Amritsar News : ਸਰਹੱਦ ਪਾਰੋਂ ਹਥਿਆਰ ਤਸਕਰੀ ਦਾ ਪਰਦਾਫਾਸ਼, ਵਿਦੇਸ਼ੀ ਪਿਸਤੌਲਾਂ ਤੇ ਮੋਟਰਸਾਈਕਲ ਸਮੇਤ ਇੱਕ ਤਸਕਰ ਗ੍ਰਿਫ਼ਤਾਰ
Pakistan Linked Smuggler Arrest : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਇੱਕ ਵੱਡੀ ਕਾਰਵਾਈ ਕੀਤੀ ਅਤੇ ਸਰਹੱਦ ਪਾਰ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਇੱਕ ਮਾਡਿਊਲ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਗੈਰ-ਕਾਨੂੰਨੀ ਹਥਿਆਰਾਂ ਦੇ ਵਪਾਰ ਵਿੱਚ ਸ਼ਾਮਲ ਇੱਕ ਮੁਲਜ਼ਮ ਆਕਾਸ਼ਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ ਇੱਕ ਵਿਦੇਸ਼ੀ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਇੱਕ ਮੋਬਾਈਲ ਫੋਨ ਬਰਾਮਦ ਕੀਤਾ।
ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ ਹਥਿਆਰ
ਸੀਨੀਅਰ ਕਪਤਾਨ ਪੁਲਿਸ ਅੰਮ੍ਰਿਤਸਰ ਦਿਹਾਤੀ ਸੁਹੇਲ ਮੀਰ, ਅਦਿੱਤਿਆ ਵਾਰੀਅਰ ਐਸ.ਪੀ (ਡੀ) ਅਤੇ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਹੇਠ ਸਪੈਸ਼ਲ ਸੈੱਲ ਅੰਮ੍ਰਿਤਸਰ ਦਿਹਾਤੀ ਵੱਲੋਂ ਵੱਡੀ ਸਫਲਤਾ ਹਾਸਿਲ ਕਰਦਿਆਂ ਉਪਰੋਕਤ ਮੁਲਜ਼ਮ ਨੂੰ 04 ਪਿਸਤੌਲ ਅਤੇ 06 ਜਿੰਦੇ ਰੌਂਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਸਪੈਸ਼ਲ ਸੈੱਲ ਦੀ ਟੀਮ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਅਕਾਸ਼ਦੀਪ ਸਿੰਘ ਵਾਸੀ ਰਣੀਕੇ ਅਤੇ ਸੁੱਖਾ ਸਿੰਘ ਵਾਸੀ ਅਚਿੰਤਕੋਟ ਦੋਵੇਂ ਪਾਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਵਿੱਚ ਹਨ ਅਤੇ ਉਹਨਾਂ ਪਾਸੋਂ ਡਰੋਨ ਰਾਹੀਂ ਅਸਲੇ ਦੀਆਂ ਵੱਡੀਆਂ ਖੇਪਾਂ ਮੰਗਵਾ ਕੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਹਨ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਪੈਸ਼ਲ ਸੈੱਲ ਦੀ ਟੀਮ ਨੇ ਅਕਾਸ਼ਦੀਪ ਸਿੰਘ ਨੂੰ 04 ਪਿਸਤੌਲ (03 ਪਿਸਤੌਲ .30 ਬੋਰ ਅਤੇ ਇੱਕ 9MM), 06 ਜਿੰਦੇ ਰੌਂਦ (.30 ਬੋਰ), ਇੱਕ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ।
ਇਸ ਸਬੰਧੀ ਅਕਾਸ਼ਦੀਪ ਸਿੰਘ ਅਤੇ ਸੁੱਖਾ ਸਿੰਘ (ਨਾਮਜ਼ਦ) ਖਿਲਾਫ ਥਾਣਾ ਘਰਿੰਡਾ ਵਿੱਚ ਮੁਕੱਦਮਾ ਨੰਬਰ 405 ਮਿਤੀ 10.12.2025, ਧਾਰਾ 25(8) ਅਸਲਾ ਐਕਟ, 61(2) BNS ਤਹਿਤ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ। ਨਾਮਜ਼ਦ ਮੁਲਜ਼ਮ ਸੁੱਖਾ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਵਿੱਚ ਪਤਾ ਲੱਗਾ ਕਿ ਦੋਸ਼ੀ ਪਾਕਿਸਤਾਨੀ ਹਥਿਆਰ ਸਮੱਗਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ ਅਤੇ ਅਸਲੇ ਦੀ ਇਹ ਖੇਪ ਪੰਜਾਬ ਦੀ ਅਮਨ-ਸ਼ਾਂਤੀ ਨੂੰ ਖਰਾਬ ਕਰਨ ਲਈ ਮੰਗਵਾਈ ਗਈ ਸੀ, ਜੋ ਦੋਵੇਂ ਮੁਲਜ਼ਮ ਡਰੋਨ ਰਾਹੀਂ ਆ ਰਹੀਆਂ ਖੇਪਾਂ ਨੂੰ ਰਸੀਵ ਕਰਦੇ ਅਤੇ ਅੱਗੇ ਗੈਂਗਸਟਰਾਂ ਤੱਕ ਪਹੁੰਚਾਉਂਦੇ ਸਨ।
- PTC NEWS