5 Death Due To Drug In Punjab : ਪੰਜਾਬ ਦੇ ਇਸ ਪਿੰਡ ’ਚ ਨਸ਼ੇ ਨਾਲ ਹੋਈਆਂ ਪੰਜ ਮੌਤਾਂ; ਦੋ ਸਕੇ ਭਰਾਵਾਂ ਦੀ ਮੌਤ ਮਗਰੋਂ ਪਿੰਡ ਵਾਲਿਆਂ ਨੇ ਚੁੱਕਿਆ ਇਹ ਵੱਡਾ ਕਦਮ
5 Death Due To Drug In Punjab : ਬੇਸ਼ੱਕ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਨਸ਼ਾ ਮੁਕਤ ਅਤੇ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਨਸ਼ਿਆਂ ਦੇ ਨਾਲ ਲਗਾਤਾਰ ਮੌਤਾਂ ਹੋਣ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ।
ਤਾਜ਼ਾ ਮਾਮਲਾ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਪਵਾਲਾ ਦਾ ਹੈ, ਜਿੱਥੇ ਪਿੰਡ ਵਿੱਚ ਨਸ਼ਿਆਂ ਨਾਲ ਪੰਜ ਮੌਤਾਂ ਹੋ ਜਾਣ ਦਾ ਪਿੰਡ ਨਿਵਾਸੀਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ। ਉੱਥੇ ਹੀ ਇਕ ਹਫ਼ਤੇ ਦੇ ਵਿੱਚ ਦੋ ਸਕੇ ਭਰਾਵਾਂ ਦੀ ਨਸ਼ੇ ਨਾਲ ਮੌਤ ਹੋ ਜਾਣ ਤੋਂ ਬਾਅਦ ਪਿੰਡ ਵਾਸੀਆਂ ਨੇ ਰੋਹ ਵਿੱਚ ਆ ਕੇ ਸਰਹੰਦ ਚੰਡੀਗੜ੍ਹ ਰੋਡ ਚੁੰਨੀ ਵਿਖੇ ਮ੍ਰਿਤਕ ਦੀ ਲਾਸ਼ ਟਰਾਲੀ ਵਿੱਚ ਰੱਖ ਕੇ ਜਾਮ ਲਗਾ ਦਿੱਤਾ।
ਪਿੰਡ ਵਾਸੀਆਂ ਸਮੇਤ ਨੇੜੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਵੀ ਇਸ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਇਕੱਠੇ ਹੋਏ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਅਰੇਬਾਜੀ ਵੀ ਕੀਤੀ ਗਈ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਪਿੰਡ ਵਾਲਾ ਵਿੱਚ ਨਸ਼ਿਆਂ ਦੀ ਹੋ ਰਹੀ ਵਿਕਰੀ ਨੂੰ ਲੈ ਕੇ ਉਹਨਾਂ ਵੱਲੋਂ ਕਈ ਵਾਰ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਪਰ ਇਸ ਸਬੰਧੀ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ।
ਪਿੰਡ ਵਾਸੀਆਂ ਨੇ ਦੱਸਿਆ ਕਿ ਨਸ਼ਿਆਂ ਨਾਲ ਪੰਜ ਮੌਤਾਂ ਹੋ ਚੁੱਕੀਆਂ ਹਨ ਉਹਨਾਂ ਵਿੱਚ ਦੋ ਸਕੇ ਭਰਾ ਸ਼ਾਮਿਲ ਹਨ, ਜਿਸ ਵਿੱਚੋਂ ਇੱਕ ਦਾ ਭੋਗ ਪੈ ਜਾਣ ਤੋਂ ਬਾਅਦ ਨਸ਼ੇ ਨਾਲ ਹੀ ਦੂਜੇ ਭਰਾ ਦੀ ਵੀ ਮੌਤ ਹੋ ਗਈ ਜਿਸ ਨਾਲ ਪਿੰਡ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਲੋਕਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਨਸ਼ਿਆਂ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪੁਲਿਸ ਉਨ੍ਹਾਂ ਦੀ ਪੁਸ਼ਤਪਨਾਹੀ ਬਣਾਈ ਵਿੱਚ ਲੱਗੀ ਹੋਈ ਹੈ।
ਇਸ ਸਬੰਧੀ ਨਵੇਂ ਜੁਆਇਨ ਕੀਤੇ ਐਸਐਸਪੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਜ਼ਿਨ੍ਹਾਂ-ਜਿਨ੍ਹਾਂ ਵਿਅਕਤੀਆਂ ਦੇ ਨਾਮ ਸਾਹਮਣੇ ਆਉਣਗੇ ਉਹਨਾਂ ਨੂੰ ਵੀ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
- PTC NEWS