Barnala News : ਬਰਨਾਲਾ ਜ਼ਿਲ੍ਹੇ ਦੇ ਪਿੰਡ ਗਹਿਲ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਨਾਕਾਮ
Barnala News : ਬਰਨਾਲਾ ਜ਼ਿਲ੍ਹੇ ਦੇ ਇਤਹਾਸਿਕ ਪਿੰਡ ਗਹਿਲ ਵਿਖੇ ਅੱਜ ਇਕ ਵਿਅਕਤੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਕੋਸ਼ਿਸ਼ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਪਿੰਡ ਗਹਿਲ ਦੇ ਗੁਰਦੁਆਰਾ ਭਾਈ ਭਗਤੂਆਣਾ ਸਾਹਿਬ ਵਿਖੇ ਇਕ ਵਿਅਕਤੀ ਦਰਬਾਰ ਸਾਹਿਬ ਵਿਚ ਗਿਆ ਸੀ। ਜਦੋਂ ਉਕਤ ਵਿਅਕਤੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਪਰ ਪਾਏ ਰੁਮਾਲਾ ਸਾਹਿਬ ਨੂੰ ਚੁੱਕ ਦਿੱਤਾ ਤਾਂ ਦਰਬਾਰ ਹਾਲ ਵਿੱਚ ਬੈਠੇ ਸੇਵਾਦਾਰ ਨੇ ਉਸਨੂੰ ਲਲਕਾਰਿਆ ਅਤੇ ਉਸਨੂੰ ਰੋਕਿਆ।
ਸੇਵਾਦਾਰ ਵੱਲੋਂ ਲਲਕਾਰਨ 'ਤੇ ਉਕਤ ਵਿਅਕਤੀ ਨੇ ਰੁਮਾਲਾ ਸਾਹਿਬ ਮੁੜ ਰੱਖ ਦਿੱਤਾ ਅਤੇ ਉਕਤ ਵਿਅਕਤੀ ਨੂੰ ਪਿੰਡ ਵਾਸੀਆਂ ਨੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਟੇਕ ਸਿੰਘ ਧਨੌਲਾ, ਸ਼੍ਰੋਮਣੀ ਕਮੇਟੀ ਦੇ ਅੰਤਰਿਮ ਕਮੇਟੀ ਮੈਂਬਰ ਪਰਮਜੀਤ ਸਿੰਘ ਖਾਲਸਾ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਦੇਵ ਸਿੰਘ ਚੂੰਘਾ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਆਰੋਪੀ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਥੇਦਾਰ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬੇਅਦਬੀ ਦੀਆਂ ਘਟਨਾਵਾਂ ਕੀਤੀਆਂ ਜਾ ਰਹੀਆਂ ਹਨ, ਜਿਸਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਸ਼੍ਰੋਮਣੀ ਕਮੇਟੀ ਨੂੰ ਇਸ ਮਾਮਲੇ ਵਿੱਚ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਮੌਕੇ 'ਤੇ ਪਹੁੰਚੇ ਡੀਐਸਪੀ ਮਹਿਲ ਕਲਾਂ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕ ਦਿੱਤੀ ਗਈ ਹੈ, ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ, ਆਰੋਪੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
- PTC NEWS