Air India plane crash : ਏਅਰ ਇੰਡੀਆ ਦੇ ਜਹਾਜ਼ ਹਾਦਸੇ ਵਿੱਚ ਬਚੇ ਯਾਤਰੀ ਦੀ ਤਸਵੀਰ ਆਈ ਸਾਹਮਣੇ, ਕਿਹਾ - ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ
Air India plane crash : ਏਅਰ ਇੰਡੀਆ ਦਾ ਬੋਇੰਗ 787 ਡ੍ਰੀਮਲਾਈਨਰ ਜਹਾਜ਼ AI-171, ਜੋ ਗੁਜਰਾਤ ਦੇ ਅਹਿਮਦਾਬਾਦ ਤੋਂ ਗੈਟਵਿਕ, ਲੰਡਨ ਜਾ ਰਿਹਾ ਸੀ, ਵੀਰਵਾਰ ਨੂੰ ਉਡਾਣ ਭਰਨ ਤੋਂ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੁਣ ਤੱਕ 265 ਲੋਕਾਂ ਦੀ ਮੌਤ ਹੋ ਗਈ ਹੈ। ਇਸ ਉਡਾਣ ਵਿੱਚ ਕੁੱਲ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 230 ਯਾਤਰੀ ਅਤੇ 12 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ
ਇਸ ਜਹਾਜ਼ ਹਾਦਸੇ ਵਿੱਚ ਇੱਕ ਯਾਤਰੀ ਦੇ ਬਚ ਜਾਣ ਦੀ ਖ਼ਬਰ ਹੈ। ਯਾਤਰੀ ਦਾ ਨਾਮ ਰਮੇਸ਼ ਵਿਸ਼ਵਾਸ ਕੁਮਾਰ ਹੈ। ਜ਼ਖਮੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਰਮੇਸ਼ ਵਿਸ਼ਵਾਸ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇੱਕ ਵੱਡਾ ਧਮਾਕਾ ਹੋਇਆ, ਚਾਰੇ ਪਾਸੇ ਅੱਗ ਦੀਆਂ ਲਪਟਾਂ ਸਨ। ਮੈਨੂੰ ਐਂਬੂਲੈਂਸ ਰਾਹੀਂ ਹਸਪਤਾਲ ਲਿਆਂਦਾ ਗਿਆ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜ਼ਿੰਦਾ ਹਾਂ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਦੁਪਹਿਰ 1.39 ਵਜੇ ਟੇਕਆਫ ਤੋਂ ਕੁਝ ਮਿੰਟ ਬਾਅਦ ਜਹਾਜ਼ ਹਾਦਸਾਗ੍ਰਸਤ ਹੋ ਗਿਆ ਅਤੇ ਪਹਿਲਾਂ ਮੇਘਾਨੀ ਨਗਰ ਵਿੱਚ ਬੀਜੇ ਮੈਡੀਕਲ ਕਾਲਜ ਦੀ ਮੈਸ ਇਮਾਰਤ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਇਹ ਅਤੁਲਯਮ ਹੋਸਟਲ ਨਾਲ ਟਕਰਾ ਗਿਆ। ਇਸ ਕਾਰਨ ਜਹਾਜ਼ ਅੱਗ ਦੇ ਗੋਲੇ ਵਿੱਚ ਬਦਲ ਗਿਆ। ਧੂੰਆਂ ਅਤੇ ਮਲਬਾ ਚਾਰੇ ਪਾਸੇ ਖਿੰਡਿਆ ਹੋਇਆ ਸੀ। ਬਹੁਤ ਚੀਕ-ਚਿਹਾੜਾ ਸੀ।
ਅਹਿਮਦਾਬਾਦ ਸਿਵਲ ਹਸਪਤਾਲ ਪ੍ਰਸ਼ਾਸਨ ਨੇ ਜਹਾਜ਼ ਹਾਦਸੇ ਵਿੱਚ ਮਾਰੇ ਗਏ ਯਾਤਰੀਆਂ ਦੇ ਰਿਸ਼ਤੇਦਾਰਾਂ ਤੋਂ ਉਨ੍ਹਾਂ ਦੀ ਪਛਾਣ ਯਕੀਨੀ ਬਣਾਉਣ ਲਈ ਡੀਐਨਏ ਸੈਂਪਲ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਧਨੰਜੈ ਦਿਵੇਦੀ ਨੇ ਕਿਹਾ ਕਿ ਪੀੜਤਾਂ ਦੀ ਪਛਾਣ ਕਰਨ ਲਈ ਬੀਜੇ ਮੈਡੀਕਲ ਕਾਲਜ ਦੇ ਕਸੋਟੀ ਭਵਨ ਵਿੱਚ ਇਹ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਹਾਦਸਾਗ੍ਰਸਤ ਹੋਏ ਜਹਾਜ਼ ਨੂੰ ਕੈਪਟਨ ਸੁਮਿਤ ਸੱਭਰਵਾਲ ਉਡਾ ਰਹੇ ਸਨ, ਜਦੋਂ ਕਿ ਫਸਟ ਅਫਸਰ ਕਲਾਈਵ ਕੁੰਦਰ ਉਨ੍ਹਾਂ ਦੇ ਨਾਲ ਸਨ। ਸੁਮਿਤ ਸੱਭਰਵਾਲ ਇੱਕ ਬਹੁਤ ਹੀ ਤਜਰਬੇਕਾਰ ਪਾਇਲਟ ਸਨ ਅਤੇ ਉਨ੍ਹਾਂ ਨੂੰ 8200 ਘੰਟੇ ਉਡਾਣ ਭਰਨ ਦਾ ਤਜਰਬਾ ਸੀ। ਇਸ ਹਾਦਸੇ ਤੋਂ ਬਾਅਦ ਦਿੱਲੀ ਤੋਂ ਅਹਿਮਦਾਬਾਦ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
- PTC NEWS