Tue, Aug 25, 2026
Whatsapp

Amritsar grenade attack: ਪੰਚਾਇਤੀ ਚੋਣਾਂ ਦੀ ਰੰਜਿਸ਼ ਨਾਲ ਜੁੜਿਆ ਸੀ ਗ੍ਰਨੇਡ ਹਮਲਾ; ਮਹਿਲਾ ਸਮੇਤ ਤਿੰਨ ਕਾਬੂ

ਅੰਮ੍ਰਿਤਸਰ ਦੇ ਸਰਹੱਦੀ ਪਿੰਡ ਜੱਟਾ ਵਿਖੇ ਇੱਕ ਘਰ ’ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਹ ਵਾਰਦਾਤ ਪੁਰਾਣੀ ਰੰਜਿਸ਼, ਸਰਪੰਚੀ ਦੀ ਚੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਪੈਸਿਆਂ ਦੇ ਲਾਲਚ ਨਾਲ ਜੁੜੀ ਹੋਈ ਹੈ।

Reported by:  PTC News Desk  Edited by:  Amritpal Singh -- August 25th 2026 07:52 PM
Amritsar grenade attack: ਪੰਚਾਇਤੀ ਚੋਣਾਂ ਦੀ ਰੰਜਿਸ਼ ਨਾਲ ਜੁੜਿਆ ਸੀ ਗ੍ਰਨੇਡ ਹਮਲਾ; ਮਹਿਲਾ ਸਮੇਤ ਤਿੰਨ ਕਾਬੂ

Amritsar grenade attack: ਪੰਚਾਇਤੀ ਚੋਣਾਂ ਦੀ ਰੰਜਿਸ਼ ਨਾਲ ਜੁੜਿਆ ਸੀ ਗ੍ਰਨੇਡ ਹਮਲਾ; ਮਹਿਲਾ ਸਮੇਤ ਤਿੰਨ ਕਾਬੂ

ਅੰਮ੍ਰਿਤਸਰ: ਅੰਮ੍ਰਿਤਸਰ ਦੇ ਸਰਹੱਦੀ ਪਿੰਡ ਜੱਟਾ ਵਿਖੇ ਇੱਕ ਘਰ ’ਤੇ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਇਹ ਵਾਰਦਾਤ ਪੁਰਾਣੀ ਰੰਜਿਸ਼, ਸਰਪੰਚੀ ਦੀ ਚੋਣ ਨੂੰ ਲੈ ਕੇ ਚੱਲ ਰਹੇ ਵਿਵਾਦ ਅਤੇ ਪੈਸਿਆਂ ਦੇ ਲਾਲਚ ਨਾਲ ਜੁੜੀ ਹੋਈ ਹੈ। 

ਅੰਮ੍ਰਿਤਸਰ ਬਾਰਡਰ ਰੇਂਜ ਦੇ ਡੀਆਈਜੀ ਅਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਹਰਮਨਬੀਰ ਸਿੰਘ ਗਿੱਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮਾਮਲੇ ਵਿੱਚ ਦੋ ਮੁੱਖ ਮੁਲਜ਼ਮਾਂ ਜਗਰੂਪ ਸਿੰਘ ਅਤੇ ਵਿਸ਼ਵਾਸਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੂੰ ਅਦਾਲਤ ਵੱਲੋਂ ਪੰਜ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ।

ਡੀਆਈਜੀ ਨੇ ਦੱਸਿਆ ਕਿ ਇਹ ਵਾਰਦਾਤ ਥਾਣਾ ਰਮਦਾਸ ਦੇ ਇਲਾਕੇ ਵਿੱਚ ਵਾਪਰੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਅਤੇ ਹੋਰ ਜਾਂਚ ਟੀਮਾਂ ਨੇ ਮਿਲ ਕੇ ਜਾਂਚ ਕੀਤੀ। ਐਸਐਸਪੀ ਅੰਮ੍ਰਿਤਸਰ ਦਿਹਾਤੀ ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਟੀਮਾਂ ਨੇ ਤਕਨੀਕੀ ਜਾਂਚ, ਸੀਸੀਟੀਵੀ ਫੁਟੇਜ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮੁਲਜ਼ਮਾਂ ਤੱਕ ਪਹੁੰਚ ਬਣਾਈ।

ਪੁਲਿਸ ਜਾਂਚ ਮੁਤਾਬਕ ਦੋਵਾਂ ਪਿੰਡਾਂ ਦੇ ਕੁਝ ਲੋਕਾਂ ਵਿਚਕਾਰ ਪਿਛਲੇ ਕਾਫ਼ੀ ਸਮੇਂ ਤੋਂ ਆਪਸੀ ਰੰਜਿਸ਼ ਚੱਲ ਰਹੀ ਸੀ। ਇਹ ਵਿਵਾਦ ਸਰਪੰਚੀ ਦੀ ਚੋਣ ਦੌਰਾਨ ਹੋਰ ਵਧ ਗਿਆ। ਦੋਵੇਂ ਧਿਰਾਂ ਆਪਣੇ-ਆਪਣੇ ਗਰੁੱਪ ਦੇ ਵਿਅਕਤੀ ਨੂੰ ਸਰਪੰਚ ਬਣਾਉਣਾ ਚਾਹੁੰਦੀਆਂ ਸਨ। ਪੁਲਿਸ ਅਨੁਸਾਰ ਜਿਸ ਘਰ ਨੂੰ ਗ੍ਰੇਨੇਡ ਨਾਲ ਨਿਸ਼ਾਨਾ ਬਣਾਇਆ ਗਿਆ, ਉੱਥੇ ਰਹਿਣ ਵਾਲੇ ਵਿਅਕਤੀ ਖ਼ਿਲਾਫ਼ ਵੀ ਪਹਿਲਾਂ ਕੁਝ ਮਾਮਲੇ ਦਰਜ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਪੁਲਿਸ ਅਧਿਕਾਰੀ ਦੇ ਅਨੁਸਾਰ, ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਕੁਝ ਦਿਨ ਪਹਿਲਾਂ ਮੁਲਜ਼ਮਾਂ ਦੀ ਹੈਪੀ ਪਸ਼ਿਆਂ ਦੀ ਭੈਣ ਨਾਲ ਕਥਿਤ ਤੌਰ ’ਤੇ ਤਕਰਾਰ ਹੋਈ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਮੁਲਜ਼ਮਾਂ ਨੇ ਅੱਗੇ ਸੰਪਰਕ ਕਰਕੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾਈ। ਪੁਲਿਸ ਦਾ ਦਾਅਵਾ ਹੈ ਕਿ ਇਸ ਤੋਂ ਬਾਅਦ ਇੱਕ ਸਥਾਨਕ ਵਿਅਕਤੀ ਰਾਹੀਂ ਹਮਲੇ ਲਈ ਕਥਿਤ ਤੌਰ ’ਤੇ ਵਿਅਕਤੀਆਂ ਨੂੰ ਹਾਇਰ ਕੀਤਾ ਗਿਆ।

ਡੀਆਈਜੀ ਮੁਤਾਬਿਕ ਹਮਲੇ ਤੋਂ ਕਰੀਬ ਤਿੰਨ-ਚਾਰ ਦਿਨ ਪਹਿਲਾਂ ਵੀ ਦੋਵਾਂ ਧਿਰਾਂ ਵਿਚਕਾਰ ਝਗੜਾ ਹੋਇਆ ਸੀ। ਇਸ ਦੌਰਾਨ ਕਥਿਤ ਤੌਰ ’ਤੇ ਹਵਾਈ ਫਾਇਰਿੰਗ ਵੀ ਕੀਤੀ ਗਈ ਸੀ, ਜਿਸ ਸਬੰਧੀ ਵੱਖਰਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਕਥਿਤ ਤੌਰ ’ਤੇ ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਰਚੀ ਗਈ।

ਜਾਂਚ ਦੌਰਾਨ ਇੱਕ ਮਹਿਲਾ ਸਮੇਤ ਕੁਝ ਹੋਰ ਵਿਅਕਤੀਆਂ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਪੁਲਿਸ ਨੇ ਭੁਪਿੰਦਰ ਕੌਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦੀ ਭੈਣ ਕਿਰਨਦੀਪ ਕੌਰ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਮੁਤਾਬਕ ਦੋਵਾਂ ਨੇ ਕਥਿਤ ਤੌਰ ’ਤੇ ਵਿਦੇਸ਼ ਵਿੱਚ ਬੈਠੇ ਇੱਕ ਵਿਅਕਤੀ ਨਾਲ ਸੰਪਰਕ ਕੀਤਾ ਸੀ। ਡੀਆਈਜੀ ਨੇ ਦੱਸਿਆ ਕਿ ਸਿੰਗਾਪੁਰ ਵਿੱਚ ਬੈਠਾ ‘ਸੈਂਡੀ’ ਨਾਮਕ ਵਿਅਕਤੀ ਇਸ ਮਾਮਲੇ ਦੀ ਇੱਕ ਅਹਿਮ ਕੜੀ ਵਜੋਂ ਸਾਹਮਣੇ ਆਇਆ ਹੈ। ਪੁਲਿਸ ਉਸ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।

ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਹਮਲਾ ਕਰਨ ਲਈ ਕਥਿਤ ਤੌਰ ’ਤੇ ਇੱਕ ਲੱਖ ਰੁਪਏ ਦੇਣ ਦੀ ਗੱਲ ਹੋਈ ਸੀ, ਪਰ ਉਨ੍ਹਾਂ ਨੂੰ ਕਰੀਬ 30 ਹਜ਼ਾਰ ਰੁਪਏ ਹੀ ਦਿੱਤੇ ਗਏ। ਪੁੱਛਗਿੱਛ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮਾਂ ਨੇ ਇੰਟਰਨੈੱਟ ਅਤੇ ਯੂਟਿਊਬ ’ਤੇ ਉਪਲਬਧ ਸਮੱਗਰੀ ਰਾਹੀਂ ਗ੍ਰੇਨੇਡ ਦੀ ਵਰਤੋਂ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਪੁਲਿਸ ਮੁਤਾਬਕ ਹਾਲੇ ਤੱਕ ਕਿਸੇ ਵਿਸ਼ੇਸ਼ ਸੰਗਠਨ ਵੱਲੋਂ ਟ੍ਰੇਨਿੰਗ ਮਿਲਣ ਦੀ ਗੱਲ ਸਾਹਮਣੇ ਨਹੀਂ ਆਈ।

ਪੁਲਿਸ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਪਾਕਿਸਤਾਨ ਤੋਂ ਗ੍ਰੇਨੇਡ ਕਿਸ ਤਰੀਕੇ ਨਾਲ ਭੇਜੇ ਗਏ, ਡਰੋਨ ਦੀ ਡਰਾਪਿੰਗ ਕਿੱਥੇ ਹੋਈ ਅਤੇ ਉੱਥੋਂ ਇਹ ਗ੍ਰੇਨੇਡ ਮੁਲਜ਼ਮਾਂ ਤੱਕ ਕਿਵੇਂ ਪਹੁੰਚੇ। ਪੁਲਿਸ ਵੱਲੋਂ ਇਸ ਨੈੱਟਵਰਕ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੀ ਜਾਂਚ ਕੀਤੀ ਜਾ ਰਹੀ ਹੈ।

ਡੀਆਈਜੀ ਨੇ ਕਿਹਾ ਕਿ ਮਾਮਲੇ ਵਿੱਚ ਹੋਰ ਵੀ ਕਈ ਵਿਅਕਤੀ ਜਾਂਚ ਦੇ ਘੇਰੇ ਵਿੱਚ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਹੋ ਸਕਦੀਆਂ ਹਨ। ਪੁਲਿਸ ਇਹ ਵੀ ਪਤਾ ਲਗਾਏਗੀ ਕਿ ਮੁਲਜ਼ਮਾਂ ਨੇ ਇਸ ਤੋਂ ਪਹਿਲਾਂ ਕਿਸੇ ਹੋਰ ਗੋਲੀਬਾਰੀ, ਹਮਲੇ ਜਾਂ ਅਪਰਾਧਿਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਾਂ ਨਹੀਂ।

ਉਨ੍ਹਾਂ ਕਿਹਾ ਕਿ ਜੱਟਾ ਗ੍ਰੇਨੇਡ ਹਮਲੇ ਦੀ ਜਾਂਚ ਵਿੱਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਆਉਣ ਵਾਲੇ ਦਿਨਾਂ ਵਿੱਚ ਹੋਰ ਨਾਮ ਸਾਹਮਣੇ ਆ ਸਕਦੇ ਹਨ ਅਤੇ ਹੋਰ ਗ੍ਰਿਫ਼ਤਾਰੀਆਂ ਹੋਣ ਦੀ ਸੰਭਾਵਨਾ ਹੈ। ਪੁਲਿਸ ਦਾ ਟੀਚਾ ਸਿਰਫ਼ ਵਾਰਦਾਤ ਨੂੰ ਟਰੇਸ ਕਰਨਾ ਨਹੀਂ, ਸਗੋਂ ਪੂਰੇ ਨੈੱਟਵਰਕ ਨੂੰ ਤੋੜਨਾ ਹੈ, ਤਾਂ ਜੋ ਪੈਸਿਆਂ ਦਾ ਲਾਲਚ ਦੇ ਕੇ ਪੰਜਾਬ ਦੇ ਨੌਜਵਾਨਾਂ ਨੂੰ ਅਪਰਾਧਿਕ ਅਤੇ ਸਰਹੱਦ ਪਾਰ ਦੀਆਂ ਗਤੀਵਿਧੀਆਂ ਵਿੱਚ ਵਰਤਣ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾ ਸਕੇ। 

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK