ਸੁਖਬੀਰ ਸਿੰਘ ਬਾਦਲ ’ਤੇ ਕਾਤਲਾਨਾ ਹਮਲਾ ਸਿੱਖ ਰਵਾਇਤਾਂ, ਖਾਲਸਾ ਵਿਰਾਸਤ ਤੇ ਸਾਡੇ ਗੁਰੂ ਸਾਹਿਬਾਨ ਵੱਲੋਂ ਦਰਸਾਈਆਂ ਕਦਰਾਂ ਕੀਮਤਾਂ ਤੇ ਸੰਸਥਾਵਾਂ ’ਤੇ ਹਮਲਾ: ਅਕਾਲੀ ਦਲ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਨੇ ਅੱਜ ਸੁਖਬੀਰ ਸਿੰਘ ਬਾਦਲ ’ਤੇ ਹੋਏ ਕਾਤਲਾਨਾ ਹਮਲੇ ਨੂੰ ਸਿੱਖ ਰਵਾਇਤਾਂ, ਖਾਲਸਾ ਵਿਰਾਸਤ ਅਤੇ ਸਾਡੇ ਮਹਾਨ ਗੁਰੂ ਸਾਹਿਬਾਨ ਵੱਲੋਂ ਦਰਸਾਈਆਂ ਕਦਰਾਂ ਕੀਮਤਾਂ ਤੇ ਸੰਸਥਾਵਾਂ ’ਤੇ ਹਮਲਾ ਹੈ।
ਕਮੇਟੀ ਨੇ ਇਸ ਸਾਰੀ ਘਟਨਾ ਨੂੰ ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਅਕਾਲੀ ਦਲ ਦੀ ਸੰਜਮੀ ਲੀਡਰਸ਼ਿਪ ਗੁਰੂ ਸਾਹਿਬਾਨ ਦੇ ਦਰਸਾਏ ਅਨੁਸਾਰ ਜੋ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਨੂੰ ਖਤਮ ਕਰਨ ਦੀ ਡੂੰਘੀ ਸਾਜ਼ਿਸ਼ ਦੇ ਸਪਾਂਸਰ ਪ੍ਰੋਗਰਾਮ ਦਾ ਹਿੱਸਾ ਦੱਸਿਆ।
ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕੀਤੀ। ਕਮੇਟੀ ਨੇ ਕਿਹਾ ਕਿ ਕਾਤਲਾਨਾ ਹਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਤੇ ਪੀਰੀ ਦੇ ਸਿਧਾਂਤ ’ਤੇ ਵੀ ਹਮਲਾ ਹੈ ਅਤੇ ਨਾਲ ਹੀ ਪਵਿੱਤਰ ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ’ਤੇ ਵੀ ਹਮਲਾ ਹੈ ਜਿਸ ’ਤੇ ਸਿੱਖ ਵਿਰੋਧੀ ਹਮਲਾਵਰ ਵੱਲੋਂ ਚਲਾਈ ਗੋਲੀ ਦੇ ਨਿਸ਼ਾਨ ਹਨ। ਉਹਨਾਂ ਕਿਹਾ ਕਿ ਇਹ ਗੋਲੀ ਦਾ ਨਿਸ਼ਾਨ ਇੰਦਰਾ ਗਾਂਧੀਆਂ ਵੱਲੋਂ ਚਲਾਈਆਂ ਗੋਲੀਆਂ ਦੇ ਨਿਸ਼ਾਨ ’ਤੇ ਪਰਦਾ ਪਾਉਣ ਦਾ ਯਤਨ ਹੈ।
ਕਮੇਟੀ ਨੇ ਇਹ ਵੀ ਸਪਸ਼ਟ ਕੀਤਾ ਕਿ ਇਹ ਹਮਲਾ ਅਜਿਹੇ ਹਾਲਾਤ ਪੈਦਾ ਕਰਨ ਦਾ ਯਤਨ ਹੈ ਜਿਸ ਵਿਚ ਸਿੱਖ ਨੌਜਵਾਨਾਂ ਦੇ ਝੂਠੇ ਮੁਕਾਬਲਿਆਂ ਦੇ ਦੌਰ ਦੀ ਨਵੀਂ ਸ਼ੁਰੂਆਤ ਦੇ ਬਹਾਨੇ ਵਜੋਂ ਵਰਤਿਆ ਜਾ ਸਕੇ। ਕਮੇਟੀ ਨੇ ਕਿਹਾ ਕਿ ਜਿਸ ਵਿਅਕਤੀ ਨੇ ਕਾਤਲਾਨਾ ਹਮਲਾ ਕੀਤਾ, ਉਹ ਇਕੱਲਾ ਨਹੀਂ ਬਲਕਿ ਉਸ ਨਾਲ ਕਈ ਹੋਰ ਵਿਅਕਤੀ ਸਾਜ਼ਿਸ਼ ਦਾ ਹਿੱਸਾ ਹਨ। ਉਹ ਤਾਂ ਸਿਰਫ ਤਾਕਤਵਰ ਸਿੱਖ ਵਿਰੋਧੀ ਤਾਕਤਾਂ ਵੱਲੋਂ ਇਕ ਸ਼ਾਰਪ ਸ਼ੂਟਰ ਵਜੋਂ ਕੰਮ ਕਰ ਰਿਹਾ ਸੀ। ਜਿਸ ਦਿਨ ਕਾਤਲਾਨਾ ਹਮਲਾ ਕੀਤਾ ਗਿਆ, ਉਸ ਦਿਨ ਵੀ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੇ ਉਸਨੂੰ ਸਹਾਇਤਾ ਦਿੱਤੀ ਤੇ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣ ਲਈ ਮਾਰਗ ਦਰਸ਼ਨ ਕੀਤਾ। ਕਮੇਟੀ ਨੇ ਕਿਹਾ ਕਿ ਪੁਲਿਸ ਅਫਸਰਾਂ ਵੱਲੋਂ ਆਪਣੇ ਹੀ ਤਿਆਰ ਭੇੜੀਏ ਤੋਂ ਆਪਣੇ ਆਪ ਨੂੰ ਵੱਖ ਕਰਨ ਲਈ ਵਿਖਾਈ ਤੀਰਬਰਤਾ ਤੋਂ ਹੀ ਸਾਬਤ ਹੁੰਦਾ ਹੈ ਕਿ ਇਹ ਸਾਰੇ ਇਕ ਸਾਜ਼ਿਸ਼ ਦਾ ਹਿੱਸਾ ਹਨ।
ਕੋਰ ਕਮੇਟੀ ਨੇ ਪੰਜਾਬ ਪੁਲਿਸ ਵੱਲੋਂ ਘਟਨਾ ਦੀ ਕੀਤੀ ਜਾ ਰਹੀ ਜਾਂਚ ਨੂੰ ਮੁਕੰਮਲ ਤੌਰ ’ਤੇ ਰੱਦ ਕਰ ਦਿੱਤਾ ਅਤੇ ਕਿਹਾ ਕਿ ਉਹ ਪੰਜਾਬ ਦੇ ਰਾਜਪਾਲ ਕੋਲ ਪਹੁੰਚ ਕਰੇਗੀ ਅਤੇ ਨਿਰਪੱਖ ਜਾਂਚ ਦੀ ਮੰਗ ਕਰੇਗੀ।
ਸੀਨੀਅਰ ਆਗੂਆਂ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਐਸ ਪੀ ਹਰਪਾਲ ਸਿੰਘ ਰੰਧਾਵਾ ਦੀ ਭੂਮਿਕਾ ਸ਼ੱਕੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਹਮਲਾਵਰ ਨੂੰ ਸੁਖਬੀਰ ਸਿੰਘ ਬਾਦਲ ਤੱਕ ਪਹੁੰਚਣ ਦਾ ਰਾਹ ਵਿਖਾਇਆ ਅਤੇ ਐਸ ਪੀ ਹਰਪਾਲ ਸਿੰਘ ਰੰਧਾਵਾ ਨੇ ਇਸ ਮਾਮਲੇ ਵਿਚ ਵੱਡੀ ਭੂਮਿਕਾ ਨਿਭਾਈ। ਉਹਨਾਂ ਦੱਸਿਆ ਕਿ ਕਿਵੇਂ ’ਸੇਵਾ’ ਦੇ ਪਹਿਲੇ ਦਿਨ ਐਸ ਪੀ ਨੇ ਯੂਥ ਅਕਾਲੀ ਦਲ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਵੀ ਬਾਦਲ ਤੋਂ ਦੂਰ ਹੋਣ ਵਾਸਤੇ ਆਖਿਆ ਤੇ ਉਹ ਆਪ ਨਰਾਇਣ ਸਿੰਘ ਚੌੜਾ ਨਾਲ ਹੱਥ ਮਿਲਾਉਂਦਾ ਵੇਖਿਆ ਗਿਆ।
ਸੀਨੀਅਰ ਅਕਾਲੀ ਆਗੂਆਂ ਨੇ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਦੀ ਕੱਲ੍ਹ ਮੋਗਾ ਵਿਚ ਦਲ ਖਾਲਸਾ ਦੇ ਪ੍ਰੋਗਰਾਮ ਵਿਚ ਹਾਜ਼ਰੀ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਦਲ ਖਾਲਸਾ ਜਥੇਬੰਦੀ ਤਾਂ ਸੰਵਿਧਾਨ ਵਿਚ ਹੀ ਵਿਸ਼ਵਾਸ ਨਹੀਂ ਰੱਖਦੀ ਤੇ ਖਾਲਿਸਤਾਨ ਦੀ ਹਮਾਇਤੀ ਹੈ ਤੇ ਇਸ ਲਈ ਵਡਾਲਾ ਨੂੰ ਦੋਵੇਂ ਮੁੱਦਿਆਂ ’ਤੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ।
ਕੋਰ ਕਮੇਟੀ ਨੇ ਇਕ ਮਤਾ ਪਾਸ ਕਰ ਕੇ ਇਹ ਵੀ ਕਿਹਾ ਕਿ ਇਹ ਹਮਲਾ ਅਕਾਲੀ ਦਲ ਦੀ ਸੰਜਮ ਵਾਲੀ ਲੀਡਰਸ਼ਿਪ ਨੂੰ ਖ਼ਤਮ ਕਰਨ ਦੀ ਇਕ ਸਾਜ਼ਿਸ਼ ਦਾ ਹਿੱਸਾ ਹੈ। ਕਮੇਟੀ ਨੇ ਸਿੱਖ ਵਿਰੋਧੀ ਤਾਕਤਾਂ ਵੱਲੋਂ ਉਸ ਵੇਲੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਦੀ ਨਿਖੇਧੀ ਕੀਤੀ ਜਦੋਂ ਇਕ ’ਸੇਵਾਦਾਰ’ ਸੁਖਬੀਰ ਸਿੰਘ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਦਰ ’ਤੇ ਸੇਵਾ ਕਰ ਰਿਹਾ ਸੀ। ਕਮੇਟੀ ਨੇ ਕਿਹਾ ਕਿ ਸਾਰੀ ਘਟਨਾ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਰਵੱਈਆ ਬਹੁਤ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਬਜਾਏ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਮਗਰੋਂ ਹਾਲਾਤ ਦੀ ਸਮੀਖਿਆ ਕਰਨ ਦੇ ਮੁੱਖ ਮੰਤਰੀ ਨੇ ਘਟਨਾ ਨੂੰ ਛੁਟਿਆਉਣ ਦਾ ਯਤਨ ਕੀਤਾ। ਕਮੇਟੀ ਨੇ ਏ ਐਸ ਆਈ ਜਸਬੀਰ ਸਿੰਘ ਤੇ ਉਹਨਾਂ ਦੇ ਸਾਥੀਆਂ ਵੱਲੋਂ ਵਿਖਾਈ ਚੌਕਸੀ ਤੇ ਸਵੈ ਸਮਰਪਣ ਦੀ ਭਾਵਨਾ ਦੀ ਸ਼ਲਾਘਾ ਕੀਤੀ ਜਿਸ ਸਦਕਾ ਉਹਨਾਂ ਕਾਤਲਾਨਾ ਹਮਲਾ ਅਸਫਲ ਬਣਾਇਆ ਹਾਲਾਂਕਿ ਜਸਬੀਰ ਸਿੰਘ ਤਾਂ ਉਸ ਦਿਨ ਅਧਿਕਾਰਤ ਤੌਰ ’ਤੇ ਡਿਊਟੀ ’ਤੇ ਹਾਜ਼ਰ ਨਹੀਂ ਸੀ ਤੇ ਉਹ ਆਪ ਆਪਣੀ ਮਰਜ਼ੀ ਨਾਲ ਸ੍ਰੀ ਦਰਬਾਰ ਸਾਹਿਬ ਆਇਆ ਸੀ। ਉਹਨਾਂ ਕਿਹਾ ਕਿ ਉਹ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਕੀਤੇ ਦਾਅਵੇ ਮੁਤਾਬਕ ਤਾਇਨਾਤ 175 ਪੁਲਿਸ ਮੁਲਾਜ਼ਮਾਂ ਦਾ ਹਿੱਸਾ ਨਹੀਂ ਸੀ।
- PTC NEWS