ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ 'ਚ 'ਵਜ਼ੂ' ਕਰਨ ਵਾਲਾ ਨੌਜਵਾਨ 3 ਦਿਨ ਦੇ ਰਿਮਾਂਡ 'ਤੇ, ਪੁਲਿਸ ਨੇ ਗੁਪਤ ਢੰਗ ਨਾਲ ਕੀਤਾ ਸੀ ਅਦਾਲਤ 'ਚ ਪੇਸ਼
Sri Harimandir Sahib : ਸ੍ਰੀ ਹਰਿਮੰਦਰ ਸਾਹਿਬ 'ਚ 'ਵਜ਼ੂ' ਕਰਨ ਵਾਲੇ ਨੌਜਵਾਨ ਨੂੰ ਅਦਾਲਤ ਨੇ 3 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਨੇ ਨੌਜਵਾਨ ਨੂੰ ਅੱਜ ਸਖਤ ਸੁਰੱਖਿਆ ਪ੍ਰਬੰਧਕਾਂ ਹੇਠ ਗੁਪਤ ਢੰਗ ਨਾਲ ਜ਼ਿਲ੍ਹਾ ਅਦਾਲਤ 'ਚ ਪੇਸ਼ ਕੀਤਾ ਸੀ, ਜਿਥੇ ਅਦਾਲਤ ਨੇ ਮੁਲਜ਼ਮ ਨੂੰ 3 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਪੁਲਿਸ ਮੁਲਜ਼ਮ ਨੂੰ ਮੂੰਹ ਢੱਕ ਕੇ ਅਦਾਲਤ ਵਿੱਚ ਲੈ ਕੇ ਪਹੁੰਚੀ ਸੀ, ਜਿਸ ਬਾਰੇ ਕਿਸੇ ਨੂੰ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਬੀਤੇ ਦਿਨ ਪੰਜਾਬ ਪੁਲਿਸ, ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ 'ਚ ਵਜ਼ੂ ਕਰਨ ਵਾਲੇ ਆਰੋਪੀ ਸੁਭਾਨ ਰੰਗਰੀਜ਼ ਨੂੰ ਅੰਮ੍ਰਿਤਸਰ ਲੈ ਆਈ ਸੀ, ਜਿਸ ਤੋਂ ਬਾਅਦ ਉਸਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਗਿਆ ਸੀ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸ਼ਿਕਾਇਤ ਦੇ ਆਧਾਰ 'ਤੇ ਅੰਮ੍ਰਿਤਸਰ ਪੁਲਿਸ ਨੇ ਉਸ ਵਿਰੁੱਧ ਬੇਅਦਬੀ ਦਾ ਮਾਮਲਾ ਦਰਜ ਕੀਤਾ ਸੀ।
ਕੀ ਸੀ ਪੂਰਾ ਮਾਮਲਾ ?
ਜਾਣਕਾਰੀ ਅਨੁਸਾਰ, ਦਿੱਲੀ ਦਾ ਇੱਕ ਨੌਜਵਾਨ ਸੁਭਹਾਨ ਰੰਗਰੀਜ਼ 13 ਜਨਵਰੀ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਆਇਆ ਸੀ। ਉਸ ਨੇ ਇਸ ਦੌਰਾਨ ਆਪਣੀ ਇੱਕ ਰੀਲ ਵੀ ਬਣਾਈ ਸੀ, ਜਿਸ ‘ਚ ਉਹ ਸਰੋਵਰ ‘ਚ ਵਜ਼ੂ ਕਰਦਾ ਦਿਖਾਈ ਦਿੱਤਾ ਸੀ। ਗਾਜ਼ੀਆਬਾਦ ਪੁਲਿਸ ਨੇ 24 ਜਨਵਰੀ ਨੂੰ ਨੌਜਵਾਨ ਨੂੰ ਹਿਰਾਸਤ 'ਚ ਲਿਆ ਸੀ।
ਪਹਿਲਾਂ ਦੋ ਵਾਰੀ ਮਾਫੀ ਵੀ ਮੰਗ ਚੁੱਕਿਆ ਹੈ ਨੌਜਵਾਨ
ਦੱਸ ਦੇਈਏ ਕਿ ਇਸ ਮਾਮਲੇ ‘ਚ ਵੀਡੀਓ ਬਣਾਉਣ ਵਾਲਾ ਨੌਜਵਾਨ ਸੁਭਾਨ ਰੰਗਰੀਜ਼ ਦੋ ਵਾਰ ਮੁਆਫ਼ੀ ਮੰਗ ਚੁੱਕਿਆ ਹੈ। ਉਸ ਨੇ ਇਹ ਤਰਕ ਦਿੱਤਾ ਹੈ ਕਿ ਉਸ ਨੂੰ ਮਰਿਯਾਦਾ ਦਾ ਪਤਾ ਨਹੀਂ ਸੀ। ਉਸ ਨੂੰ ਦੂਸਰੀ ਵਾਰ ਇਸ ਲਈ ਮੁਆਫ਼ੀ ਮੰਗਣੀ ਪਈ, ਕਿਉਂਕਿ ਪਹਿਲੀ ਵੀਡੀਓ ਚ ਉਹ ਜੇਬਾਂ ਚ ਹੱਥ ਪਾ ਕੇ ਖੜ੍ਹਾ ਸੀ। ਇਸ ਕਾਰਨ ਸਿੱਖ ਸ਼ਰਧਾਲੂਆਂ ਨੂੰ ਉਸ ਦਾ ਮੁਆਫ਼ੀ ਮੰਗਣ ਦਾ ਤਰੀਕਾ ਪਸੰਦ ਨਹੀਂ ਆਇਆ ਸੀ। ਇਸ ਕਾਰਨ ਨੌਜਵਾਨ ਨੇ ਦੁਬਾਰਾ ਇੱਕ ਹੋਰ ਵੀਡੀਓ ਪੋਸਟ ਕਰਕੇ ਦੁਬਾਰਾ ਵੀ ਮਾਫੀ ਮੰਗੀ ਸੀ।
- PTC NEWS