Amritsar Police ਨੂੰ ਨਸ਼ੇ ਖਿਲਾਫ਼ ਵੱਡੀ ਕਾਮਯਾਬੀ, ਦੇਵੀਦਾਸਪੁਰਾ 'ਚ ਤਸਕਰ ਦੇ ਘਰੋਂ 23 ਕਿੱਲੋ ਹੈਰੋਇਨ ਕੀਤੀ ਬਰਾਮਦ
Amritsar Police seized 23KG Heroine : ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ 23 ਕਿੱਲੋਗ੍ਰਾਮ ਹੈਰੋਇਨ ਬਰਾਮਦ ਬਰਾਮਦ ਕੀਤੀ ਹੈ।
ਅੰਮ੍ਰਿਤਸਰ ਪੁਲਿਸ ਸੂਤਰਾਂ ਅਨੁਸਾਰ ਸੀ.ਆਈ.ਏ. ਸਟਾਫ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਯੂ.ਐਸ.ਏ. ਬੈਠੇ ਡਰੱਗ ਸਮੱਗਲਰ ਜਸਮੀਤ ਸਿੰਘ ਉਰਫ ਲੱਕੀ ਦੇ ਸਾਥੀ ਸਾਹਿਲਪ੍ਰੀਤ ਸਿੰਘ ਉਰਫ ਕਰਨ ਪੁੱਤਰ ਕਰਮ ਚੰਦ ਵਾਸੀ ਪਿੰਡ ਦੇਵੀਦਾਸਪੁਰਾ ਦੇ ਘਰੋਂ 23 ਕਿਲੋ ਹੈਰੋਇਨ ਦੀ ਖੇਪ ਨੂੰ ਬ੍ਰਾਮਦ ਕਰਕੇ ਨਸ਼ਾ ਤਸਕਰੀ ਦੇ ਇੱਕ ਵੱਡੇ ਨੈਟਵਰਕ ਨੂੰ ਵੱਡਾ ਝਟਕਾ ਦਿੱਤਾ ਹੈ।
ਪੁਲਿਸ ਅਨੁਸਾਰ ਮਿਤੀ 04-03-2025 ਨੂੰ ਸੂਚਨਾ ਮਿਲੀ ਕਿ ਸਾਹਿਲਪ੍ਰੀਤ ਸਿੰਘ ਉਰਫ ਕਰਨ, ਜੋ ਕਿ ਦੇਵੀ ਦਾਸਪੁਰਾ ਦਾ ਰਹਿਣ ਵਾਲਾ ਹੈ, ਯੂ.ਐਸ.ਏ. ਬੈਠੇ ਡਰੱਗ ਸਮੱਗਲਰ ਜਸਮੀਤ ਸਿੰਘ ਉਰਫ ਲੱਕੀ ਵੱਲੋਂ ਸਰਹੱਦ ਪਾਰੋਂ ਮੰਗਵਾਈਆਂ ਹੈਰੋਇਨ ਦੀਆ ਖੇਪਾਂ ਨੂੰ ਹੈਂਡਲ ਕਰਦਾ ਹੈ। ਸਾਹਿਲ, ਜਸਮੀਤ ਸਿੰਘ ਦੀਆਂ ਖੇਪਾਂ ਲਈ ਸਟੋਰ ਹਾਊਸ ਦਾ ਕੰਮ ਕਰਦਾ ਹੈ ਅਤੇ ਅਗਾਂਹ ਦੂਜੇ ਸਮੱਗਲਰਾਂ ਨੂੰ ਸਪਲਾਈ ਕਰਦਾ ਹੈ। ਹੁਣ ਵੀ ਸਾਹਿਲ ਨੂੰ ਹੈਰੋਇਨ ਦੀ ਇੱਕ ਵੱਡੀ ਖੇਪ ਹਾਸਲ ਹੋਈ ਹੈ, ਜੋ ਕਿ ਉਸ ਨੇ ਆਪਣੇ ਘਰ ਵਿੱਚ ਕਿਤੇ ਲੁਕਾ ਕੇ ਰੱਖੀ ਹੈ।
ਇਸ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸੀ.ਆਈ.ਏ. ਸਟਾਫ ਵੱਲੋਂ ਸਾਹਿਲ ਉਕਤ ਦੇ ਘਰ ਰੇਡ ਕੀਤੀ ਗਈ, ਪਰ ਸਾਹਿਲ ਘਰ ਨਹੀਂ ਮਿਲਿਆਂ, ਪ੍ਰੰਤੂ ਪੁਲਿਸ ਟੀਮ ਵੱਲੋਂ ਉਕਤ ਦੇ ਘਰ ਦੀ ਡੂੰਘਾਈ ਨਾਲ ਤਲਾਸ਼ੀ ਕਰਦੇ ਹੋਏ, ਘਰ ਵਿੱਚ ਬਣੇ ਕਬੂਤਰਾਂ ਦੇ ਖੁੱਡੇ ਵਿੱਚੋਂ ਭਾਰੀ ਮਾਤਰਾ ਵਿੱਚ ਹੈਰੋਇਨ ਬਰਾਮਦ ਹੋਈ, ਜੋ ਤੋਲਣ 'ਤੇ 23 ਕਿਲੋ ਹੈਰੋਇੰਨ ਹੋਈ। ਪੁਲਿਸ ਨੇ ਇਸ ਸਬੰਧੀ ਥਾਣਾ ਜੰਡਿਆਲਾ ਵਿਖੇ ਮੁਕੱਦਮਾ ਨੰ. 32 ਮਿਤੀ 04-03-2025 ਜੁਰਮ 21-29-61-85 NDPS ACT ਤਹਿਤ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
- PTC NEWS