਏ ਪਿਸਤੌਲ ਨਾਲ ਪੁਲਿਸ ਪਾਰਟੀ 'ਤੇ ਫਾਇਰਿੰਗ ਕਰ ਦਿੱਤੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਵਾਬੀ ਕਾਰਵਾਈ ਵਿੱਚ ਕਥਿਤ ਦੋਸ਼ੀ ਸੋਨੀ ਸਿੰਘ ਦੀ ਲੱਤ ਵਿੱਚ ਗੋਲੀ ਵੱਜੀ। ਪੁਲਿਸ ਵੱਲੋਂ ਉਸ ਨੂੰ ਗ੍ਰਿਫਤਾਰ ਕਰਕੇ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਜਾ ਚੁੱਕਾ ਹੈ। ਉਹਨਾਂ ਕਿਹਾ ਕਿ ਇਹ ਕੁਝ ਦਿਨ ਪਹਿਲਾਂ ਹੀ ਗੁਰਦਾਸਪੁਰ ਦੀ ਕੇਂਦਰੀ ਜੇਲ ਤੋਂ ਜਮਾਨਤ 'ਤੇ ਬਾਹਰ ਆਇਆ ਹੈ। ਉਪਰੰਤ ਇਸ ਵਲੋਂ ਮੁੜ ਇਹ ਕਾਰਵਾਈ ਕੀਤੀ ਗਈ, ਜਿਸ ਦੇ ਚਲਦੇ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਅੱਜ ਜਦੋਂ ਹਥਿਆਰਾਂ ਦੀ ਬਰਾਮਦਗੀ ਲਈ ਇਸ ਪੁਲਿਸ ਟੀਮ ਨੂੰ ਇੱਥੇ ਲੈ ਕੇ ਆਇਆ ਤਾਂ ਇਸ ਨੇ ਆਪਣੇ ਛੁਪਾਏ ਹੋਏ ਪਿਸਤੋਲ ਦੇ ਨਾਲ ਪੁਲਿਸ 'ਤੇ ਗੋਲੀ ਚਲਾਈ।
- PTC NEWS