Amritsar ਪੁਲਿਸ ਨੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਰਸਤਿਆਂ ਤੋਂ ਹਟਾਏ ਕਬਜ਼ੇ
Amritsar News : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਆ ਰਹੇ ਪਵਿੱਤਰ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਸੁਰੱਖਿਆ ਅਤੇ ਆਵਾਜਾਈ ਦੇ ਖ਼ਾਸ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੌਕੇ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਣ ਲਈ ਗੁਰਦੁਆਰਾ ਸ਼ਹੀਦਗੰਜ ਸਾਹਿਬ ਵਿਖੇ ਪਹੁੰਚਦੀਆਂ ਹਨ। ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਪੁਲਿਸ ਵੱਲੋਂ ਹੁਣ ਤੋਂ ਹੀ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਗਈ ਹੈ।
ਟ੍ਰੈਫਿਕ ਪੁਲਿਸ ਨੇ ਖ਼ਾਸ ਕਰਕੇ ਗੁਰਦੁਆਰਾ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਮੁੱਖ ਬਾਜ਼ਾਰ ਵਿੱਚ ਦੁਕਾਨਦਾਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਅਕਸਰ ਦੇਖਿਆ ਜਾਂਦਾ ਹੈ ਕਿ ਦੁਕਾਨਦਾਰਾਂ ਵੱਲੋਂ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਸੜਕ ਤੱਕ ਵਧਾ ਕੇ ਰੱਖਿਆ ਜਾਂਦਾ ਹੈ, ਜਿਸ ਕਾਰਨ ਪੈਦਲ ਚੱਲਣ ਵਾਲੀਆਂ ਸੰਗਤਾਂ ਨੂੰ ਭਾਰੀ ਦਿੱਕਤ ਹੁੰਦੀ ਹੈ। ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਕਿਸੇ ਨੇ ਰਸਤਾ ਰੋਕਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਪੁਲਿਸ ਨੇ ਬੈਟਰੀ ਰਿਕਸ਼ਾ ਚਾਲਕਾਂ ਅਤੇ ਰੇਹੜੀ-ਫੜ੍ਹੀ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਰਸਤਿਆਂ ਵਿੱਚ ਖੜ੍ਹੇ ਹੋ ਕੇ ਜਾਮ ਨਾ ਲਗਾਉਣ। ਪੁਲਿਸ ਅਧਿਕਾਰੀਆਂ ਅਨੁਸਾਰ ਨਿਰਧਾਰਿਤ ਥਾਵਾਂ ਤੋਂ ਇਲਾਵਾ ਕਿਤੇ ਵੀ ਰੁਕਾਵਟ ਪਾਉਣ ਵਾਲੇ ਵਾਹਨਾਂ ਨੂੰ ਤੁਰੰਤ ਹਟਾਇਆ ਜਾਵੇਗਾ। ਅੰਮ੍ਰਿਤਸਰ ਪੁਲਿਸ ਪ੍ਰਸ਼ਾਸਨ, ਨਗਰ ਨਿਗਮ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਲ ਕੇ ਸੰਗਤਾਂ ਦੀ ਸਹੂਲਤ ਲਈ ਪੁਖ਼ਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਨੇ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੂਰੀ ਨਿਮਰਤਾ, ਸ਼ਾਂਤੀ ਅਤੇ ਸ਼ਰਧਾ ਨਾਲ ਦਰਸ਼ਨ-ਦੀਦਾਰੇ ਕਰਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦਿਆਂ ਪ੍ਰਸ਼ਾਸਨ ਨੂੰ ਸਹਿਯੋਗ ਦੇਣ।
- PTC NEWS