Kamal Kaur Bhabhi Murder Case : ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ UAE ਤੋਂ ਕੀਤਾ ਗ੍ਰਿਫ਼ਤਾਰ, ਲਿਆਂਦਾ ਜਾਵੇਗਾ ਭਾਰਤ
Kamal Kaur Bhabhi Murder Case : ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਮਾਮਲੇ 'ਚ ਅੰਮ੍ਰਿਤਪਾਲ ਸਿੰਘ ਮਹਿਰੋਂ ਬਾਰੇ ਵੱਡੀ ਅਪਡੇਟ ਆਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ UAE 'ਚ ਹਿਰਾਸਤ 'ਚ ਲਿਆ ਗਿਆ ਹੈ। ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਕਾਨੂੰਨੀ ਕਾਰਵਾਈ ਤੋਂ ਬਾਅਦ ਭਾਰਤ ਡਿਪੋਰਟ ਕੀਤਾ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਅਚਨਚੇਤ ਕੀਤੀ ਗਈ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਸਥਾਨਕ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਵੀਜ਼ਾ ਬਾਰੇ ਪੁੱਛਗਿੱਛ ਦੌਰਾਨ ਹੀ ਉਸਦਾ ਭੇਦ ਖੁੱਲ੍ਹਿਆ। ਅੰਮ੍ਰਿਤਪਾਲ ਸਿੰਘ ਮਹਿਰੋਂ ਨੂੰ ਬਹੁਚਰਚਿਤ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਈ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਕਤਲ ਕਾਂਡ ਦਾ ਮਾਸਟਰਮਾਇੰਡ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ, ਜਸਪ੍ਰੀਤ ਸਿੰਘ ਅਤੇ ਨਿਮਰਤਜੀਤ ਸਿੰਘ ਨੇ 9-10 ਜੂਨ ਦੀ ਰਾਤ ਨੂੰ ਕਮਲ ਕੌਰ ਭਾਬੀ ਦਾ ਕਤਲ ਕੀਤਾ ਸੀ। ਕਤਲ ਤੋਂ ਬਾਅਦ ਮੁਲਜ਼ਮਾਂ ਨੇ ਕੰਚਨ ਦੀ ਲਾਸ਼ ਨੂੰ ਬਠਿੰਡਾ ਦੇ ਭੁੱਚੋ 'ਚ ਆਦੇਸ਼ ਮੈਡੀਕਲ ਕਾਲਜ ਦੀ ਪਾਰਕਿੰਗ 'ਚ ਸੁੱਟ ਦਿੱਤਾ। 10 ਜੂਨ ਨੂੰ ਕੰਚਨ ਕੁਮਾਰੀ ਦੀ ਲਾਸ਼ ਆਦੇਸ਼ ਹਸਪਤਾਲ ਦੀ ਪਾਰਕਿੰਗ 'ਚ ਖੜ੍ਹੀ ਇੱਕ ਕਾਰ ਵਿੱਚੋਂ ਬਰਾਮਦ ਹੋਈ ਸੀ।
ਜਾਂਚ ਦੌਰਾਨ ਜਸਪ੍ਰੀਤ ਅਤੇ ਨਿਮਰਤਜੀਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦੋਂ ਕਿ ਮਹਿਰੋਂ ਫ਼ਰਾਰ ਚੱਲ ਰਿਹਾ ਸੀ। ਇਸ ਤੋਂ ਇਲਾਵਾ ਰਣਜੀਤ ਸਿੰਘ ਅਤੇ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਬਠਿੰਡਾ ਸੈਸ਼ਨ ਅਦਾਲਤ ਨੇ 23 ਅਕਤੂਬਰ ਨੂੰ ਦੋਵਾਂ ਮੁਲਜ਼ਮਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਸਨ। ਇੱਕ ਹੋਰ ਮੁਲਜ਼ਮ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤ ਅਰਜ਼ੀ 17 ਅਕਤੂਬਰ ਨੂੰ ਰੱਦ ਕਰ ਦਿੱਤੀ ਗਈ।
ਬਠਿੰਡਾ ਦੀ ਜ਼ਿਲ੍ਹਾ ਅਦਾਲਤ ਨੇ ਜਾਰੀ ਕੀਤਾ ਸੀ ਨੋਟਿਸ
ਬਠਿੰਡਾ ਜ਼ਿਲ੍ਹਾ ਅਦਾਲਤ ਨੇ ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੌਰ ਭਾਬੀ ਦੇ ਕਤਲ ਦੇ ਮਾਮਲੇ ਵਿੱਚ ਸਿੱਖ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀ ਰਣਜੀਤ ਸਿੰਘ ਨੂੰ 30 ਦਿਨਾਂ ਦੇ ਅੰਦਰ ਅਦਾਲਤ ਵਿੱਚ ਪੇਸ਼ ਹੋ ਕੇ ਕਾਨੂੰਨੀ ਪ੍ਰਕਿਰਿਆ ਵਿੱਚ ਸ਼ਾਮਲ ਹੋਣ ਦਾ ਨੋਟਿਸ ਜਾਰੀ ਕੀਤਾ ਸੀ। ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸੰਯੁਕਤ ਅਰਬ ਅਮੀਰਾਤ (UAE) ਵਿੱਚ ਛਿਪੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ , ਜਦਕਿ ਰਣਜੀਤ ਸਿੰਘ ‘ਤੇ ਮਹਿਰੋਂ ਨੂੰ ਦੇਸ਼ ਤੋਂ ਫਰਾਰ ਕਰਾਉਣ ਵਿੱਚ ਮਦਦ ਕਰਨ ਦਾ ਇਲਜ਼ਾਮ ਲੱਗਿਆ ਸੀ।
- PTC NEWS