Punjab Government: ਪੰਜਾਬ ਸਿਰ ਕਰਜ਼ੇ ਦੀ ਪੰਡ ਹੋਵੇਗੀ ਭਾਰੀ, ਜਾਣੋ ਸੂਬੇ ’ਤੇ ਹੁਣ ਕਿੰਨਾ ਹੈ ਕਰਜ਼ਾ ?
Punjab Loan Amount: ਪੰਜਾਬ ਸਿਰ ਕਰਜ਼ ਦੀ ਪੰਡ ਹੌਲੀ ਹੋਣ ਦਾ ਨਾਂਅ ਨਹੀਂ ਲੈ ਰਹੀ। ਪੰਜਾਬ ਸਰਕਾਰ ਵੱਲੋਂ ਇੱਕ ਵਾਰ ਫਿਰ 2 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਚੁੱਕਣ ਦੀ ਤਿਆਰੀ ਕਰ ਲਈ ਗਈ ਹੈ ਅਤੇ 27 ਅਗਸਤ ਨੂੰ ਮਾਰਕਿਟ ਵਿੱਚੋਂ ਇਹ 2 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲਿਆ ਜਾਏਗਾ।
ਇਸ ਲਈ ਬਕਾਇਦਾ ਪੰਜਾਬ ਸਰਕਾਰ ਵਲੋਂ ਐੱਸਜੀਐੱਸ ਬਾਂਡ ਵੀ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ 500 ਕਰੋੜ ਰੁਪਏ ਦਾ ਕਰਜ਼ਾ 7.02 ਫੀਸਦੀ ਵਿਆਜ ਦਰ 'ਤੇ ਲਿਆ ਜਾ ਰਿਹਾ ਹੈ ਤਾਂ 1500 ਕਰੋੜ ਰੁਪਏ ਦਾ ਕਰਜ਼ਾ 7.62 ਫੀਸਦੀ ਦਰ 'ਤੇ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 500 ਕਰੋੜ ਰੁਪਏ ਦਾ ਕਰਜ਼ਾ ਇੱਕ ਜੁਲਾਈ 2030 ਤੱਕ ਅਤੇ 1500 ਕਰੋੜ ਰੁਪਏ ਦਾ ਕਰਜ਼ਾ 1 ਜੁਲਾਈ 2039 ਤੱਕ ਲਈ ਲਿਆ ਜਾ ਰਿਹਾ ਹੈ। ਜਿਸ ਤੋਂ ਸਾਫ਼ ਹੈ ਕਿ ਆਉਣ ਵਾਲੇ 13 ਸਾਲ ਤੱਕ ਪੰਜਾਬ ਦੀ ਜਨਤਾ ਇਸ ਕਰਜ਼ੇ ਦਾ ਬੋਝ ਝੱਲਦੀ ਨਜ਼ਰ ਆਏਗੀ।
ਪੰਜਾਬ ਸਰਕਾਰ ਵੱਲੋਂ ਲਗਾਤਾਰ ਲਏ ਜਾ ਰਹੇ ਕਰਜ਼ੇ ਸਬੰਧੀ ਸਰਕਾਰ ਦੀ ਵਿੱਤੀ ਹਾਲਤ 'ਤੇ ਵੀ ਸੁਆਲ ਖੜ੍ਹੇ ਹੁੰਦੇ ਨਜ਼ਰ ਆ ਰਹੇ ਹਨ, ਕਿਉਂਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਮੇਸ਼ਾ ਹੀ ਕਿਹਾ ਜਾਂਦਾ ਰਿਹਾ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਕਦੇ ਵੀ ਖ਼ਜ਼ਾਨਾ ਖ਼ਾਲੀ ਨਹੀਂ ਹੋਇਆ ਹੈ ਅਤੇ ਹਮੇਸ਼ਾ ਹੀ ਖ਼ਜ਼ਾਨਾ ਭਰਿਆ ਰਿਹਾ ਹੈ। ਇਸ ਦੇ ਬਾਵਜੂਦ ਲਗਾਤਾਰ ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਹੀ ਮਾਰਕਿਟ ਵਿੱਚੋਂ ਨਵਾਂ ਕਰਜ਼ਾ ਲੈਂਦੇ ਹੋਏ ਪੰਜਾਬ ਦੇ ਸਿਰ 'ਤੇ ਕਰਜ਼ੇ ਦੀ ਪੰਡ ਵਧਾਈ ਜਾ ਰਹੀ ਹੈ।
ਪੰਜਾਬ ਦੇ ਸਿਰ 'ਤੇ ਇਸ ਸਮੇਂ 5 ਲੱਖ ਤੋਂ ਜ਼ਿਆਦਾ ਦਾ ਕਰਜ਼ਾ ਚੜ੍ਹ ਚੁੱਕਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਕਰਜ਼ੇ ਦੇ ਬੋਝ ਤੋਂ ਕੋਈ ਰਾਹਤ ਮਿਲਦੀ ਵੀ ਨਜ਼ਰ ਨਹੀਂ ਆ ਰਹੀ ਹੈ, ਉਲਟਾ ਹਰ ਮਹੀਨੇ ਨਵਾਂ ਕਰਜ਼ਾ ਲੈ ਲਿਆ ਜਾਂਦਾ ਹੋ।
ਪੰਜਾਬ ਸਿਰ ਕਰਜ਼ੇ ਦੀ ਪੰਡ ਹੁੰਦੀ ਜਾ ਰਹੀ ਹੋਰ ਭਾਰੀ
ਕੇਂਦਰੀ ਵਿੱਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ਦੇ 28 ਸੂਬਿਆਂ ਵਿੱਚੋਂ ਪੰਜਾਬ ਕਰਜ਼ੇ ਦੇ ਮਾਮਲੇ ਵਿੱਚ 12ਵੇਂ ਸਥਾਨ 'ਤੇ ਹੈ। ਮਾਰਚ 2026 ਤੱਕ ਪੰਜਾਬ 'ਤੇ ਕੁੱਲ ਬਕਾਇਆ ਕਰਜ਼ਾ 4.13 ਲੱਖ ਰੁਪਏ ਕਰੋੜ ਹੋ ਗਿਆ ਹੈ।
ਕਰਜ਼ਾ ਲੈਣ ਵਾਲੇ ਸੂਬਿਆਂ ਦੀ ਸੂਚੀ ’ਚ 12 ਵੇਂ ਨੰਬਰ ’ਤੇ ਪੰਜਾਬ
ਦੇਸ਼ ਵਿੱਚ ਤਾਮਿਲਨਾਡੂ 10.42 ਲੱਖ ਰੁਪਏ ਕਰੋੜ ਦੇ ਕਰਜ਼ੇ ਨਾਲ ਪਹਿਲੇ ਸਥਾਨ 'ਤੇ ਹੈ। ਇਸ ਤੋਂ ਬਾਅਦ ਮਹਾਰਾਸ਼ਟਰ (9.37 ਲੱਖ ਰੁਪਏ ਕਰੋੜ), ਉੱਤਰ ਪ੍ਰਦੇਸ਼ (8.83 ਲੱਖ ਰੁਪਏ ਕਰੋੜ), ਕਰਨਾਟਕ (8.14 ਲੱਖ ਰੁਪਏ ਕਰੋੜ) ਅਤੇ ਪੱਛਮੀ ਬੰਗਾਲ (7.90 ਲੱਖ ਰੁਪਏ ਕਰੋੜ) ਦਾ ਨੰਬਰ ਆਉਂਦਾ ਹੈ। ਗੁਜਰਾਤ 'ਤੇ 5.34 ਲੱਖ ਰੁਪਏ ਕਰੋੜ, ਜਦਕਿ ਬਿਹਾਰ 'ਤੇ 4.03 ਲੱਖ ਰੁਪਏ ਕਰੋੜ ਅਤੇ ਹਰਿਆਣਾ 'ਤੇ 4.02 ਲੱਖ ਰੁਪਏ ਕਰੋੜ ਦਾ ਕਰਜ਼ਾ ਹੈ। ਸਭ ਤੋਂ ਘੱਟ ਕਰਜ਼ਾ ਮਿਜ਼ੋਰਮ 'ਤੇ 14,516 ਰੁਪਏ ਕਰੋੜ ਦਰਜ ਕੀਤਾ ਗਿਆ ਹੈ।
ਮਾਰਚ 2026 ਤੱਕ 4.13 ਲੱਖ ਕਰੋੜ ਦਾ ਕਰਜ਼ਾ
ਪਿਛਲੇ ਦੋ ਸਾਲਾਂ ਦੌਰਾਨ ਪੰਜਾਬ ਨੇ ਲਗਭਗ 67,000 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਹੈ, ਜਦਕਿ ਹਰਿਆਣਾ ਨੇ ਇਸੇ ਅਰਸੇ ਵਿੱਚ ਕਰੀਬ 63,000 ਕਰੋੜ ਰੁਪਏ ਦਾ ਕਰਜ਼ਾ ਚੁੱਕਿਆ ਹੈ।
ਸਾਲ 2022 ’ਚ ਪੰਜਾਬ ’ਤੇ ਸੀ 2.82 ਲੱਖ ਕਰੋੜ ਦਾ ਕਰਜ਼ਾ
ਸਾਲ 2022 ਵਿੱਚ ਪੰਜਾਬ 'ਤੇ ਕਰਜ਼ਾ 2.82 ਲੱਖ ਰੁਪਏ ਕਰੋੜ ਤੋਂ ਵੱਧ ਸੀ, ਜੋ 31 ਮਾਰਚ 2027 ਤੱਕ ਵੱਧ ਕੇ 4.47 ਲੱਖ ਰੁਪਏ ਕਰੋੜ ਤੱਕ ਪਹੁੰਚਣ ਦਾ ਅਨੁਮਾਨ ਹੈ।
- PTC NEWS